ਮੁਹਾਲੀ ਪੁਲੀਸ ਵੱਲੋਂ ਠੱਗੀ ਦੇ ਮਾਮਲੇ ਵਿੱਚ ਜਾਅਲੀ ਏਡੀਜੀਪੀ ਗ੍ਰਿਫ਼ਤਾਰ

ਜਲੰਧਰ ਦੇ ਟਰੈਵਲ ਏਜੰਟ ਨਾਲ ਮਾਰੀ ਠੱਗੀ, ਕ੍ਰਿਕੇਟ ਖਿਡਾਰੀ ਰਿਸ਼ਵ ਪੰਤ ਨਾਲ ਵੀ ਮਾਰ ਚੁੱਕਾ ਹੈ ਠੱਗੀ

ਨਬਜ਼-ਏ-ਪੰਜਾਬ, ਮੁਹਾਲੀ, 31 ਜੁਲਾਈ:
ਮੁਹਾਲੀ ਪੁਲੀਸ ਨੇ ਖ਼ੁਦ ਨੂੰ ਏਡੀਜੀਪੀ ਦੱਸ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮਿਆਂਕ ਸਿੰਘ ਨਾਂਅ ਦੇ ਇਸ ਵਿਅਕਤੀ ਖ਼ਿਲਾਫ਼ ਧਾਰਾ 419 ਤੇ 420, 120-ਬੀ ਦੇ ਤਹਿਤ ਅਪਰਾਧਿਕ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਜਲੰਧਰ ਦੇ ਇੱਕ ਟਰੈਵਲ ਏਜੰਟ ਵਿਜੈ ਕੁਮਾਰ ਡੋਗਰਾ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ।
ਅੱਜ ਇੱਥੇ ਮੀਡੀਆ ਨੂੰ ਇਹ ਜਾਣਕਾਰੀ ਦਿੰਦੇ ਹੋਏ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮ ਵੱਲੋਂ ਵਿਜੈ ਡੋਗਰਾ ਨੂੰ ਫੋਨ ਕਰਕੇ ਕਿਹਾ ਗਿਆ ਸੀ ਕਿ ਉਹ ਏਡੀਜੀਪੀ ਆਲੋਕ ਕੁਮਾਰ ਬੋਲ ਰਿਹਾ ਹੈ। ਉਸ ਨੇ ਟਰੈਵਲ ਏਜੰਟ ਤੋਂ ਆਪਣੀ ਪਤਨੀ ਦੇ ਨਾਮ ਕਲਕੱਤਾ ਤੋਂ ਫਲਾਈਟ ਟਿਕਟ ਅਤੇ ਦਿੱਲੀ ਅਤੇ ਚੰਡੀਗੜ੍ਹ ਦੇ ਹੋਟਲ ਦੀ ਬੁਕਿੰਗ ਕਰਵਾਈ ਸੀ। ਵਿਜੈ ਡੋਗਰਾ ਮੁਲਜ਼ਮ ਵੱਲੋਂ ਖ਼ੁਦ ਨੂੰ ਏਡੀਜੀਪੀ ਦੱਸਣ ਕਾਰਨ ਉਸ ਦੇ ਪ੍ਰਭਾਵ ਵਿੱਚ ਆ ਗਿਆ ਅਤੇ ਮੁਲਜ਼ਮ ਦੇ ਕਹਿਣ ’ਤੇ ਉਸ ਦੀ ਪਤਨੀ ਦੇ ਕਲੱਕਤੇ ਤੋਂ ਆਉਣ ਜਾਣ ਦੀਆਂ ਟਿਕਟਾਂ ਬੁੱੁਕ ਕਰਵਾ ਦਿੱਤੀਆਂ ਅਤੇ ਹੋਟਲ ਰੈਡੀਸਨ ਹਿੱਲ ਵਿੱਚ ਮੁਲਜ਼ਮ ਦੀ ਪਤਨੀ ਦੇ ਨਾਂ ’ਤੇ ਮਹਿੰਗਾ ਕਮਰਾ ਵੀ ਬੁੱਕ ਕਰਵਾ ਦਿੱਤਾ।
ਡੀਐਸਪੀ ਬੱਲ ਨੇ ਦੱਸਿਆ ਕਿ ਬਾਅਦ ਵਿੱਚ ਜਾਅਲੀ ਏਡੀਜੀਪੀ ਨੇ ਵਿਜੈ ਕੁਮਾਰ ਡੋਗਰਾ ਨੂੰ ਫੋਨ ਕਰਕੇ ਵਰੁਣ ਮਸੀਹ ਨਾਂਅ ਦੇ ਵਿਅਕਤੀ ਦੇ ਖ਼ਾਤੇ ਵਿੱਚ 3 ਲੱਖ 75 ਹਜ਼ਾਰ ਰੁਪਏ ਜਮ੍ਹਾ ਕਰਵਾ ਲਏ ਅਤੇ ਬੀਤੀ 29 ਜੁਲਾਈ ਨੂੰ ਵਿਜੈ ਡੋਗਰਾ ਤੋਂ ਆਪਣੇ ਕਿਸੇ ਸਾਥੀ ਨੂੰ 50 ਹਜ਼ਾਰ ਨਗਦ ਵੀ ਦਿਵਾ ਦਿੱਤੇ। ਇਸ ਤਰ੍ਹਾਂ ਮੁਲਜ਼ਮ ਵੱਲੋਂ ਸ਼ਿਕਾਇਤ ਕਰਤਾ ਨਾਲ ਕਰੀਬ ਪੌਣੇ 6 ਲੱਖ ਦੀ ਠੱਗੀ ਮਾਰੀ ਗਈ ਹੈ। ਬਾਅਦ ਵਿੱਚ ਜਦੋਂ ਵਿਜੈ ਡੋਗਰਾ ਨੂੰ ਇਸ ਗੱਲ ਸਮਝ ਆਈ ਕਿ ਉਕਤ ਵਿਅਕਤੀ ਉਸ ਨਾਲ ਠੱਗੀ ਮਾਰ ਰਿਹਾ ਹੈ ਤਾਂ ਉਸ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ। ਡੀਐਸਪੀ ਬੱਲ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਬਾਅਦ ਪੁਲੀਸ ਨੇ ਜਾਅਲੀ ਏਡੀਜੀਪੀ ਨੂੰ ਗ੍ਰਿਫ਼ਤਾਰ ਕਰਕੇ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਇਸ ਤੋਂ ਪਹਿਲਾਂ ਮੁਲਜ਼ਮ ਮੁੰਬਈ ਵਿੱਚ ਕ੍ਰਿਕੇਟ ਖਿਡਾਰੀ ਰਿਸ਼ਵ ਪੰਤ ਨਾਲ ਵੀ ਠੱਗੀ ਮਾਰ ਚੁੱਕਾ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …