ਮੁਹਾਲੀ ਪੁਲੀਸ ਦੀ ਗੈਗਸਟਰਾਂ ਤੇ ਨਸ਼ਾ ਤਸਕਰਾਂ ਵਿਰੁੱਧ ਕੀਤੀ ਵੱਡੀ ਕਾਰਵਾਈ, ਭੌਗੜਾ ਮੁਲਜ਼ਮ ਕਾਬੂ

ਭਾਰੀ ਮਾਤਰਾ ਵਿੱਚ ਹੈਰੋਇਨ, ਨਸ਼ੀਲੀ ਗੋਲੀਆ ਤੇ 3 ਨਾਜਾਇਜ਼ ਪਿਸਤੌਲ ਸਣੇ ਭਗੌੜਾ ਗ੍ਰਿਫਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਈ:
ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਮੁਹਾਲੀ ਪੁਲੀਸ ਨੂੰ ਉਸ ਸਮੇਂ ਇਕ ਹੋਰ ਕਾਮਯਾਬੀ ਹਾਸਲ ਹੋਈ ਜਦੋਂ ਐਸਪੀ (ਦਿਹਾਤੀ) ਡਾ. ਰਵਜੋਤ ਕੌਰ ਗਰੇਵਾਲ ਅਤੇ ਮੁੱਲਾਂਪੁਰ ਸਰਕਲ ਦੇ ਐਸਡੀਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਸਮਾਜ ਵਿਰੋਧੀ ਅਨਸਰਾਂ ਅਤੇ ਗੈਂਗਸਟਰਾ ਵਿਰੁੱਧ ਚਲਾਈ ਹੋਈ ਮੁਹਿੰਮ ਦੌਰਾਨ ਮੁੱਖ ਅਫ਼ਸਰ ਥਾਣਾ ਸਦਰ ਕੁਰਾਲੀ ਦੀ ਪੁਲੀਸ ਟੀਮ ਨੇ ਰੋਪੜ, ਫਤਹਿਗੜ੍ਹ, ਖੰਨਾ, ਮੁਹਾਲੀ ਅਤੇ ਯੂਟੀ ਚੰਡੀਗੜ੍ਹ ਜ਼ਿਲ੍ਹਿਆਂ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਮਾਮਲਿਆਂ ਵਿੱਚ ਫਰਾਰ ਗੈਂਗਸਟਰ ਬਹਾਦਰ ਸਿੰਘ ਵਾਸੀ ਪਿੰਡ ਲਖਨੌਰ (ਕੁਰਾਲੀ) ਜੋ ਕਿ ਰੂਪੋਸ ਹੋ ਕੇ ਵੱਡੇ ਪੱਧਰ ਤੇ ਨਸ਼ਿਆਂ ਅਤੇ ਨਾਜਾਇਜ਼ ਅਸਲੇ ਦੀ ਸਮੱਗਲਿੰਗ ਵਿਚ ਲੱਗਾ ਹੋਇਆ ਸੀ, ਨੂੰ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥਾ ਦੀਆ ਖੇਪਾ ਸਮੇਤ ਗ੍ਰਿਫਤਾਰ ਕਰਕੇ ਉਸ ਦੀ ਨਿਸ਼ਾਨਦੇਹੀ ਤੇ ਤਿੰਨ ਨਜਾਇਜ ਅਸਲੇ ਵੀ ਬਰਾਮਦ ਕੀਤੇ ਹਨ।
ਐਸਐਸਪੀ ਨੇ ਗ੍ਰਿਫਤਾਰ ਕੀਤੇ ਮੁਲਜ਼ਮ ਦੇ ਅਪਰਾਧਿਕ ਰਿਕਾਰਡ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੰਦਿਆ ਦੱਸਿਆ ਕਿ ਬਹਾਦਰ ਸਿੰਘ ਦਸਵੀਂ ਜਮਾਤ ਤੱਕ ਪੜਾਈ ਕਰਕੇ ਕਬੂਤਰਾ, ਘੋੜਿਆ ਅਤੇ ਕੁੱਤਿਆ ਦੇ ਟੂਰਨਾਮੈਂਟ ਵਿੱਚ ਦਿਲਚਪਸੀ ਲੈਣ ਲੱਗ ਪਿਆ ਸੀ ਅਤੇ ਖ਼ੁਦ ਵੀ ਕਬੱਡੀ ਖੇਡਣ ਦਾ ਸ਼ੌਕੀਨ ਸੀ। ਇਸੇ ਦੌਰਾਨ ਇਹ ਨਿੱਕੀ ਮੋਟੀ ਗੱਲ ’ਤੇ ਆਪਣੇ ਵਿਰੋਧੀਆ ਦੇ ਸੱਟ ਮਾਰ ਦਿੰਦਾ ਸੀ। ਜਿਸ ਕਾਰਨ ਸਾਲ 2016 ਦੌਰਾਨ ਇਸ ਵਿਰੁੱਧ ਲੜਾਈ ਝਗੜੇ ਦੇ ਮੁਕੱਦਮੇ ਦਰਜ ਹੋਏ ਫਿਰ ਇਹ ਇਸੇ ਤਰ੍ਹਾਂ ਦੇ ਲੜਾਈ ਦੇ ਇਕ ਕੇਸ ਵਿੱਚ ਜੇਲ੍ਹ ਗਿਆ ਤਾਂ ਉਸ ਤੋ ਬਾਅਦ ਇਸ ਨੇ ਅਪਰਾਧ ਨੂੰ ਆਪਣੇ ਧੰਦੇ ਵਜੋਂ ਅਪਣਾ ਲਿਆ। ਉਸ ਦੇ ਖ਼ਿਲਾਫ਼ ਕੁਰਾਲੀ, ਚੰਡੀਗੜ੍ਹ, ਰੂਪਨਗਰ ਅਤੇ ਦੋਰਾਹਾ ਦੇ ਥਾਣਿਆਂ ਵਿੱਚ ਲੜਾਈ ਝਗੜੇ ਅਤੇ ਐਨਡੀਪੀਐਸ ਐਕਟ ਦੇ ਤਹਿਤ ਅੱਠ ਮੁਕੱਦਮੇ ਦਰਜ ਹਨ।
ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਬਹਾਦਰ ਸਿੰਘ ਜਨਵਰੀ 2020 ਵਿੱਚ ਪਟਿਆਲਾ ਜੇਲ੍ਹ ’ਚੋਂ ਜ਼ਮਾਨਤ ’ਤੇ ਰਿਹਾਅ ਹੋਇਆ ਸੀ। ਇਸ ਤੋਂ ਤੁਰੰਤ ਬਾਅਦ ਉਸ ਨੇ ਜੇਲ੍ਹਾਂ ਵਿੱਚ ਬਣੇ ਸੰਪਰਕਾਂ ਦੀ ਮਦਦ ਨਾਲ ਨਾਜਾਇਜ਼ ਅਸਲੇ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਆਪਣਾ ਧੰਦੇ ਵਜੋਂ ਅਪਨਾ ਲਿਆ। ਉਸ ਦੇ ਪਿਤਾ ਦਾ ਮਾਮੇ ਦਾ ਲੜਕਾ ਕਾਲਾ ਯੂਪੀ ਅਤੇ ਬਿਹਾਰ ਵਿੱਚ ਪੰਜਾਬੀ ਢਾਬੇ ਚਲਾਉਂਦਾ ਹੈ, ਜਿਸ ਨੇ ਉਸ ਦਾ ਤਾਲਮੇਲ ਗੁਪਤਾ ਖਾਨ ਨਾਮ ਦੇ ਨਾਜਾਇਜ ਅਸਲਾ ਡੀਲਰ ਨਾਲ ਕਰਾਇਆ ਸੀ। ਜਿਸ ਪਾਸੋ ਮੁਲਜ਼ਮ ਪਿਸਤੌਲ ਖਰੀਦ ਕੇ ਪੰਜਾਬ ਵਿੱਚ ਗੈਂਗਸਟਰਾਂ ਤੇ ਹੋਰ ਅਪਰਾਧੀਆਂ ਨੂੰ ਨਾਜਾਇਜ਼ ਅਸਲੇ ਦੀ ਸਪਲਾਈ ਦੇਣ ਲੱਗ ਪਿਆ।
ਇਸੇ ਦੌਰਾਨ ਸੁੱਖਾ ਨਾਮ ਦੇ ਜੇਲ੍ਹ ਤੋਂ ਰਿਹਾਅ ਹੋਏ ਇਕ ਅਪਰਾਧੀ ਜੋ ਅਗਵਾ ਕੇਸ ਵਿੱਚ ਮੁਲਜ਼ਮ ਨਾਲ ਪਟਿਆਲਾ ਜੇਲ੍ਹ ਵਿੱਚ ਬੰਦ ਰਿਹਾ ਸੀ, ਨਾਲ
ਮਿਲ ਕੇ ਦਿੱਲੀ ਤੋਂ ਹੈਰੋਇਨ ਦੇ ਨਾਜਿਰੀਅਨਜ ਸਮੱਲਰਾ ਤੋਂ ਥੋਕ ਵਿੱਚ ਹੈਰੋਇਨ ਲਿਆ ਕੇ ਪ੍ਰਚੂਨ ਵਿੱਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇਣੀ ਸ਼ੁਰੂ ਕਰ ਦਿੱਤੀ। ਅਸਲੇ ਅਤੇ ਹੈਰੋਇਨ ਦੀ ਸਮੱਗਲਿੰਗ ’ਤੇ ਉਸ ਨੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਂ ’ਤੇ ਛੇ ਗੱਡੀਆਂ ਹੁਣ ਤੱਕ ਖਰੀਦੀਆਂ ਹਨ। ਉਸ ਨੇ ਕਰਾਸ ਬਾਰਡਰ ’ਤੇ ਆਉਣ ਵਾਲੀ ਹੈਰੋਇਨ ਹਾਸਲ ਕਰਨ ਲਈ ਨਿਤਿਨ ਸ਼ਰਮਾ ਵਾਸੀ ਅੰਮ੍ਰਿਤਸਰ ਅਤੇ ਉਸ ਦੇ ਹੋਰ ਸਮੱਗਲਰ ਸਾਥੀਆਂ ਨਾਲ ਨੇੜਤਾ ਬਣਾ ਲਈ। ਜਿਨਾਂ ਦੀ ਮਦਦ ਰਾਹੀਂ ਉਹ ਜੈਸਲਮੇਰ, ਗੰਗਾਨਗਰ, ਫਿਰੋਜਪੁਰ, ਅੰਮ੍ਰਿਤਸਰ ਤੋਂ ਲੈ ਕੇ ਜੰਮੂ ਬਾਰਡਰ ਤੱਕ ਆਪਣੇ ਲਿੰਕ ਬਣਾ ਚੁੱਕਾ ਸੀ। ਜਿੱਥੋਂ ਉਹ ਹੈਰੋਇਨ ਹਾਸਲ ਕਰਕੇ ਉੱਤਰੀ ਭਾਰਤ ਵਿੱਚ ਵੱਖ ਵੱਖ ਸ਼ਹਿਰਾਂ ਵਿੱਚ ਸਪਲਾਈ ਦਿੰਦਾ ਰਿਹਾ।
ਸਥਾਨਕ ਛੋਟੇ ਮੋਟੇ ਸਮੱਗਲਰਾ ਨਾਲ ਵੀ ਇਸ ਦੇ ਗੂੜੇ ਸਬੰਧ ਹਨ। ਜਿਨ੍ਹਾਂ ਪਾਸੋਂ ਉਹ ਹੈਰੋਇਨ ਖਰੀਦ ਵੀ ਲੈਂਦਾ ਸੀ ਅਤੇ ਲੋੜ ਅਨੁਸਾਰ ਮੁਨਾਫ਼ੇ ਦੇ ਅਧਾਰ ’ਤੇ ਉਨ੍ਹਾਂ ਨੂੰ ਥੋਕ ਵਿੱਚ ਸਪਲਾਈ ਵੀ ਦੇ ਦਿੰਦਾ ਸੀ। ਆਪਣੇ ਜੇਲ੍ਹ ਵਿੱਚ ਬੰਦ ਸਾਥੀਆਂ ਦੇ ਘਰਾਂ ਅਤੇ ਟਿਕਾਣਿਆਂ ਨੂੰ ਆਪਣੇ ਲੁੱਕਣ ਟਿਕਾਣਿਆ ਵਜੋਂ ਵਰਤਦਾ ਸੀ। ਜਿਸ ਦੇ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਲੈ ਕੇ ਆਉਣ ਬਾਬਤ ਖੂਫੀਆ ਇਤਲਾਹ ਤੇ ਇਸ ਦੇ ਘਰ ਜਿਉਂ ਹੀ ਰੇਡ ਕੀਤਾ ਤਾਂ ਇਹ ਪਿੱਠ ਤੇ ਪਾਏ ਬੈਗ ਸਮੇਤ ਕੋਠੇ ਤੋ ਦੂਜੇ ਮਕਾਨਾਂ ਛੱਤਾਂ ’ਤੇ ਛਾਲਾ ਮਾਰਦੇ ਹੋਏ ਦੂਰ ਜਾ ਕੇ ਪਿੰਡ ਤੋਂ ਬਾਹਰ ਸੜਕ ਵੱਲ ਭੱਜ ਗਿਆ। ਜਿੱਥੇ ਉਸ ਨੂੰ ਕਾਬੂ ਕਰਕੇ ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ ਇਕ ਕਿੱਲੋ ਪੰਜਾਹ ਗਰਾਮ ਹੈਰੋਇਨ ਬਰਾਮਦ ਹੋਈ ਹੈ। ਉਸ ਦੇ ਖ਼ਿਲਾਫ਼ ਕੁਰਾਲੀ ਥਾਣੇ ਵਿੱਚ 16 ਮਈ 2021 ਨੂੰ ਐਨਡੀਪੀਐਸ ਅਤੇ ਆਰਮਜ ਐਕਟ ਤਹਿਤ ਕੇਸ ਦਰਜ ਕੀਤਾ ਗਿਆ।
ਤਫ਼ਤੀਸ਼ ਦੌਰਾਨ ਉਸ ਦੇ ਇੰਕਸਾਫ ਕਰਨ ’ਤੇ ਉਸ ਦੇ ਘਰ ਤੋਂ 1300 ਟਰਾਮਾਡੋਲ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਅਤੇ ਡੂੰਘਾਈ ਨਾਲ ਪੁੱਛਗਿੱਛ ਕਰਨ ’ਤੇ ਉਸ ਵੱਲੋਂ ਇੰਕਸਾਫ ਕਰਨ ’ਤੇ ਇਕ 9 ਐਮ.ਐਮ ਦੀ ਪਿਸਤੌਲ ਸਮੇਤ 5 ਕਾਰਤੂਸ, ਇਕ 315 ਬੋਰ ਪਿਸਤੌਲ ਸਮੇਤ 3 ਕਾਰਤੂਸ ਅਤੇ ਇਕ 12 ਬੋਰ ਦੀ ਪਿਸਤੌਲ ਜਿਸ ਦੀ ਬੈਰਲ ਬਦਲ ਕੇ ਇਹ 12 ਬੋਰ ਗੰਨ ਬਣ ਜਾਂਦੀ ਹੈ ਸਮੇਤ 6 ਜਿੰਦਾ ਕਾਰਤੂਸ, ਇਸ ਦੇ ਵੱਖ ਵੱਖ ਟਿਕਾਣਿਆਂ ਤੋਂ ਬਰਾਮਦ ਕੀਤੇ ਗਏ ਹਨ।
ਪੁਲੀਸ ਦੀ ਜਾਣਕਾਰੀ ਅਨੁਸਾਰ ਮੁੱਢਲੀ ਪੁੱਛਗਿੱਛ ਦੌਰਾਨ ਬਹਾਦਰ ਸਿੰਘ ਨੇ ਮੰਨਿਆ ਹੈ ਕਿ ਗੈਂਗਸਟਰ ਲਾਰੈਂਸ ਬਿਸਨੋਈ ਵੱਲੋਂ ਆਪਣੇ ਗੈਂਗ ਦੇ ਗੈਂਗਸਟਰ ਬੌਬੀ ਮਲਹੋਤਰਾ ਰਾਹੀਂ ਜਿਹੜੇ ਸ਼ਾਰਪ ਸੂਟਰਾਂ ਨਿਤਿਨ ਵਾਸੀ ਅੰਮ੍ਰਿਤਸਰ ਅਤੇ ਕਰਨ ਵਾਸੀ ਬਨੂੜ ਪਾਸੋਂ 31.5.2020 ਨੂੰ ਜਿਸ ਸ਼ਰਾਬ ਦੇ ਠੇਕੇਦਾਰ ਦੇ ਘਰ ’ਤੇ ਸੈਕਟਰ 33 ਚੰਡੀਗੜ੍ਹ ਵਿਖੇ ਫਾਇਰਿੰਗ ਕਰਵਾਈ ਸੀ, ਇਸ ਫਾਇਰਿੰਗ ਦੀ ਵਾਰਦਾਤ ਮਗਰੋਂ ਗੈਂਗਸਟਰ ਬੌਬੀ ਮਲਹੋਤਰਾ ਦੇ ਕਹਿਣ ’ਤੇ ਹੀ ਉਸ ਨੇ ਇਨ੍ਹਾਂ ਦੋਵੇਂ ਸ਼ਾਰਪ ਸੂਟਰਾਂ ਨਿਤਿਨ ਅੰਮ੍ਰਿਤਸਰ ਤੇ ਕਰਨ ਬਨੂੜ ਨੂੰ ਆਪਣੇ ਘਰ ਪਿੰਡ ਲਖਨੌਰ ਵਿਖੇ ਪਨਾਹ ਦਿੱਤੀ ਸੀ ਅਤੇ ਫਿਰ ਪੁਲੀਸ ਦੀ ਐਕਟੀਵਿਟੀਜ ਘਟਣ ’ਤੇ ਉਸ ਨੇ ਦੋਵੇਂ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਆਪਣੀ ਬਲੈਰੋ ਗੱਡੀ ਰਾਹੀਂ ਲੁਕਣ ਟਿਕਾਣਿਆਂ ਕਰਨ ਨੂੰ ਪਿੰਡ ਸੋਲਖੀਆ ਜ਼ਿਲ੍ਹਾ ਰੂਪਨਗਰ ਅਤੇ ਨਿਤਿਨ ਨੂੰ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪਹੁੰਚਾਇਆ ਸੀ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਪਾਸੋਂ ਪੁੱਛਗਿੱਛ ਅਤੇ ਹੋਰ ਛਾਣਬੀਣ ਚੱਲ ਰਹੀ ਹੈ ਪੁਲੀਸ ਨੂੰ ਬਹਾਦਰ ਸਿੰਘ ਕੋਲੋਂ ਹੋਰ ਅਹਿਮ ਇੰਕਸਾਫ ਅਤੇ ਉਸ ਦੇ ਸਾਥੀਆ ਤੇ ਨਸ਼ਾ ਤਸਕਰਾਂ ਦੀ ਸਪਲਾਈ ਲਾਈਨ ਬਾਰੇ ਹੋਰ ਅਹਿਮ ਜਾਣਕਾਰੀ ਹਾਸਲ ਹੋਣ ਦੀ ਉਮੀਦ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …