ਮੁਹਾਲੀ ਪੁਲੀਸ ਵੱਲੋਂ ਲੁੱਟਾਂ-ਖੋਹਾਂ ਤੇ ਡਕੈਤੀਆਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼, 5 ਮੁਲਜ਼ਮ ਕਾਬੂ, 1 ਫਰਾਰ

ਮੁਲਜ਼ਮਾਂ ਕੋਲੋਂ ਅਸਲਾ, ਮਾਰੂ ਹਥਿਆਰ ਤੇ ਚੋਰੀ ਦੇ ਤਿੰਨ ਮੋਟਰ ਸਾਈਕਲ ਬਰਾਮਦ

ਮੁਲਜ਼ਮਾਂ ਨੇ ਮੁਹਾਲੀ, ਖਰੜ, ਜ਼ੀਰਕਪੁਰ ਤੇ ਏਅਰਪੋਰਟ ਸੜਕ ’ਤੇ ਕਰੀਬ 200 ਵਾਰਦਾਤਾਂ ਦੀ ਗੱਲ ਮੰਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਾਰਚ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਲੁੱਟਾਂ-ਖੋਹਾਂ ਅਤੇ ਡਕੈਤੀਆਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਪੰਜ ਮੁਲਜ਼ਮਾਂ ਰਾਕੇਸ਼ ਗਿਰੀ, ਸਾਹਰੁੱਖ ਖਾਨ, ਚੰਦਨ, ਨਾਨੂੰ, ਸੋਹਿਲ ਨੂੰ ਅਸਲਾ, ਕਾਰਤੂਸ ਅਤੇ ਹਥਿਆਰ ਦੀ ਨੋਕ ’ਤੇ ਖੋਹੇ ਵਾਹਨਾਂ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 3 ਪਲਸਰ ਮੋਟਰ ਸਾਈਕਲਾਂ ਸਮੇਤ .315 ਬੋਰ ਦਾ 1 ਪਿਸਤੌਲ, 2 ਰੋਂਦ ਅਤੇ ਹੋਰ ਮਾਰੂ ਹਥਿਆਰ ਬਰਾਮਦ ਕੀਤੇ ਗਏ ਹਨ। ਜਦੋਂਕਿ ਇਨ੍ਹਾਂ ਦਾ ਇਕ ਸਾਥੀ ਸੋਨੂੰ ਫਿਲਹਾਲ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਜਿਸ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਐਸਐਸਪੀ ਨੇ ਦੱਸਿਆ ਕਿ ਮੁਹਾਲੀ ਪੁਲੀਸ ਵੱਲੋਂ ਲੁੱਟਾਂ-ਖੋਹਾਂ ਅਤੇ ਡਕੈਤੀਆਂ ਆਦਿ ਵਾਰਦਾਤਾਂ ਨੂੰ ਠੱਲ੍ਹਣ ਲਈ ਵਿੱਢੀ ਮੁਹਿੰਮ ਦੇ ਤਹਿਤ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ, ਡੀਐਸਪੀ (ਡੀ) ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਉਕਤ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ਼ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਕੇਸ਼ ਗਿਰੀ ਵਾਸੀ ਸੁਲਤਾਨਪੁਰ (ਯੂਪੀ) ਹਾਲ ਵਾਸੀ ਪਿੰਡ ਕੈਲੋਂ (ਮੁਹਾਲੀ), ਸਾਹਰੁੱਖ ਖਾਨ ਵਾਸੀ ਬਿਰਾਜਪੁਰ (ਯੂਪੀ) ਹਾਲ ਵਾਸੀ ਭਬਾਤ, ਚੰਦਨ ਵਾਸੀ ਦੁਰੇਟਾ (ਯੂਪੀ) ਭਬਾਤ, ਨਾਨੂੰ ਵਾਸੀ ਪੀਨਾਂ (ਯੂਪੀ) ਹਾਲ ਵਾਸੀ ਭਬਾਤ, ਸੋਹਿਲ ਵਾਸੀ ਮਿਰਜ਼ਾਪੁਰ (ਯੂਪੀ) ਹਾਲ ਵਾਸੀ ਜ਼ੀਰਕਪੁਰ ਅਤੇ ਸੋਨੂੰ ਵਾਸੀ ਜ਼ੀਰਕਪੁਰ ਲ਼ੁੱਟਾਂ-ਖੋਹਾਂ ਕਰਦੇ ਹਨ। ਇਹ ਗਰੋਹ ਮੁਹਾਲੀ ਅਤੇ ਖਰੜ ਇਲਾਕੇ ਵਿੱਚ ਕਾਫ਼ੀ ਸਰਗਰਮ ਹੈ। ਇਨ੍ਹਾਂ ਵਿਅਕਤੀਆਂ ਕੋਲ ਨਾਜਾਇਜ਼ ਅਸਲਾ ਤੇ ਹੋਰ ਮਾਰੂ ਹਥਿਆਰ ਅਤੇ ਚੋਰੀ ਦੇ ਮੋਟਰ ਸਾਈਕਲ ਵੀ ਹਨ। ਇਨ੍ਹਾਂ ’ਚੋਂ ਸੋਨੂੰ ਨੂੰ ਛੱਡ ਕੇ ਬਾਕੀ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲੀਸ ਅਨੁਸਾਰ ਇਹ ਗਰੋਹ ਇਲਾਕੇ ਵਿੱਚ ਨਵੀਂ ਉਸਾਰੀ ਕਲੋਨੀਆਂ ਨੂੰ ਜ਼ਿਆਦਾ ਨਿਸ਼ਾਨਾ ਬਣਾਉਂਦੇ ਸਨ ਅਤੇ ਮੁਹਾਲੀ ਵਿੱਚ ਰਾਤ ਅਤੇ ਸਵੇਰੇ ਤੜਕੇ ਮੂੰਹ ਹਨੇਰੇ ਚੋਰੀ ਕੀਤੇ ਮੋਟਰ ਸਾਈਕਲਾਂ ’ਤੇ ਸਵਾਰ ਹੋ ਕੇ ਰਾਹਗੀਰਾਂ ਅਤੇ ਝੱੁਗੀਆਂ ਅਤੇ ਨਵੇਂ ਮਕਾਨਾਂ ਦੀ ਉਸਾਰੀ ਅਤੇ ਨਿਗਰਾਨੀ ਲਈ ਲੱਗੀ ਲੇਬਰ ਤੋਂ ਅਸਲਾ ਅਤੇ ਮਾਰੂ ਹਥਿਆਰ ਦੀ ਨੋਕ ’ਤੇ ਕੁੱਟਮਾਰ ਕਰਕੇ ਜ਼ਬਰਦਸਤੀ ਨਕਦੀ ਅਤੇ ਮੋਬਾਈਲ ਫੋਨ ਆਦਿ ਖੋਹ ਲੈਂਦੇ ਹਨ। ਜਿਸ ਕਾਰਨ ਲੋਕਾਂ ਵਿੱਚ ਕਾਫੀ ਡਰ ਤੇ ਸਹਿਮ ਹੈ। ਇਸ ਗਰੋਹ ਨੇ ਸੰਨ੍ਹੀ ਐਨਕਲੇਵ ਖਰੜ ਅਤੇ ਆਲੇ ਦੁਆਲੇ ਇਲਾਕੇ ਵਿੱਚ ਲੋਕਾਂ ਅਤੇ ਰਾਹਗੀਰਾਂ ਦੀ ਕੁੱਟਮਾਰ ਕਰਕੇ ਕਾਫ਼ੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ, ਜੋ ਅੱਜ ਵੀ ਪਿੰਡ ਜੰਡਪੁਰ ਸੜਕ ਨੇੜੇ ਕਿੱਕਰਾਂ ਦੇ ਦਰਖਤਾਂ ਦੇ ਝੁੰਡ ਵਿੱਚ ਬੈਠ ਕੇ ਲੁੱਟ ਖੋਹ ਅਤੇ ਡਕੈਤੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਯੋਜਨਾ ਬਣਾ ਰਹੇ ਹਨ। ਪੁਲੀਸ ਨੇ ਉਕਤ ਥਾਂ ’ਤੇ ਛਾਪੇਮਾਰੀ ਕਰਕੇ ਮੁਲਜ਼ਮਾਂ ਨੂੰ ਅਸਲਾ ਅਤੇ ਮਾਰੂ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ। ਪੁਲੀਸ ਮੁਲਜ਼ਮਾਂ ਨੇ ਖ਼ਿਲਾਫ਼ ਖਰੜ ਥਾਣੇ ਵਿੱਚ ਧਾਰਾ 399,402,379,379 ਅਤੇ ਅਸਲਾ ਐਕਟ ਤਹਿਤ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐਸਐਸਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਰੋਹ ਨੇ ਹੁਣ ਤੱਕ ਕਰੀਬ 70 ਤੋਂ 80 ਵਾਰਦਾਤਾਂ ਸੰਨ੍ਹੀ ਐਨਕਲੇਵ ਖਰੜ ਅਤੇ 80 ਤੋਂ 90 ਵਾਰਦਾਤਾ ਜ਼ੀਰਕਪੁਰ ਅਤੇ ਏਅਰਪੋਰਟ ਨੇੜਲੇ ਇਲਾਕੇ ਵਿੱਚ ਕੀਤੀਆਂ ਮੰਨੀਆਂ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦਾ ਵਾਰਦਾਤ ਨੂੰ ਅੰਜਾਮ ਦੇਣ ਦਾ ਤਰੀਕਾ ਇਹ ਸੀ ਕਿ ਉਹ ਦੇਰ ਰਾਤ ਇਕੱਠੇ ਹੋ ਕੇ ਸੁੱਤੇ ਪਏ ਲੋਕਾਂ ਦੀ ਕੁੱਟਮਾਰ ਕਰਕੇ ਲੁੱਟ ਖੋਹ ਕਰਕੇ ਫਰਾਰ ਹੋ ਜਾਂਦੇ ਸੀ। ਪਿਛਲੇ 2-3 ਸਾਲ ਤੋਂ ਇਹ ਗਰੋਹ ਮੁਹਾਲੀ ਅਤੇ ਨਾਲ ਲਗਦੇ ਇਲਾਕੇ ਵਿੱਚ ਸਰਗਰਮ ਸੀ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਲੁੱਟ ਖੋਹ ਅਤੇ ਚੋਰੀ ਦੇ ਕਈ ਪਰਚੇ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In Awareness/Campaigns

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…