ਮੁਹਾਲੀ ਪੁਲੀਸ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਪਰਦਾਫਾਸ਼, 3 ਕਾਬੂ

ਗੈਂਗਸਟਰ ਲਾਰੈਂਸ ਬਿਸ਼ਨੋਈ ਗਰੋਹ ਨਾਲ ਜੁੜੇ ਹੋਏ ਨੇ ਮੁਲਜ਼ਮਾਂ ਦੇ ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੁਲਾਈ:
ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ/ਗੈਂਗਸਟਰਾ ਵਿਰੋਧੀ ਮੁਹਿੰਮ ਤਹਿਤ ਮੁਹਾਲੀ ਪੁਲੀਸ ਨੇ ਟ੍ਰਾਈਸਿਟੀ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਤਿੰਨ ਮੁਲਜ਼ਮਾਂ ਦੇਵਰਾਜ ਸ਼ਰਮਾ, ਬੰਟੀ ਸ਼ਰਮਾ ਅਤੇ ਗੌਰਵ ਸ਼ਰਮਾ ਉਰਫ਼ ਗੌਰੀ ਵਾਸੀ ਰਾਜਾ ਰਾਮ ਕਲੋਨੀ, ਬੜਮਾਜਰਾ (ਮੁਹਾਲੀ) ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਬਲੌਂਗੀ ਥਾਣੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਦੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 137 ਗਰਾਮ ਹੈਰੋਇਨ ਅਤੇ ਡਰੱਗ ਮਨੀ 3 ਲੱਖ 7500 ਰੁਪਏ ਬਰਾਮਦ ਕੀਤੇ ਗਏ ਹਨ।
ਐੱਸਐੱਸਪੀ ਸੋਨੀ ਨੇ ਦੱਸਿਆ ਕਿ ਡੀਐਸਪੀ ਖਰੜ ਬਿਕਰਮਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਬਲੌਂਗੀ ਥਾਣਾ ਦੇ ਐਸਐਚਓ ਇੰਸਪੈਕਟਰ ਪੈਰੀਵਿੰਕਲ ਗਰੇਵਾਲ ਦੀ ਅਗਵਾਈ ਵਾਲੀ ਟੀਮ ਨੇ ਗੁਪਤ ਸੂਚਨਾ ਨੂੰ ਆਧਾਰ ਬਣਾ ਕੇ ਉਕਤ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੌਰਵ ਉਰਫ਼ ਗੌਰੀ ਅਤੇ ਬੰਟੀ ਸ਼ਰਮਾ ਨੇ ਮੁੱਢਲੀ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੋਹ ਦੇ ਮੈਂਬਰ ਰਜਿੰਦਰ ਸਿੰਘ ਉਰਫ਼ ਜੋਕਰ ਨਾਲ ਜੁੜੇ ਹੋਏ ਹਨ। ਉਹ, ਪੰਜਾਬ ਦੇ ਮਸ਼ਹੂਰ ਗਾਇਕ ਮਰਹੂਮ ਸਿੱਧੂ ਮੂਸੇਵਾਲ ਕਤਲ ਮਾਮਲੇ ਵਿੱਚ ਪੁਲੀਸ ਨੂੰ ਲੋੜੀਂਦਾ ਹੈ, ਜੋ ਇਸ ਸਮੇਂ ਪੁਲੀਸ ਦੀ ਗ੍ਰਿਫ਼ਤ ਤੋਂ ਫਰਾਰ ਹੈ। ਉਸ ਨੇ ਸਿੱਧੂ ਮੂਸੇਵਾਲ ਕਤਲ ਕੇਸ ਵਿੱਚ ਉਕਲਾਨਾ ਮੰਡੀ, ਜ਼ਿਲ੍ਹਾ ਹਿਸਾਰ ਦੇ ਸ਼ੂਟਰਾਂ ਨੂੰ ਪਲਾਹ ਮੁਹੱਈਆ ਕਰਵਾਈ ਸੀ। ਪਿਛਲੇ ਸਾਲ 11 ਨਵੰਬਰ ਨੂੰ ਧਾਰਾ 307 ਅਤੇ ਅਸਲਾ ਐਕਟ ਤਹਿਤ ਥਾਣਾ ਫੇਜ਼-1 ਵਿੱਚ ਦਰਜ ਪਰਚੇ ਵਿੱਚ ਵੀ ਜੋਕਰ ਨਾਮਜ਼ਦ ਹੈ। ਬੰਟੀ ਦਾ ਵੱਡਾ ਭਰਾ ਰਵੀ ਜਨਵਰੀ 2022 ਵਿੱਚ ਬਲੌਂਗੀ ਵਿੱਚ ਹੋਏ ਆਟੋ ਰਿਕਸ਼ਾ ਚਾਲਕ ਦੇ ਕਤਲ ਮਾਮਲੇ ਵਿੱਚ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਬੰਦ ਹੈ। ਰਵੀ ਵੀ ਇਸ ਗਰੋਹ ਨਾਲ ਜੁੜਿਆ ਹੋਇਆ ਹੈ। ਪੁਲੀਸ ਵੱਲੋਂ ਉਨ੍ਹਾਂ ਦੇ ਸਾਥੀਆਂ ਅਤੇ ਨਸ਼ਾ ਵੰਡਣ ਵਾਲੇ ਖੇਤਰਾਂ ਬਾਰੇ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਪੁਲੀਸ ਨੂੰ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।

Load More Related Articles

Check Also

ਸਿੱਖ ਕੌਮ ਆਪਣੀ ਤਾਕਤ ਦੀ ਲਾਮਬੰਦੀ ਯਕੀਨੀ ਬਣਾਏ: ਜਥੇਦਾਰ ਕੁਲਦੀਪ ਸਿੰਘ ਗੜਗੱਜ

ਸਿੱਖ ਕੌਮ ਆਪਣੀ ਤਾਕਤ ਦੀ ਲਾਮਬੰਦੀ ਯਕੀਨੀ ਬਣਾਏ: ਜਥੇਦਾਰ ਕੁਲਦੀਪ ਸਿੰਘ ਗੜਗੱਜ ਵਿਸ਼ਵ ਸ਼ਾਂਤੀ ਤੇ ਹਿੰਦ-ਪਾਕਿ…