Share on Facebook Share on Twitter Share on Google+ Share on Pinterest Share on Linkedin ਮੁਹਾਲੀ ਪੁਲੀਸ ਵੱਲੋਂ ਐਲਆਈਸੀ ਪਾਲਿਸੀ ’ਚ ਮੁਨਾਫ਼ਾ ਦੇਣ ਦਾ ਝਾਂਸਾ ਦੇ ਕੇ ਠੱਗੀਆਂ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼, 3 ਕਾਬੂ ਮੁਲਜ਼ਮ ਪੰਜਾਬ, ਹਰਿਆਣਾ ਤੇ ਹਿਮਾਚਲ, ਰਾਜਸਥਾਨ ਦੇ ਬਜ਼ੁਰਗਾਂ ਨੂੰ ਬਣਾਉਂਦੇ ਸਨ ਨਿਸ਼ਾਨਾ, ਡੀਐਸਪੀ ਸਾਈਬਰ ਸੈੱਲ ਨੇ ਕੀਤਾ ਖੁਲਾਸਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਗਸਤ: ਪੰਜਾਬ ਪੁਲੀਸ ਦੇ (ਸਾਈਬਰ ਕਰਾਈਮ) ਸੈੱਲ ਮੁਹਾਲੀ ਨੇ ਐਲਆਈਸੀ ਅਤੇ ਭਾਰਤੀ ਐਕਸਾ ਸਿਹਤ ਬੀਮਾ ਪਾਲਿਸੀ ਵਿੱਚ ਚੌਖਾ ਮੁਨਾਫ਼ਾ ਦੇਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਸ਼ਰ੍ਹੇਆਮ ਠੱਗੀਆਂ ਮਾਰਨ ਵਾਲੇ ਅੰਤਰਰਾਸ਼ਟਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਐਸਐਸਪੀ ਦਫ਼ਤਰ ਸਥਿਤ ਕਮੇਟੀ ਰੂਮ ਵਿੱਚ ਪੰਜਾਬ ਪੁਲੀਸ ਦੀ ਡੀਐਸਪੀ (ਸਾਈਬਰ ਕਰਾਈਮ) ਮੁਹਾਲੀ ਸ੍ਰੀਮਤੀ ਰੁਪਿੰਦਰਦੀਪ ਕੌਰ ਸੋਹੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਆਨੰਦ ਮਿਸ਼ਰਾ ਵਾਸੀ ਅੱਛਾ ਗਾਓ ਨਵੀਂ ਦਿੱਲੀ, ਪ੍ਰਮੋਦ ਵਾਸੀ ਪਿੰਡ ਰੋਹਿਨੀ (ਯੂਪੀ) ਹਾਲ ਵਾਸੀ ਪ੍ਰਧਾਨ ਇਨਕਲੇਵ ਬਰਾੜੀ ਦਿੱਲੀ, ਕਰਨ ਵਾਸੀ ਸ਼ਾਂਤੀ ਮੁਹੱਲਾ ਗਾਂਧੀ ਨਗਰ ਨਵੀਂ ਦਿੱਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਐਸਪੀ ਸ੍ਰੀਮਤੀ ਸੋਹੀ ਨੇ ਦੱਸਿਆ ਕਿ ਇਸ ਸਬੰਧੀ ਪੀੜਤ ਲੋਕਾਂ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਥਾਣਾ ਫੇਜ਼-11 ਵਿੱਚ ਕਈ ਵਿਅਕਤੀਆਂ ਦੇ ਖ਼ਿਲਾਫ਼ ਧਾਰਾ 406,420,120ਬੀ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਉਕਤ ਮੁਲਜ਼ਮਾਂ ਨੂੰ ਦਿੱਲੀ ਦੇ ਵੱਖ ਵੱਖ ਟਿਕਾਣਿਆਂ ’ਤੇ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮੁਲਜ਼ਮ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਬਜ਼ੁਰਗ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਚੁੱਕੇ ਹਨ। ਮੁਲਜ਼ਮ ਫੋਨ ’ਤੇ ਐਲਆਈਸੀ ਤੇ ਹੋਰ ਕੰਪਨੀਆਂ ਦੇ ਅਧਿਕਾਰੀ ਬਣ ਕੇ ਗੱਲ ਕਰਦੇ ਸੀ ਅਤੇ ਲੋਕਾਂ ਨੂੰ ਮੁਨਾਫ਼ੇ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਖ਼ਿਲਾਫ਼ ਕਰੀਬ 43 ਹੋਰ ਪੀੜਤ ਲੋਕ ਸਾਹਮਣੇ ਆਏ ਹਨ। ਮੁਲਜ਼ਮ ਆਪਣੇ ਗਰੋਹ ਨਾਲ ਮਿਲ ਕੇ ਦਿੱਲੀ ਵਿੱਚ ਏਐਸ ਬਿਜ਼ਨਸ ਨਾਂ ਦੀ ਕੰਪਨੀ ਚਲਾ ਰਹੇ ਸਨ। ਜਿੱਥੋਂ ਉਹ ਬਜ਼ੁਰਗ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਠੱਗੀਆਂ ਮਾਰਦੇ ਸਨ। ਮੁਲਜ਼ਮਾਂ ਦੀ ਇਕ ਰਿਸਕ ਫਰੀ ਲਾਈਫ਼ ਕੰਪਨੀ ਮੁੰਬਈ ਵਿੱਚ ਵੀ ਹੈ। ਡੀਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਉਹ ਆਪਣੇ ਗਰੋਹ ਦੇ ਹੋਰ ਮੈਂਬਰਾਂ ਨਾਲ ਮਿਲ ਕੇ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਭੋਲੇ-ਭਾਲੇ ਅਤੇ ਬਜ਼ੁਰਗ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਅਤੇ ਉਨ੍ਹਾਂ ਨੂੰ ਐਲਆਈਸੀ ਦੇ ਪ੍ਰੀਮਿਅਮ ਦੀ ਬਕਾਇਆ ਰਾਸ਼ੀ ਦਾ ਲਾਲਚ ਦੇ ਕੇ ਉਨ੍ਹਾਂ ਕੋਲੋਂ ਵੱਖ-ਵੱਖ ਖਾਤਿਆਂ ਵਿੱਚ ਪੈਸੇ ਪਵਾ ਲੈਂਦੇ ਸਨ ਪ੍ਰੰਤੂ ਬਦਲੇ ਵਿੱਚ ਪਾਲਸੀ ਸਬੰਧੀ ਲੋਕਾਂ ਨੂੰ ਕੋਈ ਦਸਤਾਵੇਜ਼ ਮੁਹੱਈਆ ਨਹੀਂ ਕਰਵਾਇਆ ਜਾਂਦਾ ਸੀ। ਠੱਗੀ ਦਾ ਸ਼ਿਕਾਰ ਹੋਏ ਲੋਕਾਂ ਵੱਲੋਂ ਪਾਲਿਸੀ ਬਾਰੇ ਪੁੱਛਣ ’ਤੇ ਉਨ੍ਹਾਂ ਨੂੰ ਟਾਲ ਮਟੋਲ ਕਰਦੇ ਰਹਿੰਦੇ ਸਨ ਅਤੇ ਬਾਅਦ ਵਿੱਚ ਆਪਣੇ ਫੋਨ ਬੰਦ ਕਰ ਲੈਂਦੇ ਸਨ। ਇਸ ਤਰ੍ਹਾਂ ਇਨ੍ਹਾਂ ਮੁਲਜ਼ਮਾਂ ਨੇ ਇਕੱਲੇ ਪੰਜਾਬ ਵਿੱਚ ਕਰੋੜਾਂ ਰੁਪਏ ਦੀ ਠੱਗੀ ਮਾਰੀ ਜਾ ਚੁੱਕੀ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲੀਸ ਨੂੰ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ