Nabaz-e-punjab.com

ਮੁਹਾਲੀ ਪੁਲੀਸ ਵੱਲੋਂ ਏਟੀਐਮ ਕਾਰਡ ਕਲੋਨ ਕਰਕੇ ਲੱਖਾਂ ਦੀ ਠੱਗੀ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼, ਤਿੰਨ ਗ੍ਰਿਫ਼ਤਾਰ

ਮੁਹਾਲੀ, ਲੁਧਿਆਣਾ, ਫਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਹਰਿਆਣਾ, ਹਿਮਾਚਲ, ਦਿੱਲੀ ਵਿੱਚ 100 ਤੋਂ ਵੱਧ ਵਾਰਦਾਤਾਂ ਮੰਨੀਆਂ

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ 60 ਤੋਂ ਵੱਧ ਸ਼ਿਕਾਇਤਾਂ ਹੱਲ ਕਰਨ ਵਿੱਚ ਸਫਲਤਾ ਮਿਲੀ: ਭੁੱਲਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੁਲਾਈ:
ਮੁਹਾਲੀ ਪੁਲੀਸ ਨੇ ਵੱਖ ਵੱਖ ਬੈਂਕਾਂ ਦੇ ਏਟੀਐਮ ਕਾਰਡ ਕਲੋਨ ਕਰਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਸਾਹਿਲ, ਜਤਿੰਦਰ ਅਤੇ ਉਪਿੰਦਰ ਤਿੰਨੋਂ ਵਾਸੀ ਦਮਤਾਨ ਸਾਹਿਬ (ਹਰਿਆਣਾ) ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਏਟੀਐਮ ਕਾਰਡ ਕਲੋਨ ਅਤੇ ਕਾਰਡ ਤਿਆਰ ਕਰਨ ਵਾਲੀਆਂ ਦੋ ਮਸ਼ੀਨਾਂ ਅਤੇ 18 ਜਾਅਲੀ ਏਟੀਐਮ ਕਾਰਡ, 1 ਆਈਪੈਡ ਅਤੇ 1 ਸਵਿੱਫ਼ਟ ਕਾਰ ਵੀ ਬਰਾਮਦ ਕੀਤੀ ਗਈ ਹੈ।
ਇਸ ਗੱਲ ਦਾ ਖੁਲਾਸਾ ਅੱਜ ਇੱਥੇ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਏਟੀਐਮ ’ਚੋਂ ਪੈਸੇ ਕਢਵਾਉਣ ਵੇਲੇ ਏਟੀਐਮ ਕਾਰਡ ਕਲੋਨ ਕਰਕੇ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਡੀਐਸਪੀ (ਸਾਈਬਰ ਕਰਾਇਮ) ਰੁਪਿੰਦਰਦੀਪ ਕੌਰ ਸੋਹੀ ਨੂੰ ਸੌਂਪੀ ਗਈ ਸੀ। ਇਹ ਗਰੋਹ ਭੋਲੇ ਭਾਲੇ ਲੋਕਾਂ ਦੇ ਏਟੀਐਮ ’ਚੋਂ ਪੈਸੇ ਕਢਵਾਉਣ ਦੇ ਬਹਾਨੇ ਕਾਰਡ ਕਲੋਨ (ਮਸ਼ੀਨ ਰਾਹੀਂ ਕਾਰਡ ਦਾ ਡਾਟਾ ਰੀਡ ਤੇ ਸਟੋਰ) ਕਰ ਲੈਂਦੇ ਸਨ। ਬਾਅਦ ਵਿੱਚ ਉਨ੍ਹਾਂ ਦੇ ਖਾਤੇ ’ਚੋਂ ਪੈਸੇ ਕਢਵਾ ਲੈਂਦੇ ਸਨ। ਸ਼ਿਕਾਇਤਾਂ ਦੇ ਆਧਾਰ ’ਤੇ ਬੀਤੀ 5 ਜੁਲਾਈ ਨੂੰ ਸੈਂਟਰਲ ਥਾਣਾ ਫੇਜ਼-8 ਵਿੱਚ ਧਾਰਾ 420,465,467,468, 471,474,120ਬੀ ਅਤੇ 66,66ਡੀ ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਵਾਰਦਾਤਾਂ ਵਾਲੇ ਏਟੀਐਮ ਦੀ ਸੀਸੀਟੀਵੀ ਫੁਟੇਜ ਚੈੱਕ ਕਰਨ ਤੋਂ ਇਹ ਗੱਲ ਸਾਹਮਣੇ ਆਈ ਸੀ ਕਿ ਹਰੇਕ ਵਾਰਦਾਤ ਵਿੱਚ ਇਹੀ ਤਿੰਨੋਂ ਵਿਅਕਤੀ ਏਟੀਐਮ ਕਲੋਨ ਕਰਕੇ ਪੈਸੇ ਕਢਵਾਉਂਦੇ ਪਾਏ ਗਏ।
ਸ੍ਰੀ ਭੁੱਲਰ ਨੇ ਦੱਸਿਆ ਕਿ ਡੀਐਸਪੀ ਸ੍ਰੀਮਤੀ ਸੋਹੀ ਦੀ ਅਗਵਾਈ ਵਾਲੀ ਟੀਮ ਨੇ ਗੁਪਤ ਸੂਚਨਾ ਨੂੰ ਆਧਾਰ ਬਣਾ ਕੇ ਉਕਤ ਵਿਅਕਤੀਆਂ ਨੂੰ ਮੁਹਾਲੀ ’ਚੋਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਨ੍ਹਾਂ ਨੇ ਮੁਹਾਲੀ ਸਮੇਤ ਲੁਧਿਆਣਾ, ਫਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ 100 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਮੁਲਜ਼ਮਾਂ ਨੇ ਇਹ ਵੀ ਮੰਨਿਆ ਕਿ ਉਹ ਏਟੀਐਮ ਮਸ਼ੀਨ ’ਤੇ ਜਦੋਂ ਕੋਈ ਬਜ਼ੁਰਗ ਵਿਅਕਤੀ, ਅੌਰਤ ਜਾਂ ਕੋਈ ਘੱਟ ਪੜ੍ਹਿਆ ਲਿਖਿਆ ਵਿਅਕਤੀ ਪੈਸੇ ਕਢਵਾਉਣ ਆਉਂਦਾ ਸੀ ਤਾਂ ਉਹ ਉਨ੍ਹਾਂ ਦੀ ਮਦਦ ਕਰਨ ਦੇ ਬਹਾਨੇ ਧੋਖੇ ਨਾਲ ਉਨ੍ਹਾਂ ਦਾ ਏਟੀਐਮ ਕਲੋਨ ਕਰਨ ਵਾਲੀ ਮਸ਼ੀਨ ਵਿੱਚ ਸਵਾਈਪ ਕਰ ਲੈਂਦੇ ਸਨ ਅਤੇ ਉਨ੍ਹਾਂ ਦੇ ਏਟੀਐਮ ਦਾ ਪਾਸਵਰਡ ਦੇਖ ਕੇ ਲਿਖ ਲੈਂਦੇ ਸਨ। ਇਸ ਤਰ੍ਹਾਂ ਉਹ ਬਾਅਦ ਵਿੱਚ ਜਾਅਲੀ ਏਟੀਐਮ ਤਿਆਰ ਕਰਕੇ ਪੈਸੇ ਕਢਵਾ ਲੈਂਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ 60 ਤੋਂ ਵੱਧ ਸ਼ਿਕਾਇਤਾਂ ਦਾ ਨਿਬੇੜਾ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ।
ਡੀਐਸਪੀ (ਸਾਈਬਰ ਕਰਾਇਮ) ਰੁਪਿੰਦਰਦੀਪ ਕੌਰ ਸੋਹੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਬੈਂਕ ਠੱਗੀ ਦੇ ਮਾਮਲਿਆਂ ਵਿੱਚ ਹੋਰ ਅਹਿਮ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

NIFT celebrated the festival of Basant Panchami with enthusiasm and cultural favour

NIFT celebrated the festival of Basant Panchami with enthusiasm and cultural favour Nabaz-…