Share on Facebook Share on Twitter Share on Google+ Share on Pinterest Share on Linkedin ਮੁਹਾਲੀ ਪੁਲੀਸ ਵੱਲੋਂ ਨਵਜੰਮੇ ਬੱਚਿਆਂ ਦੀ ਤਸਕਰੀ ਕਰਨ ਵਾਲਾ ਗਰੋਹ ਦਾ ਪਰਦਾਫਾਸ਼, 4 ਕਾਬੂ ਗਰੋਹ ਦੇ ਮੈਂਬਰਾਂ ਦੇ ਕਬਜ਼ੇ ’ਚੋਂ 5 ਦਿਨ ਦੀ ਨਵਜੰਮੀ ਬੱਚੀ ਵੀ ਕੀਤੀ ਬਰਾਮਦ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜਨਵਰੀ: ਰੂਪਨਗਰ ਰੇਂਜ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ ਸੋਹਾਣਾ ਪੁਲੀਸ ਨੇ ਨਵਜੰਮੇ ਬੱਚੇ ਦੀ ਤਸਕਰੀ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਦੋ ਅੌਰਤਾਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮਾਂ ਨੇ ਬੀਤੇ ਦਿਨੀਂ ਇਹ ਬੱਚੀ ਫਰੀਦਕੋਟ ’ਚੋਂ ਚੋਰੀ ਕੀਤੀ ਸੀ। ਮੁਲਜ਼ਮਾਂ ਨੇ ਬੱਚੀ ਨੂੰ ਖਿਡਾਉਣ ਤੇ ਉਸ ਨਾਲ ਫੋਟੋ ਖਿਚਵਾਉਣ ਲਈ ਮਾਪਿਆਂ ਤੋਂ ਆਪਣੀ ਗੋਦ ਵਿੱਚ ਲਈ ਸੀ ਅਤੇ ਬਾਅਦ ਵਿੱਚ ਅਚਾਨਕ ਮਾਪਿਆਂ ਨੂੰ ਝਕਾਨੀ ਦੇ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸੋਹਾਣਾ ਥਾਣਾ ਦੇ ਐਸਐਚਓ ਇੰਸਪੈਕਟਰ ਗੁਰਚਰਨ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਚਰਨਵੀਰ ਸਿੰਘ ਅਤੇ ਸਾਕਸ਼ੀ (ਦੋਵੇਂ ਵਾਸੀ ਪਟਿਆਲਾ) ਅਤੇ ਮਨਜਿੰਦਰ ਸਿੰਘ ਤੇ ਪਰਵਿੰਦਰ ਕੌਰ (ਦੋਵੇਂ ਵਾਸੀ ਫਰੀਦਕੋਟ) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਮਹਿਜ਼ 5 ਦਿਨ ਦੀ ਨਵਜੰਮੀ ਬੱਚੀ ਨੂੰ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਸੋਹਾਣਾ ਥਾਣੇ ਵਿੱਚ ਮੁਲਜ਼ਮਾਂ ਖ਼ਿਲਾਫ਼ ਧਾਰਾ 370 (5), 120 ਬੀ ਅਤੇ ਜੂਵੈਨਾਈਲ ਜਸਟਿਸ ਪ੍ਰੋਟੈਕਸ਼ਨ ਆਫ਼ ਚਿਲਡਰਨ ਐਕਟ 2015 ਦੀ ਧਾਰਾ 81 ਅਧੀਨ ਪਰਚਾ ਦਰਜ ਕੀਤਾ ਹੈ। ਡੀਐਸਪੀ ਬੱਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਵਿਅਕਤੀਆਂ ਕੋਲੋਂ ਬਰਾਮਦ ਕੀਤੀ ਨਵਜੰਮੀ ਬੱਚੀ ਦੇ ਅਸਲ ਮਾਤਾ ਪਿਤਾ ਫਰੀਦਕੋਟ ਦੇ ਵਸਨੀਕ ਕਿਰਨ ਅਤੇ ਕੁਲਦੀਪ ਕੁਮਾਰ ਹਨ। ਉਨ੍ਹਾਂ ਦੱਸਿਆ ਕਿ ਬੱਚੀ ਨੂੰ ਸਰਕਾਰੀ ਹਸਪਤਾਲ ਫੇਜ਼-6 ਵਿੱਚ ਡਾਕਟਰਾਂ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ ਅਤੇ ਉਸ ਦੇ ਮਾਂ ਬਾਪ ਨੂੰ ਜਾਣਕਾਰੀ ਦੇ ਕੇ ਮੁਹਾਲੀ ਸੱਦਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗਰੋਹ ਦੇ ਮੈਂਬਰ ਵੱਖ-ਵੱਖ ਥਾਵਾਂ ਤੋਂ ਨਵਜੰਮੇ ਬੱਚੇ ਚੋਰੀ ਕਰਕੇ ਅਜਿਹੇ ਲੋਕਾਂ ਨੂੰ ਵੇਚ ਦਿੰਦੇ ਸਨ। ਜਿਨ੍ਹਾਂ ਦੇ ਕੋਈ ਅੌਲਾਦ ਨਹੀਂ ਸੀ ਹੁੰਦੀ। ਉਨ੍ਹਾਂ ਕਿਹਾ ਕਿ ਹੁਣ ਪੁਲੀਸ ਇਹ ਪਤਾ ਲਗਾਉਣ ਵਿੱਚ ਜੁੱਟ ਗਈ ਹੈ ਕਿ ਉਕਤ ਗਰੋਹ ਦੇ ਮੈਂਬਰਾਂ ਨੇ ਹੁਣ ਤੱਕ ਕਿੰਨੇ ਬੱਚਿਆਂ ਦੀ ਤਸਕਰੀ ਕੀਤੀ ਹੈ ਅਤੇ ਉਨ੍ਹਾਂ ਬੱਚਿਆ ਦੇ ਅਸਲ ਮਾਤਾ ਪਿਤਾ ਕੌਣ ਹਨ ਅਤੇ ਇਹ ਬੱਚੇ ਕਿੱਥੇ ਕਿੱਥੇ ਸਪਲਾਈ ਕੀਤੇ ਗਏ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ