Nabaz-e-punjab.com

ਮੁਹਾਲੀ ਪੁਲੀਸ ਵੱਲੋਂ ਦਿੱਲੀ ਹਵਾਈ ਅੱਡੇ ਤੋਂ ਬੱਬਰ ਖਾਲਸਾ ਦਾ ਕਾਰਕੁਨ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜਨਵਰੀ:
ਮੁਹਾਲੀ ਪੁਲੀਸ ਨੇ ਬੱਬਰ ਖਾਲਸਾ ਨਾਲ ਸਬੰਧਤ ਇੱਕ ਵਿਅਕਤੀ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਫੇਜ-1 ਦੇ ਐਸਐਚਓ ਗੁਰਬੰਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਭੁਪਿੰਦਰ ਸਿੰਘ ਉਰਫ਼ ਦਿਲਾਵਰ ਸਿੰਘ ਵਾਸੀ ਪਿੰਡ ਤਾਜਪੁਰ (ਰਾਏਕੋਟ) ਵਜੋਂ ਹੋਈ ਹੈ। ਪੁਲੀਸ ਵੱਲੋਂ ਦਿਲਾਵਰ ਦੇ ਖ਼ਿਲਾਫ ਪਿਛਲੇ ਸਾਲ 29 ਮਈ ਨੂੰ ਫੇਜ-1 ਥਾਣੇ ਵਿੱਚ ਦੇਸ਼ ਵਿਰੋਧੀ ਕਾਰਵਾਈਆਂ ਵਿੱਚ ਹਿੱਸਾ ਲੈਣ ਦੀਆਂ ਧਾਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਸੀ।
ਪੁਲੀਸ ਅਨੁਸਾਰ ਦਿਲਾਵਰ ਸਿੰਘ ’ਤੇ ਪੰਜਾਬ ’ਚ ਬੈਠੇ ਬੱਬਰ ਖਾਲਸਾ ਨਾਲ ਸਬੰਧਤ ਵਿਅਕਤੀਆਂ ਨੂੰ ਹਥਿਆਰ ਖਰੀਦਣ ਲਈ ਫੰਡ ਭੇਜਣ ਦਾ ਦੋਸ਼ ਹੈ। ਉਹ ਪਾਕਿਸਤਾਨ ’ਚ ਬੈਠੇ ਉਨਾਂ ਲੋਕਾਂ ਦੇ ਲਗਾਤਾਰ ਸੰਪਰਕ ’ਚ ਸੀ, ਜੋ ਭਾਰਤ ਖਿਲਾਫ ਦੇਸ਼ ਧ੍ਰੋਹ ਦੀਆਂ ਕਾਰਵਾਈਆਂ ’ਚ ਸ਼ਾਮਲ ਹਨ। ਦਿਲਾਵਰ ਸਿੰਘ ਤੇ ਇਹ ਦੋਸ਼ ਵੀ ਹਨ ਕਿ ਬੱਬਰ ਖਾਲਸਾ ਨਾਲ ਸਬੰਧਤ ਵਿਅਕਤੀਆਂ ਨੂੰ ਫੇਸਬੁੱਕ ਜਾਂ ਵੱਟਸਅੱਪ ਰਾਹੀਂ ਜੋ ਮੈਸਜ ਜਾਂ ਸੰਦੇਸ਼ ਭੇਜੇ ਜਾਂਦੇ ਸਨ, ਉਹ ਗਰੁੱਪ ਐਡਮਿਨ ਸੀ ਅਤੇ ਉਹ ਹੀ ਇਨ੍ਹਾਂ ਨੂੰ ਚਲਾਉਂਦਾ ਸੀ।
ਪੁਲੀਸ ਦਾ ਕਹਿਣਾ ਹੈ ਕਿ ਭੁਪਿੰਦਰ ਸਿੰਘ 2010 ਤੋਂ ਸਾਊਦੀ ਅਰਬ ਵਿੱਚ ਰਹਿ ਰਿਹਾ ਸੀ ਅਤੇ ਮੁਹਾਲੀ ਪੁਲੀਸ ਵਲੋਂ ਉਸ ਖ਼ਿਲਾਫ਼ ਰੈਡ ਕਾਰਨਰ ਨੋਟਿਸ ਜਾਰੀ ਕਰਵਾਉਣ ਉਪਰੰਤ ਉਥੋਂ ਦੀ ਸਰਕਾਰ ਨੇ ਭੁਪਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਹ ਪਿਛਲੇ 8 ਮਹੀਨਿਆਂ ਤੋਂ ਸਾਊਦੀ ਅਰਬ ਦੇਸ਼ ਦੀ ਜੇਲ੍ਹ ਵਿੱਚ ਸੀ।
ਪੁਲੀਸ ਮੁਤਾਬਕ ਇਸ ਮਾਮਲੇ ਵਿੱਚ ਦਿਲਾਵਰ ਸਿੰਘ ਦੇ 11 ਸਾਥੀਆਂ ਹਰਵਰਿੰਦਰ ਸਿੰਘ ਵਾਸੀ ਪ੍ਰਤਾਪ ਨਗਰ ਅੰਮ੍ਰਿਤਸਰ, ਅੰਮ੍ਰਿਤਪਾਲ ਕੌਰ ਉਰਫ਼ ਅੰਮ੍ਰਿਤਾ ਵਾਸੀ ਅਕਾਲ ਨਗਰ ਸਲੇਮ ਟਾਵਰੀ ਲੁਧਿਆਣਾ, ਰਣਦੀਪ ਸਿੰਘ ਵਾਸੀ ਜਿੰਦੜ ਗੁਰਦਾਸਪੁਰ, ਜਰਨੈਲ ਸਿੰਘ ਉਰਫ ਕਾਲਾ ਵਾਸੀ ਕਲਾਨੌਰ, ਸਤਨਾਮ ਸਿੰਘ ਵਾਸੀ ਪਿੰਡ ਦੋਧਾ ਗਿੱਦੜਬਾਹਾ, ਪਰਮਿੰਦਰ ਸਿੰਘ ਉਰਫ਼ ਬੰਟੀ ਉਰਫ਼ ਹੈਪੀ ਵਾਸੀ ਬਠਿੰਡਾ, ਰਮਨਦੀਪ ਸਿੰਘ ਉਰਫ ਸੋਨੀ ਵਾਸੀ ਬਠਿੰਡਾ, ਗੌਰਵ ਕੁਮਾਰ ਉਰਫ਼ ਗੌਰਵ ਬਿਹਾਰ, ਸੁਖਪ੍ਰੀਤ ਸਿੰਘ ਉਰਫ਼ ਸੁੱਖਾ ਵਾਸੀ ਕਲਾਨੌਰ, ਤਰਸੇਮ ਸਿੰਘ ਉਰਫ਼ ਸਿੰਮੀ ਵਾਸੀ ਬਠਿੰਡਾ ਅਤੇ ਮੋਹਕਮ ਸਿੰਘ ਉਰਫ਼ ਸੂਰਜ ਵਾਸੀ ਬਰਨਾਲਾ ਨੂੰ ਅਸਲੇ ਸਮੇਤ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਨੂੰ ਅੱਜ ਮੁਹਾਲੀ ਦੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਦਿਲਾਵਰ ਨੂੰ 11 ਜਨਵਰੀ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …