
ਮੁਹਾਲੀ ਪੁਲੀਸ ਵੱਲੋਂ ਨਾਜਾਇਜ਼ ਸ਼ਰਾਬ ਦੀ ਸਮਗਲਿੰਗ ਦੇ ਦੋਸ਼ ਵਿੱਚ ਦੋ ਮੁਲਜ਼ਮ ਗ੍ਰਿਫ਼ਤਾਰ
ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਆਪਣੀਆਂ ਗੱਡੀਆਂ ਵਿੱਚ ਜਗਤਪੁਰਾ ਇਲਾਕੇ ਵਿੱਚ ਵੇਚਦੇ ਸਨ ਮੁਲਜ਼ਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਦਸੰਬਰ:
ਮੁਹਾਲੀ ਪੁਲੀਸ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ, ਡੀਐਸਪੀ (ਡੀ) ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਵਾਲੀ ਟੀਮ ਪਿੰਡ ਕੰਬਾਲੀ ਵਿੱਚ ਮੌਜੂਦ ਸੀ। ਇਸ ਦੌਰਾਨ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਕਿ ਵਿਕਰਮ ਠਾਕੁਰ ਵਾਸੀ ਪਿੰਡ ਸਲਵਾੜ, ਹਿਮਾਚਲ ਪ੍ਰਦੇਸ਼ ਅਤੇ ਦੀਪਕ ਕੁਮਾਰ ਵਾਸੀ ਪਿੰਡ ਤਸੌਲੀ, ਯੂਪੀ ਦੋਵੇਂ ਹਾਲ ਵਾਸੀ ਪਿੰਡ ਜਗਤਪੁਰਾ ਪਿਛਲੇ ਕਾਫੀ ਸਮੇਂ ਤੋਂ ਚੰਡੀਗੜ੍ਹ ਤੋਂ ਸਸਤੇ ਭਾਅ ਦੀ ਸ਼ਰਾਬ ਲਿਆ ਕੇ ਪਿੰਡ ਜਗਤਪੁਰਾ ਇਲਾਕੇ ਵਿੱਚ ਆਪਣੀਆਂ ਗੱਡੀਆਂ ਫੋਰਡ ਆਈ ਕੋਨ ਅਤੇ ਅਲਟੋ ਵਿੱਚ ਆਪਣੇ ਅੱਡਿਆਂ ਤੋਂ ਗੱਡੀਆਂ ਵਿੱਚ ਰੱਖ ਕੇ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ। ਮੁਲਜ਼ਮਾਂ ਖ਼ਿਲਾਫ਼ ਥਾਣਾ ਸੋਹਾਣਾ ਵਿਖੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪੈੜ ਨੱਪਣ ਲਈ ਪੁਲੀਸ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਇਸ ਦੌਰਾਨ ਪੁਲੀਸ ਨੇ ਜਗਤਪੁਰਾ ਰੇਲਵੇ ਲਾਈਨ ਦੇ ਨਾਲ-ਨਾਲ ਲੰਘਦੇ ਗੰਦੇ ਪਾਣੀ ਦੇ ਨਾਲੇ ਕੋਲ ਇੱਕ ਫੋਰਡ ਆਈ ਕੋਨ ਕਾਰ ਖੜੀ ਦਿਖਾਈ ਦਿੱਤੀ। ਜਿਸ ਪਾਸ ਇੱਕ ਮੋਨਾ ਵਿਅਕਤੀ ਬੈਠਾ ਸੀ, ਜਿਸ ਨੂੰ ਪੁਲੀਸ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਵਿਕਰਮ ਠਾਕੁਰ ਦੱਸਿਆ। ਉਸ ਦੀ ਕਾਰ ਦੀ ਤਲਾਸ਼ੀ ਲੈਣ ’ਤੇ 12 ਪੇਟੀਆਂ ਨਾਜਾਇਜ਼ ਸ਼ਰਾਬ ਮਾਰਕਾ ਜੋਸੀਲਾ ਸੰਤਰਾ ਬਰਾਮਦ ਕੀਤੀਆਂ ਗਈਆਂ। ਜਿਨ੍ਹਾਂ ਸਿਰਫ਼ ਚੰਡੀਗੜ੍ਹ ਵਿੱਚ ਵਿਕਰੀ ਯੋਗ ਲਿਖਿਆ ਸੀ। ਇੰਜ ਹੀ ਪੁਲੀਸ ਦੀ ਦੂਜੀ ਟੀਮ ਨੇ ਜਗਤਪੁਰਾ ਤੋਂ ਫੈਦਾ ਵੱਲ ਨੂੰ ਜਾਂਦੇ ਹੋਏ ਰਸਤੇ ਵਿੱਚ ਖੜੀ ਇੱਕ ਅਲਟੋ ਦੀ ਤਲਾਸ਼ੀ ਲੈਣ ’ਤੇ ਡਿੱਗੀ ’ਚੋਂ 8 ਪੇਟੀਆਂ ਨਾਜਾਇਜ਼ ਸ਼ਰਾਬ ‘ਜੋਸੀਲਾ ਸੰਤਰਾ’ ਬਰਾਮਦ ਕੀਤੀਆਂ ਗਈਆਂ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪੁੱਛਗਿੱਛ ਦੇ ਆਧਾਰ ’ਤੇ ਸੁਖਵਿੰਦਰ ਸਿੰਘ ਉਰਫ਼ ਬਿੱਟੂ ਅਤੇ ਉਸ ਦੇ ਭਰਾ ਪ੍ਰਦੀਪ ਕੁਮਾਰ ਵਾਸੀ ਜ਼ੀਰਕਪੁਰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਜੋ ਉਕਤ ਵਿਅਕਤੀਆਂ ਨਾਲ ਮਿਲਕੇ ਪਿਛਲੇ ਕਾਫੀ ਸਮੇ ਤੋਂ ਮੁਹਾਲੀ ਨੇੜਲੇ ਇਲਾਕਿਆਂ ਵਿੱਚ ਚੰਡੀਗੜ੍ਹ ਤੋਂ ਸ਼ਸਤੀ ਸ਼ਰਾਬ ਲਿਆ ਕੇ ਆਪਣੀਆਂ ਗੱਡੀਆਂ ਵਿੱਚ ਰੱਖ ਕੇ ਵੇਚਦੇ ਆ ਰਹੇ ਹਨ। ਮੁਲਜ਼ਮ ਵਿਰਕਮ ਠਾਕੁਰ ਖ਼ਿਲਾਫ਼ ਪਹਿਲਾਂ ਵੀ ਥਾਣਾ ਸੋਹਾਣਾ ਵਿਖੇ ਕੇਸ ਦਰਜ ਹੈ।