Nabaz-e-punjab.com

ਮੁਹਾਲੀ ਪੁਲੀਸ ਵੱਲੋਂ ਸੁਪਾਰੀ ਕਿੱਲਰ ਗਰੋਹ ਦਾ ਪਰਦਾਫਾਸ਼, ਕਈ ਕਤਲ ਮਾਮਲੇ ਸੁਲਝਾਏ, 3 ਗ੍ਰਿਫ਼ਤਾਰ

ਮੁਲਜ਼ਮਾਂ ਨੇ ਅਗਸਤ 2018 ਵਿੱਚ ਪੁਲੀਸ ’ਤੇ ਹਮਲਾ ਕਰਕੇ ਛੁਡਾਇਆ ਲਿਆ ਸੀ ਇਕ ਨਸ਼ਾ ਤਸਕਰ

ਭਗੌੜੇ ਗੈਂਗਸਟਰਾਂ ਦੀਆਂ ਹਦਾਇਤਾਂ ’ਤੇ ਦਿੰਦੇ ਸੀ ਵਾਰਦਾਤਾਂ ਨੂੰ ਅੰਜਾਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਨਵੰਬਰ:
ਮੁਹਾਲੀ ਪੁਲੀਸ ਨੇ ਸੁਪਾਰੀ ਕਿੱਲਰ ਗਰੋਹ ਦਾ ਪਰਦਾਫਾਸ਼ ਕਰਦਿਆਂ ਕਤਲ ਤੇ ਹੋਰ ਕਈ ਪ੍ਰਕਾਰ ਦੇ ਸੰਗੀਨ ਜੁਰਮਾਂ ਵਿੱਚ ਲੋੜੀਂਦੇ ਤਿੰਨ ਮੁਲਜ਼ਮਾਂ ਰਣਬੀਰ ਕਲਸੀ ਉਰਫ਼ ਬੀਰਾ ਵਾਸੀ ਪਿੰਡ ਨਬੀਪੁਰ (ਗੁਰਦਾਸਪੁਰ), ਹਰਵਿੰਦਰ ਸਿੰਘ ਉਰਫ਼ ਦੋਧੀ ਵਾਸੀ ਪਿੰਡ ਮੁਰਾਦਪੁਰਾ (ਅੰਮ੍ਰਿਤਸਰ) ਅਤੇ ਭੁਪਿੰਦਰ ਸਿੰਘ ਉਰਫ਼ ਭਿੰਦਾ ਵਾਸੀ ਪਿੰਡ ਚੰਡੇ (ਮਜੀਠਾ) ਨੂੰ ਗ੍ਰਿਫ਼ਤਾਰ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਸ਼ਾਮ ਨੂੰ ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਕਈ ਪੁਰਾਣੇ ਕਤਲ ਮਾਮਲੇ ਸੁਲਝ ਗਏ ਹਨ।
ਐਸਐਸਪੀ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 10 ਅਗਸਤ ਨੂੰ ਕੁਰਾਲੀ ਏਰੀਆ ਵਿੱਚ ਇੱਕੋ ਦਿਨ ਹਥਿਆਰਾਂ ਦੀ ਨੋਕ ’ਤੇ ਇਕ ਕਾਰ ਅਤੇ ਮੋਟਰ ਸਾਈਕਲ ਖੋਹਣ ਦੀਆਂ ਵਾਰਦਾਤਾਂ ਹੋਈਆਂ ਸਨ। ਪੁਲੀਸ ਵੱਲੋਂ ਮੁਲਜ਼ਮਾਂ ਦੀ ਪੈੜ ਨੱਪਣ ਅਤੇ ਲੁੱਟ ਖੋਹ ਦੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲੀਸ ਵੱਲੋਂ ਰਣਬੀਰ ਕਲਸੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਸ ਨੇ ਭਗੌੜੇ ਗੈਂਗਸਟਰਾਂ ਸੁਖਮੀਤਪਾਲ ਸਿੰਘ ਉਰਫ਼ ਸੁੱਖ ਭਿਖਾਰੀਵਾਲ ਅਤੇ ਸੁਪ੍ਰੀਤ ਸਿੰਘ ਉਰਫ਼ ਹੈਰੀ ਚੱਠਾ ਦੀ ਹਦਾਇਤਾਂ ’ਤੇ ਆਪਣੇ ਸਾਥੀਆਂ ਹਰਵਿੰਦਰ ਸਿੰਘ ਦੋਧੀ ਅਤੇ ਭੁਪਿੰਦਰ ਸਿੰਘ ਭਿੰਦਾ ਨਾਲ ਮਿਲ ਕੇ ਬਹੁ-ਚਰਚਿਤ ਮੋਗਾ ਸੈਕਸ ਸੈਕੰਡਲ ਦੇ ਮੁਲਜ਼ਮਾਂ ਪਤੀ-ਪਤਨੀ ਜੋ ਬਾਅਦ ਵਿੱਚ ਵਾਅਦਾ ਮੁਆਫ਼ ਗਵਾਹ ਬਣ ਗਏ ਸਨ, ਦੀ ਸਤੰਬਰ 2018 ਵਿੱਚ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਕੇ ਅੰਨੇ੍ਹਵਾਹ ਗੋਲੀਆਂ ਮਾਰ ਕੇ ਕਤਲ ਕੀਤੇ ਸਨ। ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਉਨ੍ਹਾਂ ਨੇ ਪਲਸਰ ਮੋਟਰ ਸਾਈਕਲ ਦੀ ਵਰਤੋਂ ਕੀਤੀ ਸੀ ਅਤੇ ਉਹ ਤਿੰਨੇ ਜਣੇ ਹਥਿਆਰਾਂ ਨਾਲ ਲੈਸ ਸੀ। ਇਸ ਸਬੰਧੀ 21 ਸਤੰਬਰ 2018 ਨੂੰ ਜ਼ੀਰਾ ਥਾਣੇ ਵਿੱਚ ਕਤਲ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਰਣਬੀਰ ਕਲਸੀ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਗੈਂਗਸਟਰ ਸੁੱਖ ਭਿਖਾਰੀਵਾਲ ਦੇ ਕਹਿਣ ’ਤੇ ਆਪਣੇ ਦੋ ਹੋਰ ਸਾਥੀਆਂ ਸਮੇਤ ਪਿੰਡ ਘੱਲ ਖ਼ੁਰਦ ਫਿਰੋਜ਼ਪੁਰ-ਮੋਗਾ ਸੜਕ ’ਤੇ 18 ਅਗਸਤ 2018 ਨੂੰ ਇੱਕ ਢਾਬੇ ’ਤੇ ਰੋਟੀ ਖਾਣ ਲਈ ਰੁਕੀ ਪੁਲੀਸ ਪਾਰਟੀ ’ਤੇ ਫਾਇਰਿੰਗ ਕਰਕੇ ਹੈਰੋਇਨ ਤਸਕਰੀ ਦੇ ਵੱਡੇ ਸਮਗਲਰ ਹਰਭਜਨ ਸਿੰਘ ਉਰਫ਼ ਰਾਣਾ ਵਾਸੀ ਨਿਹਾਲਾ ਖਿਲਚਾ, ਜ਼ਿਲ੍ਹਾ ਫਿਰੋਜ਼ਪੁਰ ਨੂੰ ਪੁਲੀਸ ਹਿਰਾਸਤ ’ਚੋਂ ਛੁਡਾਇਆ ਸੀ। ਫਾਇਰਿੰਗ ਵਿੱਚ ਇੱਕ ਪੁਲੀਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇਸ ਸਬੰਧੀ ਉਨ੍ਹਾਂ ਖ਼ਿਲਾਫ਼ ਜ਼ਿਲ੍ਹਾ ਫਿਰੋਜ਼ਪੁਰ ਦੇ ਘੱਲ ਖ਼ੁਰਦ ਥਾਣੇ ਵਿੱਚ ਧਾਰਾ 307, 225, 34 ਅਤੇ ਅਸਲਾ ਐਕਟ ਦਰਜ ਹੈ। ਮੁਲਜ਼ਮ ਭੁਪਿੰਦਰ ਸਿੰਘ ਭਿੰਦਾ ਅਤੇ ਹਰਵਿੰਦਰ ਸਿੰਘ ਦੋਧੀ ਪਹਿਲਾਂ ਹੀ ਕਈ ਕੇਸਾਂ ਵਿੱਚ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਨ, ਉਨ੍ਹਾਂ ਨੂੰ ਵੀ ਪ੍ਰੋਡਕਸ਼ਨ ਵਰੰਟ ’ਤੇ ਅਦਾਲਤੀ ਪ੍ਰਕਿਰਿਆ ਰਾਹੀਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਐਸਐਸਪੀ ਨੇ ਦੱਸਿਆ ਕਿ ਇਹ ਖੂੰਖਾਰ ਅਪਰਾਧੀ ਹਰ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਤੱਤਪਰ ਰਹਿੰਦੇ ਸੀ। ਉਨ੍ਹਾਂ ਦੱਸਿਆ ਕਿ ਭੁਪਿੰਦਰ ਭਿੰਦਾ ਅਤੇ ਹਰਵਿੰਦਰ ਦੋਧੀ ਨੇ ਭਗੌੜੇ ਗੈਂਗਸਟਰ ਸੁਪ੍ਰੀਤ ਸਿੰਘ ਉਰਫ਼ ਹੈਰੀ ਚੱਠਾ ਦੀ ਹਦਾਇਤ ’ਤੇ ਆਪਣੇ ਦੋ ਹੋਰ ਸਾਥੀਆਂ ਸਮੇਤ ਨਵੰਬਰ 2018 ਵਿੱਚ ਰਣਜੀਤ ਐਵਿਨਿਊ ਅੰਮ੍ਰਿਤਸਰ ਦੇ ਚੰਗੀ ਜਾਇਦਾਦ ਦੇ ਮਾਲਕ ਇੱਕ ਡਾਕਟਰ ਅਤੇ ਉਸ ਦੇ ਇੱਕ ਸਾਥੀ ਨੂੰ ਕਿਸੇ ਖ਼ਰੀਦਦਾਰ ਨੂੰ ਜ਼ਮੀਨ ਦਿਖਾਉਣ ਦੇ ਬਹਾਨੇ ਬਾਹਰ ਸੱਦ ਕੇ ਫਿਰੌਤੀ ਲੈਣ ਲਈ ਅਗਵਾ ਕਰ ਲਿਆ ਸੀ। ਜਿਸ ਨੂੰ ਡਰਾਉਣ ਲਈ ਜਦੋਂ ਭਿੰਦਾ ਫਾਇਰ ਕਰਨ ਲੱਗਾ ਤਾਂ ਡਾਕਟਰ ਦੀ ਦਲੇਰੀ ਨਾਲ ਵੱਡਾ ਦੁਖਾਂਤ ਵਾਪਰਨ ਤੋਂ ਬਚ ਗਿਆ ਸੀ ਪਰ ਗੋਲੀ ਉਸ ਦੇ ਸਾਥੀ ਮੁਲਜ਼ਮ ਹਰਵਿੰਦਰ ਦੋਧੀ ਦੇ ਕੰਨ ਨੂੰ ਪਾੜਦੀ ਹੋਈ ਕਰਾਸ ਹੋ ਗਈ ਸੀ। ਹਫੜਾ-ਦਫੜੀ ਵਿੱਚ ਡਾਕਟਰ ਤੇ ਉਸ ਦਾ ਸਾਥੀ ਬੱਚ ਨਿਕਲਣ ਵਿੱਚ ਕਾਮਯਾਬ ਹੋ ਗਏ ਸੀ। ਭੁਪਿੰਦਰ ਭਿੰਦਾ ਨੇ ਵਿਦੇਸ਼ ਭੱਜਣ ਲਈ ਗੁਰਪਿੰਦਰ ਸਿੰਘ ਦੇ ਨਾਂ ’ਤੇ ਜਾਅਲੀ ਪਾਸਪੋਰਟ ਤਿਆਰ ਕਰਵਾਇਆ ਸੀ ਪ੍ਰੰਤੂ ਪੁਲੀਸ ਦੇ ਅੜਿੱਕੇ ਆ ਗਏ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਪੁਲੀਸ ਨੂੰ ਕਤਲ, ਲੁੱਟਾਂ ਖੋਹਾਂ ਅਤੇ ਹੋਰ ਵਾਰਦਾਤਾਂ ਨੂੰ ਸੁਲਝਾਉਣ ਸਬੰਧੀ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਨੇ 2024 ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ 173 ਮੁਲਜ਼ਮ ਗ੍ਰਿਫ਼ਤਾਰ ਕੀਤੇ: ਵਰਿੰਦਰ ਕੁਮਾਰ

ਵਿਜੀਲੈਂਸ ਨੇ 2024 ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ 173 ਮੁਲਜ਼ਮ ਗ੍ਰਿਫ਼ਤਾਰ ਕੀਤੇ: ਵਰਿੰਦਰ ਕੁਮਾਰ 10 ਗਜ਼ਟਿ…