ਮੁਹਾਲੀ ਪੁਲੀਸ ਵੱਲੋਂ ਦੁਕਾਨਾਂ ਤੇ ਗੁਦਾਮਾਂ ਵਿੱਚ ਪਾੜ ਲਗਾ ਕੇ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼

ਪਿਉ-ਪੁੱਤ, ਦੋ ਸਕੇ ਭਰਾ ਸਮੇਤ 6 ਮੁਲਜ਼ਮ ਤੇ ਚੋਰੀ ਦਾ ਸਮਾਨ ਖ਼ਰੀਦਣ ਵਾਲੇ 3 ਦੁਕਾਨਦਾਰ ਕਾਬੂ

ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਕੀਤਾ 50 ਲੱਖ ਰੁਪਏ ਕੀਮਤ ਦਾ ਸਾਮਾਨ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜਨਵਰੀ:
ਮੁਹਾਲੀ ਪੁਲੀਸ ਨੇ ਦੁਕਾਨਾਂ ਅਤੇ ਗੁਦਾਮਾਂ ਵਿੱਚ ਪਾੜ ਲਗਾ ਕੇ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਕੋਲੋਂ 50 ਲੱਖ ਰੁਪਏ ਕੀਮਤ ਦਾ ਚੋਰੀ ਦਾ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਅਤੇ ਡੀਐਸਪੀ (ਸਿਟੀ-1) ਗੁਰਸ਼ੇਰ ਸਿੰਘ ਸੰਧੂ ਨੇ ਦੱਸਿਆ ਕਿ ਇਹ ਗਰੋਹ ਮੁਹਾਲੀ ਅਤੇ ਜ਼ੀਰਕਪੁਰ ਇਲਾਕੇ ਵਿੱਚ ਵੱਡੀਆਂ ਦੁਕਾਨਾਂ ਅਤੇ ਗੁਦਾਮਾਂ ਦੀ ਰੈਕੀ ਕਰਕੇ ਪਾੜ ਲਗਾ ਕੇ ਵੱਡੀ ਮਾਤਰਾ ਵਿੱਚ ਚੋਰੀਆਂ ਕਰਦਾ ਸੀ।
ਉਨ੍ਹਾਂ ਦੱਸਿਆ ਕਿ ਮਟੌਰ ਥਾਣਾ ਦੇ ਐਸਐਚਓ ਇੰਸਪੈਕਟਰ ਅਸ਼ੋਕ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਸਾਹਿਲ ਅਤੇ ਉਸ ਦਾ ਬੇਟਾ ਜਸਵੀਰ ਸਿੰਘ ਵਾਸੀ ਗੁਰੂ ਅੰਗਦ ਦੇਵ ਕਲੋਨੀ ਰਾਜਪੁਰਾ, ਸਾਹਿਲ ਤੇ ਉਸ ਦਾ ਭਰਾ ਸੁਲੱਭ ਵਾਸੀ ਮਹਾਂਵੀਰ ਮੰਦਰ ਰਾਜਪੁਰਾ, ਨਿਸ਼ਾਨ ਖੰਨਾ ਉਰਫ਼ ਈਸੂ ਵਾਸੀ ਖਰੜ ਅਤੇ ਸਾਹਿਬ ਸਿੰਘ ਉਰਫ਼ ਸਾਹਿਬਪ੍ਰੀਤ ਸਿੰਘ ਵਾਸੀ ਖਰੜ ਨੂੰ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ।
ਐਸਪੀ ਵਿਰਕ ਨੇ ਦੱਸਿਆ ਕਿ ਮੁਲਜ਼ਮਾਂ ਦੀ ਮੁੱਢਲੀ ਪੁੱਛਗਿੱਛ ਤੋਂ ਬਾਅਦ ਚੋਰੀ ਕੀਤਾ ਸਮਾਨ ਖ਼ਰੀਦਣ ਵਾਲੇ ਰਾਜਪੁਰਾ ਅਤੇ ਪਟਿਆਲਾ ਦੇ ਤਿੰਨ ਦੁਕਾਨਦਾਰਾਂ ਨਰੇਸ਼ ਵਾਸੀ ਗਾਂਧੀ ਕਲੋਨੀ ਰਾਜਪੁਰਾ, ਮੁਨੀਸ਼ ਕੁਮਾਰ ਵਾਸੀ ਰਾਜਪੁਰਾ ਟਾਊਨ ਅਤੇ ਸੰਜਮ ਸਿੰਧੀ ਵਾਸੀ ਤ੍ਰਿਪੜੀ ਟਾਊਨ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 4 ਮਹਿੰਦਰਾ ਪਿੱਕਅਪ ਗੱਡੀਆਂ ਚੋਰੀ ਕੀਤੀਆਂ ਗਈਆਂ ਸਨ। ਜਿਸ ’ਚੋਂ 1 ਮਹਿੰਦਰਾ ਪਿੱਕਅਪ ਗੱਡੀ ਬਰਾਮਦ ਕਰ ਲਈ ਗਈ ਹੈ। ਇਸ ਤੋਂ ਇਲਾਵਾ ਭਾਰੀ ਮਾਤਰਾ ਵਿੱਚ ਚੋਰੀਸ਼ੁਦਾ ਗਰੋਸਰੀ ਅਤੇ ਦਵਾਈਆਂ, ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲੀਸ ਦੇ ਦੱਸਣ ਅਨੁਸਾਰ ਮੁਲਜ਼ਮਾਂ ਕੋਲੋਂ ਬਰਾਮਦ ਕੀਤੇ ਸਾਮਾਨ ਦੀ ਕੀਮਤ 50 ਲੱਖ ਰੁਪਏ ਦੇ ਕਰੀਬ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ’ਚੋਂ ਸਾਹਿਲ ਹੋਟਲ ਮੈਨੇਜਮੈਂਟ ਅਤੇ ਮੁਨੀਸ਼ ਡੀ-ਫਾਰਮੇਸੀ ਦੀ ਪੜਾਈ ਕਰ ਰਿਹਾ ਹੈ ਜਦੋਂਕਿ ਜਸਵੀਰ ਸਿੰਘ ਅਤੇ ਈਸ਼ੂ ਅਨਪੜ੍ਹ ਹਨ ਅਤੇ ਬਾਕੀ ਮੁਲਜ਼ਮ ਵੀ 8ਵੀਂ ਤੋਂ 12ਵੀਂ ਕਲਾਸ ਤੱਕ ਪੜੇ ਹਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਇਨ੍ਹਾਂ ਵਿਅਕਤੀਆਂ ’ਚੋਂ ਮੁਨੀਸ਼ ਖ਼ਿਲਾਫ਼ 1, ਜਸਵੀਰ ਸਿੰਘ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ 8, ਸਾਹਿਬ ਸਿੰਘ ਖ਼ਿਲਾਫ਼ 2 ਅਤੇ ਨਿਸ਼ਾਨ ਉਰਫ਼ ਈਸ਼ੂ ਖ਼ਿਲਾਫ਼ 5 ਅਪਰਾਧਿਕ ਕੇਸ ਦਰਜ ਹਨ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੱੁਛਗਿੱਛ ਦੌਰਾਨ ਫਿਲਹਾਲ ਮੁਲਜ਼ਮਾਂ ਨੇ ਜ਼ੀਰਕਪੁਰ ਵਿੱਚ 3 ਚੋਰੀਆਂ ਅਤੇ ਸ਼ਾਹੀਮਾਜਰਾ ਵਿੱਚ 1 ਚੋਰੀ ਕਰਨ ਦੀ ਗੱਲ ਮੰਨੀ ਹੈ ਅਤੇ ਪੁੱਛਗਿੱਛ ਦੌਰਾਨ ਚੋਰੀ ਦੀਆਂ ਵਾਰਦਾਤਾਂ ਸਬੰਧੀ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

Load More Related Articles

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …