ਮੁਹਾਲੀ ਪੁਲੀਸ ਵੱਲੋਂ ਲਗਜ਼ਰੀ ਕਾਰਾਂ ਲੁੱਟ ਖੋਹ ਕਰਨ ਵਾਲੇ ਤਿੰਨ ਮੁਲਾਜ਼ਮ ਗ੍ਰਿਫ਼ਤਾਰ

ਮੁਲਜ਼ਮਾਂ ਕੋਲੋਂ ਚੋਰੀ ਕੀਤੀ ਫਾਰਚੂਨਰ ਗੱਡੀ ਸਮੇਤ ਤਿੰਨ ਪਿਸਟਲ ਤੇ ਕਾਰਤੂਸ ਵੀ ਬਰਾਮਦ ਹੋਏ: ਐਸਐਸਪੀ ਚਾਹਲ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਫਰਵਰੀ:
ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਆਪਣੇ ਦਫ਼ਤਰ ਦੇ ਮੀਟਿੰਗ ਹਾਲ ਵਿੱਚ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕਰਦਿਆਂ ਦੱਸਿਆ ਕਿ ਮੁਹਾਲੀ ਪੁਲੀਸ ਨੇ ਲਗਜ਼ਰੀ ਗੱਡੀਆਂ ਦੀ ਖੋਹ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਮੁਲਜ਼ਮਾਂ ਪਾਸੋਂ ਖੋਹ ਕੀਤੀ ਹੋਈ ਫਾਰਚੂਨਰ ਗੱਡੀ ਅਤੇ ਤਿੰਨ ਪਿਸਟਲ ਅਤੇ ਕਾਰਤੂਸ ਵੀ ਬਰਾਮਦ ਕੀਤੇ ਹਨ।
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਬੀਤੀ ਤਿੰਨ ਫਰਵਰੀ ਦੀ ਰਾਤ ਨੂੰ ਜੀਰਕਪੁਰ ਪੰਚਕੁਲਾ ਰੋਡ ਤੇ ਵੈਸਟਵੁੱਡ ਰਿਜੋਰਟ ਦੇ ਪਾਸੋਂ ਤਿਰਸਾਲ ਚੋਪੜਾ, ਵਾਸੀ ਸੈਕਟਰ 43 ਏ ਚੰਡੀਗੜ੍ਹ ਪਾਸੋਂ ਸਕਾਰਪੀਓ ਗੱਡੀ ਤੇ ਸਵਾਰ ਨਾ ਮਾਲੂਮ ਵਿਅਕਤੀਆਂ ਨੇ ਗੰਨ ਪੁਆਇੰਟ ਤੇ ਉਸ ਪਾਸੋਂ ਫਾਰਚੂਨਰ ਗੱਡੀ ਜਿਸਦਾ ਨੰਬਰ ਸੀ ਐਚ 01 ਏ ਏ 0044 ਦੀ ਖੋਹ ਕੀਤੀ ਸੀ। ਜਿਸ ਸਬੰਧੀ ਥਾਣਾ ਜੀਰਕਪੁਰ ਵਿਚ ਮੁਕੱਦਮਾ ਦਰਜ਼ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਗੱਡੀ ਖੋਹਣ ਵਾਲੇ ਦੋਸ਼ੀਆਂ ਦੀ ਤਲਾਸ ਲਈ ਐਸ.ਪੀ (ਤਫਤੀਸ) ਹਰਵੀਰ ਸਿੰਘ ਅਟਵਾਲ ਅਤੇ ਡੀ.ਐਸ.ਪੀ.(ਤਫਤੀਸ) ਕਮਲਪੀ੍ਰਤ ਸਿੰਘ ਚਾਹਲ ਦੀ ਨਿਗਰਾਨੀ ਹੇਠ ਖੋਹੀ ਹੋਈ ਗੱਡੀ ਨੂੰ ਟਰੇਸ ਕਰਨ ਲਈ ਵੱਖ ਵੱਖ ਪੁਲੀਸ ਪਾਰਟੀਆਂ ਬਣਾਈਆਂ ਸਨ। ਜਿਸ ਤਹਿਤ ਸੀ.ਆਈ.ਏ.ਸਟਾਫ ਮੁਹਾਲੀ ’ਚ ਤੈਨਾਤ ਸੀ-2 ਗੁਰਤੇਜ਼ ਸਿੰਘ ਨੇ ਫੇਜ਼-7 ਮੁਹਾਲੀ ਦੇ ਮਕਾਨ ਨੰਬਰ 1032 ਦੇ ਸਾਹਮਣੇ ਇੱਕ ਫਾਰਚੂਨਰ ਗੱਡੀ ਨੰਬਰ ਸੀ.ਐਚ.03 ਕੇ 7814 ਖੜ੍ਹੀ ਦੇਖੀ ਜਿਸ ਤੇ ਲੱਗਾ ਹੋਇਆ ਨੰਬਰ ਮੌਕੇ ਤੇ ਚੈਕ ਕੀਤਾ ਗਿਆ।
ਜੋ ਕਿ ਸੈਟਰੋ ਕਾਰ ਦਾ ਨੰਬਰ ਦਰਸਾਇਆ ਗਿਆ। ਮਕਾਨ ਮਾਲਕ ਅਮਰਜੀਤ ਸਿੰਘ ਨੇ ਵੀ ਲਾਵਾਰਸ ਖੜ੍ਹੀ ਗੱਡੀ ਸਬੰਧੀ ਕੰਟਰੋਲ ਰੂਮ 100 ਨੰਬਰ ਤੇ ਇਤਲਾਹ ਦਿੱਤੀ। ਜਦੋਂ ਗੱਡੀ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਉਸਦੇ ਸੀਸ਼ੇ ਤੇ ਖੋਹੀ ਹੋਈ ਗੱਡੀ ਦਾ ਨੰਬਰ ਸੀ ਐਚ 01 ਏ ਏ 0044 ਮਿਲਿਆ ਤੇ ਗੁਰਤੇਜ਼ ਸਿੰਘ ਨੇ ਇਸਦੀ ਸੂਚਨਾ ਇੰਚਾਰਜ ਸੀ.ਆਈ.ਏ.ਸਟਾਫ ਮੁਹਾਲੀ ਨੂੰ ਦਿੱਤੀ ਅਤੇ ਮੌਕੇ ਵਾਲੀ ਥਾਂ ਦਾ ਪੁਲੀਸ ਅਧਿਕਾਰੀਆਂ ਨੇ ਪੁੱਜ ਕੇ ਜਾਇਜ਼ਾ ਲਿਆ ਅਤੇ ਗੱਡੀ ਬਰਾਮਦ ਹੋਣ ਵਾਲੀ ਥਾਂ ਨੇੜੇ ਚਲ ਰਹੇ ਪੇਇੰਗ ਗੈਸਟ (ਪੀ.ਜੀ) ਨੂੰ ਸੱਕ ਦੇ ਅਧਾਰ ਤੇ ਚੈੱਕ ਕੀਤਾ ਅਤੇ ਇਸ ਵਿਚ ਰਹਿ ਰਹੇ ਤਿੰਨ ਨੌਜਵਾਨਾਂ ਦੀ ਚੈਕਿੰਗ ਕੀਤੀ। ਜਿਨ੍ਹਾਂ ਵਿੱਚ ਅਜੈਪਾਲ ਸਿੰਘ, ਪਿੰਡ ਮੂਸੇਵਾਲ ਜ਼ਿਲ੍ਹਾ ਮੋਗਾ ਪਾਸੋਂ ਇੱਕ 32 ਬੋਰ ਪਿਸਟਲ, ਤਿੰਨ ਕਾਰਤੂਸ, ਹਰਸਿਮਰਤ ਸਿੰਘ ਉਰਫ਼ ਸਿਮਰਨ ਗਲੀਨੰਬਰ 20 ਕੋਕਾ ਵਾਲੀ ਬਸਤੀ ਥਾਣਾ ਕੈਂਟ ਫਿਰੋਜਪੁਰ, ਜ਼ਿਲ੍ਹਾ ਫਿਰੋਜ਼ਪੁਰ ਪਾਸੋਂ 32 ਬੋਰ ਪਿਸਟਲ, ਤਿੰਨ ਕਾਰਤੂਸ, ਅਰਸਦੀਪ ਸਿੰਘ ਉਰਫ ਅਰਸ ਪਿੰਡ ਲੋਹਗੜ੍ਹ ਜ਼ਿਲ੍ਹਾ ਫਿਰੋਜ਼ਪੁਰ ਪਾਸੋਂ 315 ਬੋਰ ਪਿਸਟਲ ਤਿੰਨ ਕਾਰਤੂਸ ਬਰਾਮਦ ਕੀਤੇ।
ਸ੍ਰੀ ਚਾਹਲ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆਂ ਕਿ 03 ਫਰਵਰੀ ਦੀ ਰਾਤ ਨੂੰ ਉਨ੍ਹਾਂ ਨੇ ਸਕਾਰਪੀਓ ਗੱਡੀ ਨੰਬਰ ਪੀਬੀ 29ਬੀ 9297 ਨੂੰ ਜਾਅਲੀ ਨੰਬਰ ਲਗਾ ਕੇ ਗੱਡੀ ਵਿਚ ਸਵਾਰ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਦੋਸ਼ੀਆਂ ਨੇ ਦੱਸਿਆ ਕਿ ਉਹਨਾਂ ਨੇ 08 ਅਕਤੂਬਰ 2017 ਨੂੰ ਵੀ ਕੇ ਸੀ ਕਰਾਸ ਹੋਟਲ ਪੰਚਕੂਲਾਂ ਦੇ ਪਾਸੋਂ ਇੱਕ ਇਨੋਵਾ ਗੱਡੀ ਨੰਬਰ ਯੂ ਪੀ 32 ਐਫ ਜੈਡ 7970 ਗੰਨ ਪੁਆਇੰਟ ਤੇ ਖੋਹੀ ਸੀ। ਦੋਸ਼ੀਆਂ ਨੇ ਇੱਕ ਵਰਨਾ ਕਾਰ ਐਚ.ਆਰ.03 ਯੂ 1355 ਜੋ ਕਿ 15 ਨਵੰਬਰ 2017 ਨੂੰ ਗੰਨ ਪੁਆਇੰਟ ਤੇ ਪਰ ਸਾਗਰ ਰਤਨ ਅਤੇ ਵਰਨ ਜਿੰਮ ਪੰਚਕੁਲਾ ਦੇ ਸਾਹਮਣੇ ਤੋਂ ਖੋਹੀ ਬਾਰੇ ਵੀ ਦੱਸਿਆ। ਇਸ ਤੋਂ ਇਲਾਵਾ ਇੱਕ ਫਾਰਚੂਨਰ ਕਾਰ ਪੀ.ਬੀ.11 ਬੀ.ਐਸ. 0010 ਮਿਤੀ 06 ਜਨਵਰੀ 2018 ਨੂੰ ਪੰਚਕੁਲਾ ਦੇ ਸੈਕਟਰ 09 ਤੋਂ ਪਿਸਟਲ ਦੀ ਨੋਕ ਤੇ ਖੋਹੀ ਸੀ।
ਇਸ ਤੋਂ ਇਲਾਵਾ ਇੱਕ ਫਾਰਚੂਨਰ ਗੱਡੀ ਪੀ ਬੀ 10 ਐਫ ਯੂ 0501 ਅਗਸਤ 15, 2017 ਨੂੰ ਮੁੱਲਾਂਪੁਰ ਜਗਰਾਓ ਰੋਡ ਤੇ ਸੋਨਾ ਗਰੈਡ ਮੈਰਿਜ ਪੈਲਿਸ ਦੇ ਨਜ਼ਦੀਕ ਤੋਂ ਪਿਸਟਲ ਪੁਆਇੰਟ ਤੇ ਖੋਹਣ ਦੀ ਗੱਲ ਵੀ ਕਬੂਲੀ ਹੈ। ਮੁਲਜ਼ਮਾਂ ਖ਼ਿਲਾਫ਼ ਵੱਖ ਵੱਖ ਥਾਣਿਆਂ ਵਿਚ ਮੁਕੱਦਮੇ ਦਰਜ਼ ਹਨ ਅਤੇ ਇੰਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜ਼ਿਲ੍ਹਾ ਪੁਲੀਸ ਮੁਖੀ ਨੇ ਮੁਹਾਲੀ ਸ਼ਹਿਰ ਸਮੇਤ ਜ਼ਿਲ੍ਹੇ ਦੇ ਸਮੂਹ ਮਕਾਨ ਮਾਲਕਾਂ ਨੂੰ ਆਪਣੇ ਕਿਰਾਏਦਾਰਾਂ ਸਬੰਧੀ ਸੂਚਨਾ ਆਪਣੇ ਨੇੜਲੇ ਥਾਣੇ ਵਿਚ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਭੈੜੇ ਅਨਸਰਾਂ ’ਤੇ ਕਾਬੂ ਪਾਇਆ ਜਾ ਸਕੇਗਾ ਜਿਸ ਨਾਲ ਮਕਾਨ ਮਾਲਕਾਂ ਦੀ ਵੀ ਸੁਰੱਖਿਆ ਵੀ ਹੋਵੇਗੀ। ਪ੍ਰੈਸ ਕਾਨਫਰੰਸ ਦੌਰਾਨ ਐਸਪੀ ਹਰਵੀਰ ਸਿੰਘ ਅਟਵਾਲ, ਡੀਐਸਪੀ ਕਮਲਪ੍ਰੀਤ ਸਿੰਘ ਚਾਹਲ, ਸੀਆਈਏ ਇੰਚਾਰਜ ਤਰਲੋਚਨ ਸਿੰਘ ਤੇ ਥਾਣਾ ਮੁਖੀ ਜ਼ੀਰਕਪੁਰ ਪਵਨ ਕੁਮਾਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…