
ਮੁਹਾਲੀ ਪੁਲੀਸ ਵੱਲੋਂ ਚੋਰੀਆਂ ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ
ਮੁਲਜ਼ਮਾਂ ਕੋਲੋਂ ਚਾਰ ਕਾਰਾਂ, ਦੋ ਮੋਟਰ ਸਾਈਕਲ ਤੇ 4 ਮੋਬਾਈਲ ਫੋਨ ਬਰਾਮਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਾਰਚ:
ਮੁਹਾਲੀ ਪੁਲੀਸ ਵੱਲੋਂ ਚੋਰੀਆਂ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਹਾਲੀ ਦੇ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਅੱਜ ਇੱਥੇ ਪ੍ਰੈੱਸ ਕਾਨਫੰਰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਗੁਰਜੰਟ ਸਿੰਘ ਅਤੇ ਹਰਸ਼ ਕੁਮਾਰ ਦੋਵੇਂ ਵਾਸੀ ਮੌਲੀ ਬੈਦਵਾਨ ਅਤੇ ਸ਼ੇਰ ਸਿੰਘ ਵਾਸੀ ਦੀਪ ਨਗਰ ਕਲੋਨੀ ਸੋਹਾਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ’ਚੋਂ ਗੁਰਜੰਟ ਸਿੰਘ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ ਜਦੋਂਕਿ ਬਾਕੀ ਦੋਵੇਂ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਚਾਰ ਹੋਰ ਸਾਥੀਆਂ ਗੁਰਪ੍ਰੀਤ ਸਿੰਘ ਤੇ ਸ਼ਾਂਗਾ ਦੋਵੇਂ ਵਾਸੀ ਮੌਲੀ ਬੈਦਵਾਨ, ਪੱਪੂ ਵਾਸੀ ਪਿੰਡ ਪੱਤੋਂ ਅਤੇ ਰਾਹੁਲ ਕੁਮਾਰ ਵਾਸੀ ਸੰਨੀ ਐਨਕਲੇਵ ਖਰੜ ਫਿਲਹਾਲ ਪੁਲੀਸ ਦੀ ਗ੍ਰਿਫ਼ਤਾਰ ਤੋਂ ਬਾਹਰ ਹਨ। ਜਿਨ੍ਹਾਂ ਦੀ ਭਾਲ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਕਤ ਮੁਲਜ਼ਮਾਂ ਦੇ ਖ਼ਿਲਾਫ਼ ਸੈਂਟਰਲ ਥਾਣਾ ਫੇਜ਼-8 ਵਿੱਚ ਕੇਸ ਦਰਜ ਕੀਤਾ ਗਿਆ ਹੈ।
ਐਸਪੀ ਵਿਰਕ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਚੋਰੀ ਅਤੇ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਨੂੰ ਹੱਲ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਪਿੰਡ ਕੁੰਭੜਾ, ਸੋਹਾਣਾ, ਲਾਲੜੂ, ਬਲਟਾਣਾ ਅਤੇ ਰੂਪਨਗਰ ਇਲਾਕੇ ’ਚੋਂ ਚੋਰੀ ਤੇ ਖੋਹ ਕੀਤੇ ਕਾਰ ਕਾਰਾਂ, ਦੋ ਮੋਟਰ ਸਾਈਕਲ ਅਤੇ ਚਾਰ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਕੁੰਭੜਾ ਵਿੱਚ ਸਾਈਕਲ ਸਵਾਰ ਤੋਂ ਮੋਬਾਈਲ ਫੋਨ ਖੋਹ ਕੇ ਭੱਜੇ ਗੁਰਜੰਟ ਸਿੰਘ ਨੂੰ ਫੋਰਟਿਸ ਹਸਪਤਾਲ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਕੋਲੋਂ ਮੋਬਾਈਲ ਫੋਨ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗੁਰਜੰਟ ਦੀ ਮੁੱਢਲੀ ਪੁੱਛਗਿੱਛ ਤੋਂ ਬਾਅਦ ਹਰਸ਼ ਕੁਮਾਰ ਅਤੇ ਸ਼ੇਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਨੇ ਦੱਸਿਆ ਕਿ ਉਹ ਆਪਣੇ ਉਕਤ ਫਰਾਰ ਸਾਥੀਆਂ ਨਾਲ ਮਿਲ ਕੇ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਚੋਰੀ ਦੇ ਵਾਹਨ ਅਤੇ ਮੋਬਾਈਲ ਫੋਨ ਅੱਗੇ ਸਸਤੇ ਭਾਅ ਵਿੱਚ ਵੇਚ ਦਿੰਦੇ ਹਨ। ਪੁਲੀਸ ਅਨੁਸਾਰ ਹਰਸ਼ ਕੁਮਾਰ ਐਲਆਈਸੀ ਦਾ ਏਜੰਟ ਰਿਹਾ ਹੈ ਜਦੋਂਕਿ ਗੁਰਜੰਟ ਅਤੇ ਸ਼ੇਰ ਸਿੰਘ ਪੰਜ ਕੁ ਜਮਾਤਾਂ ਪਾਸ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪੈਸਿਆਂ ਦੇ ਲਾਲਚ ਵਿੱਚ ਆ ਕੇ ਚੋਰੀਆਂ ਅਤੇ ਲੁੱਟਾਂ-ਖੋਹਾਂ ਕਰਦੇ ਸੀ। ਉਨ੍ਹਾਂ ਦੱਸਿਆ ਕਿ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰ ਤੋਂ ਬਾਅਦ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਇਸ ਮੌਕੇ ਡੀਐਸਪੀ ਦੀਪ ਕਮਲ ਅਤੇ ਥਾਣਾ ਮੁਖੀ ਰਾਜੇਸ਼ ਅਰੋੜਾ ਵੀ ਹਾਜ਼ਰ ਸਨ।