ਮੁਹਾਲੀ ਪੁਲੀਸ ਵੱਲੋਂ ਵਾਹਨ ਚੋਰ ਗਰੋਹ ਦਾ ਪਰਦਾਫਾਸ਼, 3 ਗ੍ਰਿਫ਼ਤਾਰ

ਮੁਲਜ਼ਮਾਂ ਕੋਲੋਂ 4 ਬੁਲਟ, 1 ਸਪਲੈਂਡਰ ਅਤੇ 1 ਟੀਵੀਐਸ ਮੋਟਰ ਸਾਈਕਲ ਕੀਤਾ ਬਰਾਮਦ

ਬਾਵਾ ਵਾਈਟ ਹਾਊਸ ਫੇਜ਼-11 ਨੇੜੇ ਨਾਕਾਬੰਦੀ ’ਤੇ ਪਾਈ ਮੁਲਜ਼ਮਾਂ ਦੀ ਗ੍ਰਿਫ਼ਤਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂਨ:
ਮੁਹਾਲੀ ਪੁਲੀਸ ਨੇ ਵਾਹਨ ਚੋਰ ਗਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਕੋਲੋਂ ਚੋਰੀ ਦੇ 6 ਮੋਟਰ ਸਾਈਕਲ (4 ਬੁਲਟ, 1 ਸਪਲੈਂਡਰ ਤੇ 1 ਟੀਵੀਐਸ ਮੋਟਰ ਸਾਈਕਲ) ਵੀ ਬਰਾਮਦ ਕੀਤੇ ਗਏ ਹਨ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਮੁਲਜ਼ਮਾਂ ਸੁਖਵੀਰ ਸਿੰਘ ਉਰਫ਼ ਸੁੱਖਾ, ਰਮਨਪ੍ਰੀਤ ਸਿੰਘ ਅਤੇ ਬਲਵਿੰਦਰ ਸਿੰਘ ਉਰਫ਼ ਰਿੰਕਲ ਦੇ ਖ਼ਿਲਾਫ਼ ਫੇਜ਼-11 ਥਾਣੇ ਵਿੱਚ ਧਾਰਾ 379,411,473 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਐਸਐਸਪੀ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਵਾਹਨ ਚੋਰ ਗਰੋਹ ਦੇ ਕੁੱਝ ਮੈਂਬਰ ਸ਼ੱਕੀ ਹਾਲਾਤ ਵਿੱਚ ਘੁੰਮ ਰਹੇ ਹਨ। ਸੂਚਨਾ ਮਿਲਣ ’ਤੇ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ, ਡੀਐਸਪੀ (ਡੀ) ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੀ ਟੀਮ ਵੱਲੋਂ ਬਾਵਾ ਵਾਈਟ ਹਾਊਸ ਫੇਜ਼-11 ਨਜ਼ਦੀਕੀ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਚੰਡੀਗੜ੍ਹ ਦੀ ਤਰਫ਼ੋਂ ਬੁਲਟ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੀ ਪਛਾਣ ਸੁਖਵੀਰ ਸਿੰਘ ਉਰਫ਼ ਸੁੱਖਾ ਵਾਸੀ ਸ਼ਾਂਤੀਨਗਰ (ਪਟਿਆਲਾ) ਹਾਲ ਵਾਸੀ ਗੁਰੂ ਹਰਗੋਬਿੰਦ ਕਲੋਨੀ, ਬਹਾਦਰਗੜ੍ਹ (ਪਟਿਆਲਾ) ਅਤੇ ਰਮਨਪ੍ਰੀਤ ਸਿੰਘ ਵਾਸੀ ਗੁਰੂ ਨਾਨਕ ਨਗਰ ਬਹਾਦਰਗੜ੍ਹ (ਪਟਿਆਲਾ) ਪਟਿਆਲਾ ਵਜੋਂ ਹੋਈ। ਇਹ ਦੋਵੇਂ ਨਸ਼ਾ ਕਰਨ ਦੇ ਆਦੀ ਹਨ। ਸੁੱਖੇ ਖ਼ਿਲਾਫ਼ ਪਹਿਲਾਂ ਵੀ ਅਰਬਨ ਅਸਟੇਟ ਥਾਣਾ ਪਟਿਆਲਾ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹੈ।
ਰਮਨਪ੍ਰੀਤ ਸਿੰਘ ਮੁਹਾਲੀ ਵਿੱਚ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ ਅਤੇ ਇੱਥੇ ਨੌਕਰੀ ਕਰਦਾ ਸੀ। ਜਿਸ ਨੇ ਇੱਥੇ ਤਿੰਨ ਸਾਲ ਨੌਕਰੀ ਕੀਤੀ। ਇਨ੍ਹਾਂ ਦੋਵਾਂ ਨੇ ਪੈਸਿਆਂ ਦੇ ਲਾਲਚ ਵਿੱਚ ਮੁਹਾਲੀ, ਚੰਡੀਗੜ੍ਹ ਤੋਂ ਆਪਣੇ ਸਾਥੀਆ ਨਾਲ ਮਿਲਕੇ ਬੁਲਟ ਮੋਟਰਸਾਈਕਲ ਚੋਰੀ ਕੀਤੇ ਹਨ। ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਉਨ੍ਹਾਂ ਦੇ ਸਾਥੀ ਬਲਵਿੰਦਰ ਸਿੰਘ ਉਰਫ਼ ਰਿੰਕਲ ਵਾਸੀ ਕਾਂਵਾਵਾਲੀ (ਫਾਜ਼ਿਲਕਾ) ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਬਿਨਾਂ ਨੰਬਰੀ 2 ਬੁਲਟ ਮੋਟਰਸਾਈਕਲ ਬਰਾਮਦ ਕੀਤੇ ਗਏ। ਇਸ ਸਬੰਧੀ ਰਿੰਕਲ ਦੇ ਖ਼ਿਲਾਫ਼ ਪਿਛਲੇ ਸਾਲ 27 ਜੂਨ ਨੂੰ ਕੇਸ ਦਰਜ ਕੀਤਾ ਗਿਆ ਸੀ। ਰਿੰਕਲ ਨੇ ਵੀ ਮੁਹਾਲੀ ਵਿੱਚ ਆਪਣੇ ਸਾਥੀਆਂ ਨਾਲ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦਾ ਸੀ। ਬਾਅਦ ਵਿੱਚ ਇਕ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …