
ਮੁਹਾਲੀ ਪੁਲੀਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੀਆਂ 3 ਅੌਰਤਾਂ ਸਣੇ 6 ਮੁਲਜ਼ਮ ਗ੍ਰਿਫ਼ਤਾਰ
ਹਫ਼ਤਾ ਪਹਿਲਾਂ ਫੇਜ਼-11 ਦੇ ਮਕਾਨ ਵਿੱਚ ਦਾਖ਼ਲ ਹੋ ਕੇ ਦਿੱਤਾ ਸੀ ਲੁੱਟ ਦੀ ਵਾਰਦਾਤ ਨੂੰ ਅੰਜਾਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਈ:
ਮੁਹਾਲੀ ਪੁਲੀਸ ਨੇ ਇੱਥੋਂ ਦੇ ਫੇਜ਼-11 ਸਥਿਤ ਘਰ ਵਿੱਚ ਇਕੱਲੀ ਅੌਰਤ ਨੂੰ ਜ਼ਖ਼ਮੀ ਕਰਕੇ ਲੁੱਟ-ਖੋਹ ਕਰਨ ਵਾਲੇ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸਪੀ (ਸਿਟੀ) ਅਕਾਸ਼ਦੀਪ ਸਿੰਘ ਅੌਲਖ ਅਤੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਬੀਤੀ 1 ਮਈ ਨੂੰ 3 ਮੋਨੇ ਵਿਅਕਤੀਆਂ ਵੱਲੋਂ ਫੇਜ਼-11 ਦੇ ਇੱਕ ਘਰ ਵਿੱਚ ਦਾਖ਼ਲ ਹੋ ਕੇ ਰਾਧਾ ਰਾਣੀ ਦੇ ਗਲੇ ’ਚੋਂ ਸੋਨੇ ਦੀ ਚੈਨ ਅਤੇ ਕੰਨਾਂ ਵਿੱਚ ਪਾਏ ਸੋਨੇ ਦਾ ਟੌਪਸ ਖੋਹ ਲਏ। ਜਦੋਂ ਅੌਰਤ ਨੂੰ ਹੱਥ ’ਚੋਂ ਸੋਨੇ ਦੀ ਅੰਗੂਠੀ ਕੱਢ ਕੇ ਦੇਣ ਲਈ ਤਾਂ ਪੀੜਤ ਅੌਰਤ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਇੱਕ ਮੁਲਜ਼ਮ ਨੇ ਲੋਹੇ ਦੇ ਦਾਤ ਨਾਲ ਰਾਧਾ ਰਾਣੀ ਦੇ ਸੱਜੇ ਹੱਥ ਦੀਆਂ ਉਂਗਲਾਂ ਵੱਢ ਦਿੱਤੀਆਂ ਅਤੇ ਸਾਰੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਸੀ।
ਐਸਪੀ ਅੌਲਖ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੇ ਫੇਜ਼-11 ਥਾਣੇ ਵਿੱਚ ਧਾਰਾ 323,458, 34 ਤਹਿਤ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲੀਸ ਨੇ ਮੁਲਜ਼ਮ ਬਲਜੀਤ ਕੌਰ ਵਾਸੀ ਪਿੰਡ ਭੀਲਵਾਲ (ਅੰਮ੍ਰਿਤਸਰ) ਹਾਲ ਵਾਸੀ ਸੈਕਟਰ-66 ਮੁਹਾਲੀ ਅਤੇ ਹਰਪ੍ਰੀਤ ਕੌਰ ਵਾਸੀ ਫੇਜ਼-11 ਨੂੰ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਬਲਜੀਤ ਕੌਰ ਦੀ ਪੁੱਛਗਿੱਛ ਉਪਰੰਤ ਰੌਸ਼ਨ ਸਿੰਘ ਵਾਸੀ ਤੰਗੌਰੀ (ਮੁਹਾਲੀ), ਜਸਵਿੰਦਰ ਸਿੰਘ ਤੇ ਗਗਨਦੀਪ ਸਿੰਘ ਵਾਸੀ ਪਿੰਡ ਰੁਪਾਲਹੇੜੀ (ਫਤਹਿਗੜ੍ਹ ਸਾਹਿਬ) ਅਤੇ ਗੁਰਜਿੰਦਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ।
ਪੁਲੀਸ ਅਨੁਸਾਰ ਬਲਜੀਤ ਕੌਰ ਅਤੇ ਹਰਪ੍ਰੀਤ ਕੌਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਗੁਰਮੀਤ ਕੌਰ ਸੈਕਟਰ-71 ਵੀ ਉਨ੍ਹਾਂ ਦੀ ਸਾਥਣ ਹੈ ਅਤੇ ਉਨ੍ਹਾਂ ਨੇ ਉਸ ਨਾਲ ਮਿਲ ਕੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਘੜੀ ਸੀ। ਪੁਲੀਸ ਨੇ ਗੁਰਮੀਤ ਕੌਰ ਅਤੇ ਇਸ ਮਾਮਲੇ ਵਿੱਚ ਨਾਮਜ਼ਦ ਰੌਸ਼ਨ ਸਿੰਘ, ਜਸਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਧਾਰਾ 397, 324, 411, 120-ਬੀ ਤਹਿਤ ਜੁਰਮ ’ਚ ਵਾਧਾ ਕੀਤਾ ਗਿਆ ਹੈ।