ਮੁਹਾਲੀ ਪੁਲੀਸ ਵੱਲੋਂ ਅੰਤਰਰਾਜੀ ਵਾਹਨ ਚੋਰ ਗਰੋਹ ਦਾ ਪਰਦਾਫਾਸ਼, 6 ਮੁਲਜ਼ਮ ਕਾਬੂ

35 ਗੱਡੀਆਂ, 8 ਦੋਪਹੀਆ ਵਾਹਨ, ਸਕਰੈਪ ਤੇ ਨਗਦੀ ਬਰਾਮਦ, 20 ਮਾਮਲੇ ਹੱਲ ਕਰਨ ਦਾ ਦਾਅਵਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਫਰਵਰੀ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਅੰਤਰਰਾਜੀ ਵਾਹਨ ਚੋਰ ਗਰੋਹ ਦਾ ਪਰਦਾਫਾਸ਼ ਕਰਕੇ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਗੱਡੀਆਂ, ਦੋਪਹੀਆ ਵਾਹਨ, ਸਕਰੈਪ ਅਤੇ ਨਗਦੀ ਵੀ ਬਰਾਮਦ ਕੀਤੀ ਗਈ ਹੈ। ਇਸ ਗੱਲ ਦਾ ਖ਼ੁਲਾਸਾ ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ 20 ਮਾਮਲੇ ਟਰੇਸ ਕੀਤੇ ਗਏ ਹਨ।
ਐੱਸਐੱਸਪੀ ਦੱਸਿਆ ਕਿ ਐਸਪੀ (ਡੀ) ਅਮਨਦੀਪ ਸਿੰਘ ਬਰਾੜ, ਡੀਐਸਪੀ (ਤਫ਼ਤੀਸ਼) ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਦੇ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ 6 ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ 35 ਕਾਰਾਂ, ਸਕੂਟਰ/ਮੋਟਰ ਸਾਈਕਲ ਅਤੇ ਸਕਰੈਪ ਬਰਾਮਦ ਕੀਤੀ ਗਈ ਹੈ। ਇਹ ਗਰੋਹ ਪਿਛਲੇ ਦੋ ਸਾਲਾਂ ਤੋਂ ਮੁਹਾਲੀ ਜ਼ਿਲ੍ਹੇ ਸਮੇਤ ਗੁਆਂਢੀ ਸੂਬਿਆਂ ਹਰਿਆਣਾ, ਦਿੱਲੀ ਅਤੇ ਯੂਪੀ ਖੇਤਰ ’ਚੋਂ ਗੱਡੀਆਂ ਅਤੇ ਦੋਪਹੀਆ ਵਾਹਨ ਚੋਰੀ ਕਰਨ ਲਈ ਸਰਗਰਮੀ ਸੀ।
ਐੱਸਐੱਸਪੀ ਗਰਗ ਨੇ ਦੱਸਿਆ ਕਿ ਵਾਹਨ ਚੋਰੀ ਸਬੰਧੀ ਬੀਤੀ 16 ਜਨਵਰੀ ਨੂੰ ਸੈਂਟਰਲ ਥਾਣਾ ਫੇਜ਼-8 ਵਿੱਚ ਦਰਜ ਕੇਸ ਦੀ ਤਫ਼ਤੀਸ਼ ਦੌਰਾਨ ਪੁਲੀਸ ਨੇ ਇੰਦਰਪ੍ਰੀਤ ਸਿੰਘ ਉਰਫ਼ ਪ੍ਰਿੰਸ ਵਾਸੀ ਪਿੰਡ ਰਾਈਆਵਾਲਾ (ਜਲਾਲਾਬਾਦ), ਗੁਰਵਿੰਦਰ ਸਿੰਘ ਉਰਫ਼ ਗੁਰੀ ਵਾਸੀ ਗੁਰੂ ਤੇਗ ਬਹਾਦਰ ਨਗਰ ਖਰੜ, ਪਰਵਿੰਦਰ ਸਿੰਘ ਉਰਫ਼ ਪਿੰਦੂ ਵਾਸੀ ਪਿੰਡ ਕਮਰਾਵਾਲੀ (ਜਲਾਲਾਬਾਦ), ਰਾਜੇਸ਼ ਕੁਮਾਰ ਉਰਫ਼ ਰਿੰਕੂ ਵਾਸੀ ਜੌਹਲ ਕਲੋਨੀ (ਜਲਾਲਾਬਾਦ), ਸੁਖਰਾਜ ਸਿੰਘ ਉਰਫ਼ ਸੁੱਖਾ ਵਾਸੀ ਪਿੰਡ ਠੱਠਾ (ਤਰਨਤਾਰਨ) ਹਾਲ ਵਾਸੀ ਏਕੇਐਸ ਕਲੋਨੀ ਨੇੜੇ ਫੌਜੀ ਢਾਬਾ ਜ਼ੀਰਕਪੁਰ, ਜਸਪਾਲ ਸਿੰਘ ਉਰਫ਼ ਜੱਸਾ ਵਾਸੀ ਏਕੇਐਸ ਕਲੋਨੀ ਨੇੜੇ ਫ਼ੌਜੀ ਢਾਬਾ ਜ਼ੀਰਕਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਕੋਲੋਂ 35 ਗੱਡੀਆਂ, 8 ਦੋਪਹੀਆ ਵਾਹਨਾਂ ਸਮੇਤ 4,08,150 ਰੁਪਏ ਬਰਾਮਦ ਕੀਤੇ ਗਏ।
ਪੁਲੀਸ ਅਨੁਸਾਰ ਮੁਲਜ਼ਮ ਇੰਦਰਪ੍ਰੀਤ ਪ੍ਰਿੰਸ, ਗੁਰਵਿੰਦਰ ਗੁਰੀ, ਸੁਖਰਾਜ ਸੁੱਖਾ, ਜਸਪਾਲ ਜੱਸਾ ਅਤੇ ਪਰਵਿੰਦਰ ਪਿੰਦੂ ਮਿਲ ਕੇ ਪਹਿਲਾਂ ਮੋਟਰ ਸਾਈਕਲ ਅਤੇ ਸਕੂਟਰ ਦੀ ਵਰਤੋਂ ਕਰਕੇ ਚੋਰੀ ਕਰਨ ਵਾਲੀ ਗੱਡੀਆਂ ਦੀ ਦਿਨ ਸਮੇਂ ਰੈਕੀ ਕਰਦੇ ਸਨ ਅਤੇ ਇਹ ਛੋਟੀਆਂ ਗੱਡੀਆਂ ਨੂੰ ਚੋਰੀ ਕਰਦੇ ਸਨ ਅਤੇ ਸਕਰੈਪ ਡੀਲਰ ਪਾਸ ਆਸਾਨੀ ਨਾਲ 17 ਤੋਂ 20 ਹਜ਼ਾਰ ਰੁਪਏ ਵਿੱਚ ਵੇਚ ਦਿੰਦੇ ਸਨ। ਇਸ ਗਰੋਹ ਵਿੱਚ ਸ਼ਾਮਲ ਇੰਦਰਪ੍ਰੀਤ ਪ੍ਰਿੰਸ ਟਰਾਈਸਿਟੀ ਵਿੱਚ ਟੈਕਸੀ ਚਲਾਉਂਦਾ ਸੀ। ਉਸ ਨੂੰ ਕਾਰਾਂ ਅਤੇ ਮੋਟਰਸਾਈਕਲ ਚੋਰੀ ਕਰਕੇ ਵੇਚ ਕੇ ਪੈਸੇ ਕਮਾਉਣ ਦਾ ਆਸਾਨ ਸਾਧਨ ਲੱਗਦਾ ਸੀ। ਉਹ ਚੋਰੀ ਕੀਤੀਆਂ ਗੱਡੀਆਂ ਨੂੰ ਜਲਾਲਾਬਾਦ ਵਿੱਚ ਮੁਲਜ਼ਮ ਰਾਜੇਸ਼ ਰਿੰਕੂ ਸਕਰੈਪ ਡੀਲਰ ਨੂੰ ਵੇਚ ਦਿੰਦਾ ਸੀ। ਚੋਰੀ ਕੀਤੀਆਂ ਗੱਡੀਆਂ ਨੂੰ ਜਲਾਲਾਬਾਦ ਦੇ ਕਬਾੜੀਆਂ ਵੱਲੋਂ ਸਕਰੈਪ ਬਣਾ ਕੇ ਅੱਗੇ ਮੰਡੀ ਗੋਬਿੰਦਗੜ੍ਹ ਏਰੀਆ ਵਿੱਚ ਵੇਚ ਦਿੱਤਾ ਜਾਂਦਾ ਸੀ।

Load More Related Articles
Load More By Nabaz-e-Punjab
Load More In General News

Check Also

Punjab Police Arrests Four Operatives Of Landa Module After Brief Encounter; Two Grenades, Two Pistols Recovered

Punjab Police Arrests Four Operatives Of Landa Module After Brief Encounter; Two Grenades,…