
ਮੁਹਾਲੀ ਪੁਲੀਸ ਨੇ ਸ਼ਹਿਰ ਵਿੱਚ ਫੇਜ਼-6 ਤੋਂ ਫੇਜ਼-11 ਤੱਕ ਕੀਤਾ ਫਲੈਗ ਮਾਰਚ
ਆਈਜੀ ਨੇ ਗਣਤੰਤਰ ਦਿਵਸ ਤੇ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜਨਵਰੀ:
ਰੂਪਨਗਰ ਰੇਂਜ ਦੇ ਆਈਜੀ ਅਰੁਣ ਕੁਮਾਰ ਮਿੱਤਲ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੁਲੀਸ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਿਸ ਵਿੱਚ ਗਣਤੰਤਰ ਦਿਵਸ ਅਤੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮੀਟਿੰਗ ਵਿੱਚ ਸਮੂਹ ਗਜ਼ਟਿਡ ਪੁਲੀਸ ਅਧਿਕਾਰੀਆਂ, ਸਾਰੇ ਥਾਣਿਆਂ ਦੇ ਐਸਐਚਓਜ਼ ਅਤੇ ਪੈਰਾ-ਮਿਲਟਰੀ ਫੋਰਸ ਦੇ ਅਧਿਕਾਰੀਆਂ ਨੇ ਭਾਗ ਲਿਆ। ਆਈਜੀ ਮਿੱਤਲ ਨੇ ਗਣਤੰਤਰ ਦਿਵਸ ਸਬੰਧੀ ਮੁਹਾਲੀ ਵਿੱਚ ਹੋਣ ਵਾਰੇ ਸੂਬਾ ਪੱਧਰੀ ਸਮਾਗਮ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਸੁਰੱਖਿਆ ਸਬੰਧਾਂ ਨੂੰ ਯਕੀਨੀ ਬਣਾਉਣ ਲਈ ਆਪਣੀ ਡਿਊਟੀ ਪੂਰੀ ਤਨਦੇਹੀ, ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਨਿਭਾਉਣ ਲਈ ਪ੍ਰੇਰਿਆ।
ਮੁਹਾਲੀ ਦੇ ਐਸਐਸਪੀ ਹਰਜੀਤ ਸਿੰਘ ਨੇ ਸਮੂਹ ਜ਼ਿਲ੍ਹਾ ਗਜ਼ਟਿਡ ਅਫ਼ਸਰਾਂ ਅਤੇ ਥਾਣਾ ਮੁਖੀਆਂ ਨੂੰ ਡਿਊਟੀ ਸਬੰਧੀ ਬਰੀਫ਼ ਕਰਦਿਆਂ ਹਦਾਇਤ ਕੀਤੀ ਕਿ ਗਣਤੰਤਰ ਦਿਵਸ ਅਤੇ ਚੋਣਾਂ ਦੇ ਮੱਦੇਨਜ਼ਰ ਮੁਹਾਲੀ ਜ਼ਿਲ੍ਹੇ ਨਾਲ ਲੱਗਦੀਆਂ ਗੁਆਂਢੀ ਸੂਬਿਆਂ ਦੀਆਂ ਹੱਦਾਂ ’ਤੇ ਲਗਾਏ ਜਾਣ ਵਾਲੇ ਇੰਟਰ ਸਟੇਟ ਨਾਕਿਆਂ ਦੀ ਉੱਚ ਅਧਿਕਾਰੀ ਖ਼ੁਦ ਸੁਪਰਵਾਈਜ ਕਰਨਗੇ, ਨਾਕਾਬੰਦੀ ਦੌਰਾਨ ਸੁਚੱਜੇ ਢੰਗ ਨਾਲ ਚੈਕਿੰਗ ਕੀਤੀ ਜਾਵੇ। ਮੀਟਿੰਗ ਤੋਂ ਬਾਅਦ ਮੁਹਾਲੀ ਪੁਲੀਸ ਵੱਲੋਂ ਐਸਐਸਪੀ ਦੀ ਅਗਵਾਈ ਵਿੱਚ ਸ਼ਹਿਰ ਵਿੱਚ ਫੇਜ਼-6 ਤੋਂ ਲੈ ਕੇ ਫੇਜ਼-11 ਤੱਕ ਫਲੈਗ ਮਾਰਚ ਕੀਤਾ ਗਿਆ।