ਮੁਹਾਲੀ ਪੁਲੀਸ ਵੱਲੋਂ ਚੋਰੀ ਦੀਆਂ 100 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਅੰਤਰਰਾਜੀ ਚੋਰ ਕਾਬੂ

ਮੁਲਜ਼ਮਾਂ ਕੋਲੋਂ 4 ਲੱਖ ਦੀ ਨਗਦੀ, ਐਕਟਿਵਾ, ਹੀਰੇ ਤੇ ਸੋਨੇ ਦੇ ਗਹਿਣਿਆਂ ਦੇ ਕਈ ਸੈੱਟ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਦਸੰਬਰ:
ਮੁਹਾਲੀ ਪੁਲੀਸ ਨੇ ਚੋਰੀ ਦੀਆਂ 100 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅੰਤਰਰਾਜੀ ਚੋਰ ਰਵੀ ਉਰਫ਼ ਪੁਜਾਰੀ ਵਾਸੀ ਨੇੜੇ ਮੰਦਰ ਮਹਾਦੇਵ ਕਲੋਨੀ, ਪਿੰਜੌਰ (ਹਰਿਆਣਾ) ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਇਸ ਚੋਰ ਨੂੰ ਮੁਹਾਲੀ ਪੁਲੀਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਐਸਪੀ (ਡੀ) ਅਮਨਦੀਪ ਸਿੰਘ ਬਰਾੜ ਅਤੇ ਡੀਐਸਪੀ (ਡੀ) ਗੁਰਸ਼ੇਰ ਸਿੰਘ ਸੰਧੂ ਦੀ ਅਗਵਾਈ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਅਤੇ ਥਾਣਾ ਫੇਜ਼-1 ਦੇ ਐਸਐਚਓ ਇੰਸਪੈਕਟਰ ਸੁਮਿਤ ਮੋਰ ਦੀ ਅਗਵਾਈ ਵਾਲੀ ਟੀਮ ਨੇ ਕਾਬੂ ਕੀਤਾ ਗਿਆ ਹੈ।
ਐੱਸਐੱਸਪੀ ਨੇ ਦੱਸਿਆ ਕਿ ਬੀਤੀ 12-13 ਨਵੰਬਰ ਦੀ ਦਰਮਿਆਨੀ ਰਾਤ ਨੂੰ ਇੱਥੋਂ ਦੇ ਫੇਜ਼-2 ਦੇ ਵਸਨੀਕ ਸੰਜੀਵ ਗਰਗ ਦੇ ਘਰ ਚੋਰੀ ਦੀ ਵਾਰਦਾਤ ਹੋਈ ਸੀ। ਉਸ ਵੇਲੇ ਸੰਜੀਵ ਗਰਗ ਆਪਣੇ ਪਰਿਵਾਰ ਸਮੇਤ ਘਰ ਦੀ ਪਹਿਲੀ ਮੰਜ਼ਲ ’ਤੇ ਸੁੱਤੇ ਪਏ ਸੀ। ਉਨ੍ਹਾਂ ਅਗਲੇ ਦਿਨ ਦੇਖਿਆ ਕਿ ਹੇਠਲੀ ਮੰਜ਼ਲ ’ਤੇ ਕਮਰਾ ਖੁੱਲ੍ਹਾ ਪਿਆ ਸੀ, ਅਲਮਾਰੀ ਦੇ ਤਾਲੇ ਟੁੱਟੇ ਹੋਏ ਸੀ ਅਤੇ ਨਗਦੀ/ਸੋਨੇ ਦੇ ਗਹਿਣੇ ਗਾਇਬ ਸਨ। ਇਸ ਸਬੰਧੀ ਫੇਜ਼-1 ਥਾਣੇ ਵਿੱਚ ਧਾਰਾ 457, 380, 483, 411 ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਰਵੀ ਕੁਮਾਰ ਉਰਫ਼ ਵਿਜੈ ਉਰਫ਼ ਬਾਬਾ ਵਾਸੀ ਨੇੜੇ ਮੰਦਰ ਮਹਾਦੇਵ ਕਲੋਨੀ (ਪਿੰਜੋਰ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਚੋਰੀ ਦੇ ਕਰੀਬ 35 ਮੁਕੱਦਮੇ ਪੰਚਕੂਲਾ, ਚੰਡੀਗੜ੍ਹ, ਪਿੰਜੋਰ ਅਤੇ ਮੁਹਾਲੀ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ। ਇਹ ਵਿਅਕਤੀ ਅਪਰੈਲ 2022 ਵਿੱਚ ਅੰਬਾਲਾ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਉਹ ਮੁਹਾਲੀ ਵਿੱਚ ਕਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ 4 ਲੱਖ ਰੁਪਏ ਦੀ ਨਗਦੀ, ਇੱਕ ਐਕਟਿਵਾ ਸਕੂਟਰ (ਜੋ ਜ਼ੀਰਕਪੁਰ ਤੋਂ ਚੋਰੀ ਹੋਇਆ ਸੀ), ਹੀਰੇ ਅਤੇ ਸੋਨੇ ਗਹਿਣਿਆਂ ਦੇ ਡੇਢ ਦਰਜਨ ਦੇ ਕਰੀਬ ਸੈੱਟ ਵੀ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕਰ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਚੋਰੀ ਦੇ ਮਾਮਲਿਆਂ ਸਬੰਧੀ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…