ਮੁਹਾਲੀ ਪੁਲੀਸ ਵੱਲੋਂ ਖੂੰਖਾਰ ਕਾਲਾ ਕੱਛਾ ਗਰੋਹ ਦਾ ਪਰਦਾਫਾਸ਼, 3 ਗ੍ਰਿਫ਼ਤਾਰ

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਪੁਲੀਸ ਨੇ ਚਾਰ ਕਤਲ ਸਮੇਤ 13 ਵਾਰਦਾਤਾਂ ਸੁਲਝਾਉਣ ਦਾ ਦਾਅਵਾ

ਟਰਾਈਸਿਟੀ ਸਮੇਤ ਪੰਜਾਬ ਤੇ ਹਰਿਆਣਾ ਵਿੱਚ ਸਰਗਰਮ ਸਨ ਮੁਲਜ਼ਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਨਵੰਬਰ:
ਮੁਹਾਲੀ ਪੁਲੀਸ ਨੇ ਖੂੰਖਾਰ ਇੰਟਰਸਟੇਟ ਕਾਲਾ ਕੱਛਾ ਗਰੋਹ ਦਾ ਪਰਦਾਫਾਸ਼ ਕਰਕੇ ਕਤਲ ਅਤੇ ਸੱਟਾਂ ਮਾਰ ਕੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਤਿੰਨ ਮੈਂਬਰਾਂ ਮੈਚਿੰਗ, ਵਸੀਮ ਯੋਧਾ ਅਤੇ ਰਮਜਾਨ ਉਰਫ਼ ਕੂੜਾ ਨੂੰ ਗ੍ਰਿਫ਼ਤਾਰ ਕਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਤੇ ਹਰਿਆਣਾ ਵਿੱਚ ਹੋਏ ਚਾਰ ਕਤਲ ਸਮੇਤ 13 ਵਾਰਦਾਤਾਂ ਸੁਲਝਾਈਆਂ ਗਈਆਂ ਹਨ। ਮੁਲਜ਼ਮਾਂ ਨੂੰ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ਟੀਮ ਨੇ ਕਾਬੂ ਕੀਤਾ ਹੈ।
ਐਸਐਸਪੀ ਨੇ ਦੱਸਿਆ ਕਿ ਬੀਤੀ 14/15 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਪਿੰਡ ਮਾਜਰਾ ਦੇ ਫਾਰਮ ਹਾਊਸਾਂ ਵਿੱਚ ਲੁਟੇਰਿਆਂ ਨੇ ਅੱਧੀ ਰਾਤ ਵੇਲੇ ਹਮਲਾ ਕਰਕੇ ਕਤਲ ਅਤੇ ਡਕੈਤੀ ਦੀ ਦੋ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਪਹਿਲੀ ਵਾਰਦਾਤ ਵਿੱਚ ਸੰਤ ਕਬੀਰ ਫਾਰਮ ਹਾਊਸ ਵਿੱਚ ਰਾਤ ਸਮੇਂ ਦਾਖ਼ਲ ਹੋ ਕੇ ਮੁਲਜ਼ਮਾਂ ਨੇ ਉੱਥੇ ਸੁੱਤੇ ਪਏ ਨੌਕਰਾਂ ਦੇ ਪਰਿਵਾਰਕ ਮੈਂਬਰਾਂ ਦੇ ਸਿਰਾਂ ਵਿੱਚ ਸੱਟਾ ਮਾਰ ਕੇ ਇੱਕ ਨੇਪਾਲੀ ਦਾ ਕਤਲ ਕਰ ਦਿੱਤਾ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਗੰਭੀਰ ਜ਼ਖ਼ਮੀ ਕਰਕੇ ਉਨ੍ਹਾਂ ਨੂੰ ਬੰਦੀ ਬਣਾ ਕੇ ਸੋਨੇ, ਚਾਂਦੀ ਦੇ ਗਹਿਣੇ ਅਤੇ ਨਕਦੀ ਲੁੱਟ ਲਈ ਸੀ।
ਇਸ ਮਗਰੋਂ ਉਨ੍ਹਾਂ ਨੇ ਕੁਲਦੀਪ ਫਾਰਮ ਹਾਊਸ ’ਤੇ ਰਹਿੰਦੇ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੱਟਾਂ ਮਾਰ ਕੇ ਚਾਂਦੀ ਦੇ ਗਹਿਣੇ ਅਤੇ ਲਗਦੀ ਖੋਹੀ ਗਈ ਸੀ। ਇਸ ਸਬੰਧੀ 15 ਅਕਤੂਬਰ ਨੂੰ ਧਾਰਾ 458, 342, 380, 460, 36 ਤਹਿਤ ਮੁੱਲਾਂਪੁਰ ਗਰੀਬਦਾਸ ਥਾਣੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ ਅਤੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਮੁਲਜ਼ਮਾਂ ਦੀ ਪੈੜ ਨੱਪਣ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ ਅਤੇ ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖੀ ਜਾ ਰਹੀ ਸੀ। ਇਸ ਦੌਰਾਨ ਪੁਲੀਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਐਸਐਸਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਵਾਰਦਾਤਾਂ ਨੂੰ ਯੂਪੀ-ਉਤਰਾਖੰਡ ’ਤੇ ਆਧਾਰਿਤ ਮੈਚਿੰਗ ਨਾਮ ਦੇ ਸਰਗਣਾ ਵੱਲੋਂ ਚਲਾਏ ਜਾ ਰਹੇ ਕਾਲਾ ਕੱਛਾ ਗਰੋਹ ਵੱਲੋਂ ਅੰਜਾਮ ਦਿੱਤਾ ਗਿਆ ਹੈ। ਉਸ ਨੇ ਆਪਣੇ ਗਰੋਹ ਨੂੰ 5-5 ਅਤੇ 7-7 ਮੈਂਬਰਾਂ ਵਿੱਚ ਵੰਡਿਆ ਹੋਇਆ ਹੈ। ਵਾਰਦਾਤ ਤੋਂ ਪਹਿਲਾਂ ਰੈਕੀ ਕਰਦੇ ਸੀ ਅਤੇ ਫਿਰ ਅੱਧੀ ਰਾਤ ਹੋਣ ’ਤੇ ਸਾਈਕਲਾਂ ਉੱਤੇ ਸਵਾਰ ਹੋ ਕੇ ਜਾਂਦੇ ਸੀ ਅਤੇ ਪਰਿਵਾਰ ਦੇ ਸੁੱਤੇ ਹੋਏ ਵਿਅਕਤੀਆਂ ’ਤੇ ਹਮਲਾ ਕਰਕੇ ਲੁੱਟ-ਖੋਹ ਕਰਦੇ ਸੀ।
ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਗਰੋਹ ਦੇ ਸਰਗਣਾ ਮੈਚਿੰਗ ਵਾਸੀ ਮੁਰਾਦਾਬਾਦ ਸਮੇਤ ਵਸੀਮ ਯੋਧਾ ਵਾਸੀ ਪਟੇਰ, ਯੂਪੀ ਅਤੇ ਰਮਜਾਨ ਉਰਫ਼ ਕੂੜਾ ਵਾਸੀ ਕਸੂਰ ਬਸਤੀ, ਦਿੱਲੀ ਜੋ ਵੀ ਪਿੱਛੋਂ ਮੁਰਾਦਾਬਾਦ ਦਾ ਰਹਿਣ ਵਾਲਾ ਹੈ ਨੂੰ ਅੱਜ ਕਸਬਾ ਬੱਦੀ, ਹਿਮਾਚਲ ਪ੍ਰਦੇਸ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਇਸ ਗਰੋਹ ਨੇ ਆਪਣਾ ਟਿਕਾਣਾ ਬੱਦੀ ਬਣਾਇਆ ਹੋਇਆ ਸੀ, ਜਿੱਥੇ ਇਹ ਪੰਜਾਬ ਅਤੇ ਹਰਿਆਣਾ ਵਿੱਚ ਵਾਰਦਾਤਾਂ ਕਰਦੇ ਸਨ। ਇਸ ਗਰੋਹ ਨੇ ਸਾਲ 2019-20 ਦੌਰਾਨ ਪੰਜਾਬ ਵਿੱਚ ਪਿੰਡ ਮਾਜਰਾ ਅਤੇ ਖਰੜ ਤੋਂ ਇਲਾਵਾ ਕਪੂਰਥਲਾ, ਖੰਨਾ, ਜੈਤੋ, ਗਿੱਦੜਬਾਹਾ ਅਤੇ ਹਰਿਆਣਾ ਵਿੱਚ ਅੰਬਾਲਾ, ਰਾਏਪੁਰ ਰਾਣੀ, ਨਰਾਇਣਗੜ੍ਹ, ਸਾਹਾ, ਕਾਲਕਾ ਵਿੱਚ ਲੁੱਟਾਂ ਖੋਹਾਂ, ਡਕੈਤੀ ਅਤੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਕੋਲੋਂ ਕਤਲ, ਲੁੱਟਾਂ-ਖੋਹਾਂ ਅਤੇ ਹੋਰ ਅਪਰਾਧਿਕ ਵਾਰਦਾਤਾਂ ਸਬੰਧੀ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …