nabaz-e-punjab.com

ਮੁਹਾਲੀ ਪੁਲੀਸ ਵੱਲੋਂ ਗੈਂਗਸਟਰ ਸੁਖਪ੍ਰੀਤ ਬੁੱਢਾ ਖ਼ਿਲਾਫ਼ ਸਪਲੀਮੈਂਟ ਚਾਰਜਸ਼ੀਟ ਦਾਖ਼ਲ

ਹਰਿਆਣਾ ਪੁਲੀਸ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਪੰਜਾਬ ਦੀ ਜੇਲ੍ਹ ’ਚ ਸ਼ਿਫ਼ਟ ਕਰਨ ਦੀ ਲਗਾਈ ਗੁਹਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਫਰਵਰੀ:
ਮੁਹਾਲੀ ਪੁਲੀਸ ਵੱਲੋਂ ਪੰਜਾਬੀ ਗਾਇਕ ਅਤੇ ਫਿਲਮੀ ਕਲਾਕਾਰ ਪਰਮੀਸ਼ ਵਰਮਾ ਅਤੇ ਉਸ ਦੇ ਦੋਸਤ ਕੁਲਵੰਤ ਚਾਹਲ ’ਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਨਾਮਜ਼ਦ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਖ਼ਿਲਾਫ਼ ਮੁਹਾਲੀ ਅਦਾਲਤ ਵਿੱਚ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਹੈ। ਇਸੇ ਮਾਮਲੇ ਵਿੱਚ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਨੂੰ ਅੱਜ ਅੰਬਾਲਾ ਜੇਲ੍ਹ ’ਚੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਲਿਆ ਕੇ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਹਰਿਆਣਾ ਪੁਲੀਸ ਨੇ ਅਦਾਲਤ ਵਿੱਚ ਇਕ ਅਰਜੀ ਦਾਇਰ ਕਰਕੇ ਕਿਹਾ ਕਿ ਦਿਲਪ੍ਰੀਤ ਬਾਬਾ ਖ਼ਿਲਾਫ਼ ਜ਼ਿਆਦਾਤਰ ਕੇਸ ਪੰਜਾਬ ਵਿੱਚ ਚੱਲ ਰਹੇ ਹਨ। ਇਸ ਲਈ ਉਸ (ਬਾਬਾ) ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਸ਼ਿਫ਼ਟ ਕੀਤਾ ਜਾਵੇ। ਅਦਾਲਤ ਵੱਲੋਂ ਹਰਿਆਣਾ ਪੁਲੀਸ ਦੀ ਅਰਜੀ ਨੂੰ ਮਨਜੂਰ ਕਰਦਿਆਂ ਦਿਲਪ੍ਰੀਤ ਬਾਬਾ ਨੂੰ ਨਿਊ ਨਾਭਾ ਜੇਲ੍ਹ ਵਿੱਚ ਤਬਦੀਲ ਕਰਨ ਦੇ ਹੁਕਮ ਦਿੱਤੇ। ਇਸ ਮਾਮਲੇ ਵਿੱਚ ਦਿਲਪ੍ਰੀਤ ਬਾਬਾ ਅਤੇ ਹਰਜਿੰਦਰ ਸਿੰਘ ਉਰਫ਼ ਆਕਾਸ਼ ਜੇਲ੍ਹ ਵਿੱਚ ਬੰਦ ਹਨ ਜਦੋਂਕਿ ਤਿੰਨ ਮੁਲਜ਼ਮਾਂ ਦੀ ਜ਼ਮਾਨਤ ਹੋ ਚੁੱਕੀ ਹੈ। ਪੁਲੀਸ ਦਿਲਪ੍ਰੀਤ ਬਾਬਾ, ਹਰਜਿੰਦਰ ਸਿੰਘ ਉਰਫ਼ ਆਕਾਸ਼, ਅਰਸ਼ਦੀਪ ਸਿੰਘ ਉਰਫ਼ ਅਰਸ਼, ਅਰੁਣ ਕੁਮਾਰ ਉਰਫ਼ ਸਨੀ ਅਤੇ ਗੌਰਵ ਪਟਿਆਲ ਦੀ ਪਤਨੀ ਰੇਨੂੰ ਖ਼ਿਲਾਫ਼ ਧਾਰਾ 307, 148, 149, 427, 120ਬੀ, 212, 216, 201 ਅਤੇ ਅਸਲਾ ਐਕਟ ਤਹਿਤ ਵਿੱਚ ਅਦਾਲਤ ਵਿੱਚ ਪਹਿਲਾਂ ਹੀ ਚਾਰਜਸ਼ੀਟ ਦਾਖ਼ਲ ਕਰ ਚੁੱਕੀ ਹੈ, ਪ੍ਰੰਤੂ ਉਕਤ ਮੁਲਜ਼ਮਾਂ ਵਿਰੁੱਧ ਹਾਲੇ ਤੱਕ ਦੋਸ਼ ਤੈਅ ਨਹੀਂ ਹੋ ਸਕੇ। ਜਿਸ ਕਾਰਨ ਮੁਲਜ਼ਮਾਂ ਖ਼ਿਲਾਫ਼ ਅਦਾਲਤੀ ਕਾਰਵਾਈ ਅੱਗੇ ਨਹੀਂ ਤੁਰ ਸਕੀ ਹੈ।
ਉਧਰ, ਇਸ ਮਾਮਲੇ ਵਿੱਚ ਮੁਲਜ਼ਮ ਗੌਰਵ ਪਟਿਆਲ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਮੁਲਜ਼ਮ ਸਨੀ ’ਤੇ ਦੋਸ਼ ਹੈ ਕਿ ਜਦੋਂ ਉਹ ਹਰਿਆਣਾ ਵਿੱਚ ਰਹਿੰਦਾ ਸੀ ਤਾਂ ਉਸ ਨੇ ਵਾਰਦਾਤ ਤੋਂ ਬਾਅਦ ਦਿਲਪ੍ਰੀਤ ਬਾਬੇ ਨੂੰ ਆਪਣੇ ਕੋਲ ਪਨਾਹ ਦਿੱਤੀ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਰੁਪਿੰਦਰ ਗਾਂਧੀ ਦੇ ਭਰਾ ਮਨਵਿੰਦਰ ਸਿੰਘ ਉਰਫ਼ ਮਿੰਦੀ ਦੇ 21 ਅਗਸਤ 2017 ਨੂੰ ਪਿੰਡ ਰਸੂਲੜਾ (ਖੰਨਾ) ਵਿੱਚ ਹੋਏ ਕਤਲ ਦੌਰਾਨ ਵਰਤੀ ਪਿਸਤੌਲ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੀ ਨਿਸ਼ਾਨਦੇਹੀ ’ਤੇ ਬਰਾਮਦ ਕੀਤੀ ਗਈ ਸੀ। ਗੈਂਗਸਟਰ ਦਿਲਪ੍ਰੀਤ ਦੀ ਨਿਸ਼ਾਨਦੇਹੀ ’ਤੇ ਹੀ 4 ਲੱਖ ਰੁਪਏ ਬਰਾਮਦ ਕੀਤੇ ਗਏ ਸਨ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …