Share on Facebook Share on Twitter Share on Google+ Share on Pinterest Share on Linkedin ਮੁਹਾਲੀ ਪੁਲੀਸ ਵੱਲੋਂ ਕ੍ਰਿਕਟ ਮੈਚਾਂ ’ਤੇ ਆਨਲਾਈਨ ਸੱਟਾ ਲਾਉਣ ਵਾਲੇ ਗਰੋਹ ਦਾ ਪਰਦਾਫਾਸ, ਦੋ ਕਾਬੂ ਮੁਲਜ਼ਮਾਂ ਕੋਲੋਂ ਫੋਨ ਲੈਂਡਿੰਗ ਮਸ਼ੀਨ ਸਮੇਤ ਸਮੇਤ 15 ਮੋਬਾਈਲ ਅਤੇ 570 ਗਰਾਮ ਹੈਰੋਇਨ ਬਰਾਮਦ ਸੈਕਟਰ-70 ਦੀ ਹੋਮਲੈਂਡ ਹਾਊਸਿੰਗ ਸੁਸਾਇਟੀ ਦੇ ਫਲੈਟ ਵਿੱਚ ਚਲ ਰਿਹਾ ਸੀ ਸੱਟੇ ਦਾ ਧੰਦਾ ਹਰਸ਼ਬਾਬ ਸਿੱਧੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਕਤੂਬਰ: ਮੁਹਾਲੀ ਦੀ ਮਟੌਰ ਪੁਲੀਸ ਨੇ ਕ੍ਰਿਕਟ ਮੈਚਾਂ ਸਬੰਧੀ ਆਨਲਾਈਨ ਸੱਟਾ ਲਾਉਣ ਵਾਲੇ ਗਰੋਹ ਦਾ ਪਰਦਾਫਾਸ ਕਰਦਿਆਂ ਦੋ ਮੁਲਜ਼ਮਾਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਜਦੋਂਕਿ ਉਨ੍ਹਾਂ ਦੇ ਦੋ ਸਾਥੀ ਫਰਾਰ ਹਨ। ਅੱਜ ਇੱਥੇ ਮੁਹਾਲੀ ਦੇ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਵਿਪਨ ਕੁਮਾਰ ਵਾਸੀ ਪਟੇਲ ਨਗਰ, ਹਿਸਾਰ ਅਤੇ ਰਾਕੇਸ਼ ਮਨਚੰਦਾ ਉਰਫ਼ ਰਿੰਕੂ ਵਾਸੀ ਫਰੀਦਾਬਾਦ ਨੂੰ ਕਾਬੂ ਕੀਤਾ ਗਿਆ ਹੈ ਅਤੇ ਮੁਲਜ਼ਮਾਂ ਦੇ ਖ਼ਿਲਾਫ਼ ਮਟੌਰ ਥਾਣਾ ਵਿੱਚ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਤਾਰੁਸ਼ ਧਵਨ ਵਾਸੀ ਗਾਂਧੀ ਨਗਰ, ਕੈਥਲ ਅਤੇ ਮਲਕੀਤ ਸਿੰਘ ਉਰਫ਼ ਅਮਨ ਵਾਸੀ ਬਟਾਲਾ (ਗੁਰਦਾਸਪੁਰ) ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਫਿਲਹਾਲ ਇਹ ਦੋਵੇਂ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀਆਂ ਵੱਲੋਂ ਹੋਮਲੈਂਡ ਸੁਸਾਇਟੀ ਸੈਕਟਰ-70 ਦੇ ਇਕ ਫਲੈਟ ਵਿੱਚ ਆਨਲਾਈਨ ਸੱਟਾ ਲਾਇਆ ਜਾ ਰਿਹਾ ਹੈ। ਸ੍ਰੀ ਵਿਰਕ ਨੇ ਦੱਸਿਆ ਕਿ ਡੀਐਸਪੀ (ਸਿਟੀ-1) ਗੁਰਸ਼ੇਰ ਸਿੰਘ ਸੰਧੂ ਦੀ ਅਗਵਾਈ ਹੇਠ ਮਟੌਰ ਥਾਣਾ ਦੇ ਐਸਐਚਓ ਰਾਜੀਵ ਕੁਮਾਰ ਨੇ ਛਾਪੇਮਾਰੀ ਕਰਕੇ ਦੋ ਮੁਲਾਜ਼ਮਾਂ ਵਿਪਨ ਕੁਮਾਰ ਅਤੇ ਰਾਕੇਸ਼ ਮਨਚੰਦਾ ਨੂੰ ਕਾਬੂ ਕਰ ਲਿਆ। ਪੁਲੀਸ ਅਨੁਸਾਰ ਮੁਲਜ਼ਮ ਆਈਪੀਐਲ ਦੇ ਕ੍ਰਿਕੇਟ ਮੈਚ ਲਈ ਸੱਟਾ ਲਗਾ ਰਹੇ ਸੀ ਅਤੇ ਭੋਲੇ ਭਾਲੇ ਲੋਕਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਧੋਖਾਧੜੀ ਕਰ ਰਹੇ ਸਨ। ਪੁਲੀਸ ਅਨੁਸਾਰ ਮੁਲਜ਼ਮ ਵੱਡੇ ਪੱਧਰ ’ਤੇ ਨਸ਼ਾ ਤਸਕਰੀ ਵੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਛਾਪੇਮਾਰੀ ਦੌਰਾਨ ਫਲੈਟ ਦੀ ਤਲਾਸ਼ੀ ਲੈਣ ’ਤੇ ਮੁਲਜ਼ਮਾਂ ਕੋਲੋਂ ਚਾਰ ਲੈਪਟਾਪ, 14 ਮੋਬਾਈਲ ਫੋਨ, ਆਨਲਾਈਨ ਸੱਟੇ ਲਈ ਵਰਤੀ ਜਾਂਦੀ ਇੱਕ ਫੋਨ ਲੈਂਡਿੰਗ ਮਸ਼ੀਨ ਸਮੇਤ 2 ਕਰੋੜ 85 ਲੱਖ ਰੁਪਏ ਕੀਮਤ ਦੀ 570 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਐਸਪੀ ਵਿਰਕ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਦੋ ਮਹੀਨੇ ਤੋਂ ਹੋਮਲੈਂਡ ਸੁਸਾਇਟੀ ਵਿੱਚ ਰਹਿ ਰਹੇ ਸੀ। ਇੱਥੋਂ ਉਹ ਹੁਣ ਤੱਕ 30-35 ਮੈਚਾਂ ਲਈ ਸੱਟਾ ਲਗਾ ਚੁੱਕੇ ਹਨ। ਇੱਕ ਮੈਚ ’ਤੇ ਉਹ ਕਰੀਬ 4 ਤੋਂ 5 ਲੱਖ ਦਾ ਸੱਟਾ ਲਗਾਉਂਦੇ ਸੀ। ਮੁਲਜ਼ਮ ਗੂਗਲ ਪੇਅ ਅਤੇ ਪੇਟੀਐਮ ਰਾਹੀਂ ਆਪਣੇ ਖਾਤਿਆਂ ਵਿੱਚ ਸੱਟੇ ਦੇ ਪੈਸੇ ਟਰਾਂਸਫਰ ਕਰਵਾਉਂਦੇ ਸੀ। ਇਨ੍ਹਾਂ ਦੇ ਦੋ ਸਾਥੀ ਤਾਰੁਸ਼ ਧਵਨ ਅਤੇ ਮਲਕੀਤ ਸਿੰਘ ਬਟਾਲਾ ਫਿਲਹਾਲ ਫਰਾਰ ਹਨ। ਉਨ੍ਹਾਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਹਰਿਆਣਾ ਵਿੱਚ ਵੀ ਅਪਰਾਧਿਕ ਕੇਸ ਦਰਜ ਹੈ। ਮੁਲਜ਼ਮਾਂ ਕੋਲੋਂ ਇਹ ਪਤਾ ਲਗਾਇਆ ਜਾਵੇਗਾ ਕਿ ਉਹ ਹੈਰੋਇਨ ਕਿੱਥੋਂ ਲਿਆਉਂਦੇ ਸੀ ਅਤੇ ਉਹ (ਮੁਲਜ਼ਮ) ਖ਼ੁਦ ਨਸ਼ਿਆਂ ਦਾ ਸੇਵਨ ਕਰਨ ਦੇ ਆਦੀ ਹਨ ਜਾਂ ਅੱਗੇ ਵੇਚਦੇ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕੌਣ ਕੌਣ ਲੋਕ ਆਨਲਾਈਨ ਸੱਟਾ ਖੇਡਦੇ ਸੀ। ਇਸ ਸਬੰਧੀ ਮੁਲਜ਼ਮਾਂ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਜਾਣਕਾਰੀ ਮਿਲ ਸਕੇ ਕਿ ਕਿਹੜੇ ਨੰਬਰਾਂ ਤੋਂ ਗੂਗਲ ਪੇਟੀਐਮ ਰਾਹੀਂ ਪੈਸੇ ਟਰਾਂਸਫਰ ਕੀਤੇ ਗਏ ਹਨ। ਐਸਪੀ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਵੀ ਜਾਂਚ ਵਿੱਚ ਸ਼ਾਮਲ ਹੋਣ ਲਈ ਤਲਬ ਕੀਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ