Nabaz-e-punjab.com

ਮੁਹਾਲੀ ਪੁਲੀਸ ਵੱਲੋਂ ਓਐਲਐਕਸ ਤੇ ਪੇਟੀਐਮ ਰਾਹੀਂ ਠੱਗੀਆਂ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼, 3 ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਾਰਚ:
ਮੁਹਾਲੀ ਪੁਲੀਸ ਨੇ ਕਿ ਓਐਲਐਕਸ ਅਤੇ ਪੇਟੀਐਮ ਰਾਹੀਂ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਇਸ ਗਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਵੱਖ ਵੱਖ ਵਿਅਕਤੀਆਂ ਨਾਲ ਓਐਲ ਐਕਸ ਅਤੇ ਪੇਟੀਐਮ ਰਾਹੀਂ ਠੱਗੀਆਂ ਮਾਰਨ ਦੇ ਦੋਸ਼ਾਂ ਸਬੰਧੀ ਪੁਲੀਸ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਸਬੰਧੀ ਸਾਈਬਰ ਕ੍ਰਾਈਮ ਸੈਲ ਦੀ ਡੀਐਸਪੀ ਸ੍ਰੀਮਤੀ ਰੁਪਿੰਦਰਦੀਪ ਕੌਰ ਸੋਹੀ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ ਸੀ ਅਤੇ ਮੁੱਢਲੀ ਜਾਂਚ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀਤੀ 6 ਮਾਰਚ ਨੂੰ ਧਾਰਾ 419,465,467,468, 471, 420,120ਬੀ ਅਤੇ 66ਡੀ ਆਈਟੀ ਐਕਟ ਥਾਣਾ ਢਕੌਲੀ ਵਿੱਚ ਕੇਸ ਦਰਜ ਕੀਤਾ ਗਿਆ ਸੀ।
ਐਸਐਸਪੀ ਨੇ ਦੱਸਿਆ ਕਿ ਡੀਐਸਪੀ ਸ੍ਰੀਮਤੀ ਰੁਪਿੰਦਰਦੀਪ ਕੌਰ ਸੋਹੀ ਦੀ ਅਗਵਾਈ ਹੇਠ ਸਾਈਬਰ ਸੈੱਲ ਦੀ ਸਮੁੱਚੀ ਟੈਕਨੀਕਲ ਟੀਮ ਵੱਲੋਂ ਵੱਖ ਵੱਖ ਪਹਿਲੂਆਂ ’ਤੇ ਆਧੁਨਿਕ ਤੇ ਟੈਕਨੀਕਲ ਤਰੀਕੇ ਨਾਲ ਕੀਤੀ ਗਈ। ਜਿਸ ਦੌਰਾਨ ਜਾਂਚ ਟੀਮ ਮੁਲਜ਼ਮਾਂ ਦੀ ਸ਼ਨਾਖਤ ਕਰਕੇ ਗਰੋਹ ਦੇ 3 ਮੈਂਬਰਾਂ ਇਸਲਾਮ, ਤਾਲੀਮ ਅਤੇ ਰਿਆਜ ਅਹਿਮਦ ਖਾਨ ਸਾਰੇ ਵਾਸੀਆਨ ਪਿੰਡ ਝੀਲ ਪੱਟੀ, ਜ਼ਿਲ੍ਹਾ ਭਰਤਪੁਰ (ਰਾਜਸਥਾਨ) ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਰਾਜਸਥਾਨ ਦਾ ਇਹ ਇਲਾਕਾ ਮਾਉੂ ਕ੍ਰਿਮੀਨਲ ਬੈਲਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਲੋਕ ਨਵੇਂ-ਨਵੇਂ ਢੰਗ ਤਰੀਕਿਆਂ ਨਾਲ ਆਮ ਲੋਕਾਂ ਨੂੰ ਭਰਮਾ ਕੇ ਆਪਣੇ ਜਾਲ ਵਿੱਚ ਫਸਾ ਕੇ ਉਨ੍ਹਾਂ ਦੀ ਲੁੱਟ ਕਰਦੇ ਹਨ।
ਸ੍ਰੀ ਭੁੱਲਰ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਗਰੋਹ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਓਐਲਐਕਸ ’ਤੇ ਮੋਬਾਈਲ ਫੋਨ, ਐਕਟਿਵਾ, ਕਾਰਾਂ, ਕੈਮਰੇ, ਲੈਪਟਾਪ ਅਤੇ ਕੈਮਰੇ ਸਸਤੇ ਭਾਅ ਵੇਚਣ ਦਾ ਝਾਂਸਾ ਦਿੰਦੇ ਸਨ ਅਤੇ ਆਮ ਲੋਕਾਂ ਨੂੰ ਭਰੋਸਾ ਦਿਵਾਉਣ ਲਈ ਸਬੰਧਤ ਚੀਜ਼ਾਂ ਵੇਚਣ ਵਾਲੇ ਵਿਅਕਤੀਆਂ ਦੀਆਂ ਫੌਜ/ਆਰਮਡ ਫੋਰਸ ਦੀਆਂ ਵਰਦੀਆਂ ਵਾਲੀਆਂ ਸੰਜੇ ਕੁਮਾਰ, ਨਗਿੰਦਰ ਯਾਦਵ ਅਤੇ ਵਿਕਾਸ ਪਟੇਲ ਦੇ ਨਾਮ ਵਾਲੀਆਂ ਫੋਟੋਆਂ ਵੀ ਪਾ ਦਿੰਦੇ ਸਨ ਤਾਂ ਜੋ ਲੋਕਾਂ ਨੂੰ ਇਨ੍ਹਾਂ ’ਤੇ ਕੋਈ ਸ਼ੱਕ ਨਾ ਹੋਵੇ। ਪੁਲੀਸ ਅਨੁਸਾਰ ਇਹ ਲੋਕਾਂ ਤੋਂ ਪੇਟੀਐਮ ਰਾਹੀਂ ਪੈਸੇ ਪਵਾ ਲੈਂਦੇ ਸਨ ਅਤੇ ਬਾਅਦ ਆਪਣਾ ਮੋਬਾਈਲ ਫੋਨ ਬੰਦ ਕਰ ਲੈਂਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 8 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਤੋਂ ਇਸ ਗਰੋਹ ਦੇ ਬਾਕੀ ਹੋਰ ਮੈਂਬਰਾਂ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਕਰੀਬ ਦੋ ਦਰਜਨ ਮਾਮਲਿਆਂ/ਸ਼ਿਕਾਇਤਾਂ ਦਾ ਨਿਪਟਾਰਾ ਕਰਨ ਵਿੱਚ ਸਫਲਤਾ ਮਿਲੀ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…