
ਮੁਹਾਲੀ ਪੁਲੀਸ ਵੱਲੋਂ ਜਾਅਲਸਾਜ਼ੀ ਤੇ ਚੋਰ ਗਰੋਹ ਦਾ ਪਰਦਾਫਾਸ਼, ਪੰਜ ਮੁਲਜ਼ਮ ਗ੍ਰਿਫ਼ਤਾਰ
ਵਾਹਨ ਚੋਰੀ ਦੇ ਮਾਮਲੇ ਵਿੱਚ ਕਬਾੜੀਆਂ ਵਿਜੈ ਕੁਮਾਰ ਨੂੰ ਵੀ ਕੀਤਾ ਨਾਮਜ਼ਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੂਨ:
ਮੁਹਾਲੀ ਪੁਲੀਸ ਨੇ ਜਾਅਲਸਾਜ਼ੀ ਅਤੇ ਵਾਹਨ ਚੋਰੀ ਦੇ ਦੋ ਵੱਖ-ਵੱਖ ਗਰੋਹਾਂ ਦਾ ਪਰਦਾਫਾਸ਼ ਕਰਕੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖੁਲਾਸਾ ਕਰਦਿਆਂ ਥਾਣਾ ਫੇਜ਼-1 ਦੇ ਐਸਐਚਓ ਮਨਫੂਲ ਸਿੰਘ ਨੇ ਦੱਸਿਆ ਕਿ ਸਨਅਤੀ ਏਰੀਆ ਪੁਲੀਸ ਚੌਂਕੀ ਦੇ ਇੰਚਾਰਜ ਅਵਤਾਰ ਸਿੰਘ ਦੀ ਅਗਵਾਈ ਹੇਠ ਵਾਲੀ ਟੀਮ ਨੇ ਵਿਮਲੇਸ਼ ਕੁਮਾਰ ਵਾਸੀ ਉਦਸ਼ਾਹ ਸਫੀਪੁਰ (ਉਨਾਓ) ਹਾਲ ਵਾਸੀ ਚੰਡੀਗੜ੍ਹ, ਬਿਮਲ ਕੁਮਾਰ ਉਰਫ਼ ਅਮਨਪ੍ਰੀਤ ਵਾਸੀ ਬਿਸ਼ਨਪੁਰਾ (ਜ਼ੀਰਕਪੁਰ) ਸਮੇਤ ਸਰਵੇਸ਼ ਕੁਮਾਰ ਹਾਲ ਵਾਸੀ ਟੀਡੀਆਈ ਸਿਟੀ ਬਲੌਂਗੀ, ਅਜੈ ਕੁਮਾਰ ਉਰਫ਼ ਹਰਿਆਣਵੀਂ ਅਤੇ ਅਤੇ ਕਮਲੇਸ਼ ਸ਼ੰਕਰ ਦੋਵੇਂ ਹਾਲ ਵਾਸੀ ਸ਼ਹੀਦ ਊਧਮ ਸਿੰਘ ਕਲੋਨੀ ਸਨਅਤੀ ਏਰੀਆ ਫੇਜ਼-7 (ਮੁਹਾਲੀ) ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਫੇਜ਼-1 ਥਾਣੇ ਵਿੱਚ ਵੱਖ-ਵੱਖ ਧਰਾਵਾਂ ਤਹਿਤ ਦੋ ਵੱਖੋ-ਵੱਖਰੇ ਕੇਸ ਦਰਜ ਕੀਤੇ ਗਏ ਹਨ।
ਥਾਣਾ ਮੁਖੀ ਮਨਫੂਲ ਸਿੰਘ ਨੇ ਦੱਸਿਆ ਕਿ ਵਿਮਲੇਸ਼ ਕੁਮਾਰ ਅਤੇ ਬਿਮਲ ਕੁਮਾਰ ਉਰਫ਼ ਅਮਨਪ੍ਰੀਤ ਨੂੰ ਜਾਅਲਸਾਜ਼ੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਖ਼ਿਲਾਫ਼ ਫੇਜ਼-1 ਥਾਣੇ ਵਿੱਚ ਧਾਰਾ 420,465,467,468, 471 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੇ ਵੱਖ-ਵੱਖ ਹੀਰੋ ਹਾਂਡਾ, ਟੀਵੀਐੱਸ ਏਜੰਸੀਆਂ ਕੋਲੋਂ ਜਾਅਲੀ ਦਸਤਾਵੇਜ਼ ਤਿਆਰ ਕਰਕੇ ਦੋ ਪਹੀਆ ਵਾਹਨ ਖਰੀਦੇ ਗਏ ਹਨ। ਮੁਲਜ਼ਮਾਂ ਨੇ ਜਾਅਲੀ ਦਸਤਾਵੇਜ਼ਾਂ ਰਾਹੀਂ ਐੱਚਡੀਐੱਫ ਸੀ ਬੈਂਕ, ਇੰਡੀਅਨ ਬੈਂਕ, ਯੈਸ ਬੈਂਸ ’ਚੋਂ ਲੋਨ ਪਾਸ ਕਰਵਾ ਕੇ ਬੈਂਕਾਂ ਨਾਲ ਵੀ ਠੱਗੀ ਮਾਰੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 8 ਵਾਹਨ ਬਰਾਮਦ ਕੀਤੇ ਗਏ ਹਨ। ਇਨ੍ਹਾਂ ਦੇ ਕੁੱਝ ਸਾਥੀ ਫਰਾਰ ਹਨ। ਜਿਨ੍ਹਾਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਨ੍ਹਾਂ ਮੁਲਜ਼ਮਾਂ ਨੂੰ ਵੀ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਉਧਰ, ਦੂਜੇ ਮਾਮਲੇ ਵਿੱਚ ਪੁਲੀਸ ਨੇ ਅਜੈ ਕੁਮਾਰ ਉਰਫ਼ ਹਰਿਆਣਵੀਂ, ਸਰਵੇਸ ਕੁਮਾਰ ਅਤੇ ਕਮਲੇਸ਼ ਸ਼ੰਕਰ ਨੇ ਤਾਲਾਬੰਦੀ ਦੌਰਾਨ ਉਦਯੋਗਿਕ ਖੇਤਰ ’ਚੋਂ ਚੋਰੀਆਂ ਕੀਤੀਆਂ ਗਈਆਂ ਹਨ। ਜਿਨ੍ਹਾਂ ਕੋਲੋਂ 4 ਐੱਲਸੀਡੀ ਅਤੇ ਸੀਪੀਯੂ, ਲੈਪਟਾਪ, ਦੋ ਮੋਟਰ ਸਾਈਕਲ, ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਕਬਾੜੀਆਂ ਵਿਜੈ ਕੁਮਾਰ ਨੂੰ ਨਾਮਜ਼ਦ ਕੀਤਾ ਗਿਆ ਹੈ। ਜਿਸ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਮਾਮਲੇ ਵਿੱਚ ਜੇਕਰ ਕਿਸੇ ਹੋਰ ਦੀ ਸ਼ਮੂਲੀਅਤ ਸਾਹਮਣੇ ਆਈ ਤਾਂ ਉਸ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਮੁਲਜ਼ਮਾਂ ਨੇ 12 ਜੈੱਕਵਾਰ ਦੀਆਂ ਮਹਿੰਗੀਆਂ ਟੁੱਟੀਆਂ ਵੀ ਚੋਰੀਆਂ ਕੀਤੀਆਂ ਸਨ। ਮੁੱਢਲੀ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਸਨਅਤੀ ਏਰੀਆ ਪੁਲੀਸ ਚੌਂਕੀ ਦੇ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ ਅਤੇ ਸਾਰੇ ਮੁਲਜ਼ਮਾਂ ਦਾ ਕਰੋਨਾ ਟੈੱਸਟ ਕਰਵਾਇਆ ਗਿਆ। ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ।