Nabaz-e-punjab.com

ਮੁਹਾਲੀ ਪੁਲੀਸ ਨੇ ਪਿੰਡ ਤੋਫਾਂਪੁਰ ਨੌਜਵਾਨ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, ਦੋ ਮੁਲਜ਼ਮ ਗ੍ਰਿਫ਼ਤਾਰ

ਬੀਤੀ 11 ਅਪਰੈਲ ਨੂੰ ਪੁਲੀਸ ਨੂੰ ਖੇਤਾਂ ’ਚੋਂ ਮਿਲੀ ਸੀ ਨੌਜਵਾਨ ਦੀ ਲਾਸ਼

ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤੀ ਸੀ ਨੌਜਵਾਨ ਦੀ ਬੇਰਹਿਮ ਹੱਤਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਪਰੈਲ:
ਥਾਣਾ ਲਾਲੜੂ ਅਧੀਨ ਪੈਂਦੇ ਪਿੰਡ ਤੋਫਾਂਪੁਰ ਨੇੜੇ ਅਣਪਛਾਤੀ ਲਾਸ਼ ਮਿਲਣ ਦੇ ਮਾਮਲੇ ਨੂੰ ਜ਼ਿਲ੍ਹਾ ਮੁਹਾਲੀ ਦੀ ਪੁਲੀਸ ਨੇ ਹੱਲ ਕਰ ਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਬੀਤੀ 11 ਅਪ੍ਰੈਲ 2019 ਨੂੰ ਪਿੰਡ ਤੋਫਾਂਪੁਰ ਨੇੜੇ ਖੇਤਾਂ ’ਚੋਂ ਨੌਜਵਾਨ ਦੀ ਲਾਸ਼ ਮਿਲੀ ਸੀ, ਜਿਸ ਦੀ ਪਛਾਣ ਨਹੀਂ ਹੋਈ ਸੀ। ਇਸ ਸਬੰਧੀ ਥਾਣਾ ਲਾਲੜੂ ਵਿੱਚ ਹਰਦੇਵ ਸਿੰਘ ਵਾਸੀ ਵਾਰਡ ਨੰਬਰ 15 ਲਾਲੜੂ ਦੇ ਬਿਆਨ ’ਤੇ ਧਾਰਾ 302 ਤੇ 34 ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਅੰਨ੍ਹੇ ਕਤਲ ਕੇਸ ਨੂੰ ਹੱਲ ਕਰਨ ਲਈ ਮੁਹਾਲੀ ਦੇ ਐਸਪੀ (ਜਾਂਚ) ਵਰੁਣ ਸ਼ਰਮਾ, ਡੀਐਸਪੀ ਸਰਕਲ ਡੇਰਾਬੱਸੀ ਸਿਮਰਨਜੀਤ ਸਿੰਘ, ਡੀਐਸਪੀ (ਡੀ) ਮੁਹਾਲੀ ਗੁਰਦੇਵ ਸਿੰਘ ਧਾਲੀਵਾਲ, ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਅਤੇ ਲਾਲੜੂ ਥਾਣਾ ਦੇ ਐਸਐਚਓ ਇੰਸਪੈਕਟਰ ਗੁਰਚਰਨ ਸਿੰਘ ’ਤੇ ਆਧਾਰਿਤ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਗਈ ਸੀ।
ਸ੍ਰੀ ਭੁੱਲਰ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਲਾਸ਼ ਦੀ ਸ਼ਨਾਖਤ ਅਨਿਲ ਟਾਂਕ ਵਾਸੀ ਮੁੰਬਈ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਅਨਿਲ ਟਾਂਕ ਕਰੀਬ ਇਕ ਮਹੀਨਾ ਪਹਿਲਾਂ ਆਪਣੇ ਸਹੁਰੇ ਪਿੰਡ ਮੌਲੀ ਜਾਗਰਾਂ (ਚੰਡੀਗੜ੍ਹ) ਵਿੱਚ ਆਪਣੀ ਪਤਨੀ ਪੂਜਾ ਉਰਫ਼ ਪੁਸ਼ਪਾ ਨੂੰ ਲੈਣ ਲਈ ਆਇਆ ਸੀ। ਉਸ ਨੇ ਆਪਣੇ ਮਾਪਿਆਂ ਨੂੰ ਫੋਨ ’ਤੇ ਦੱਸਿਆ ਸੀ ਕਿ ਪੂਜਾ ਮੁੰਬਈ ਆਉਣ ਲਈ ਤਿਆਰ ਨਹੀਂ ਹੈ, ਜੋ ਟਾਲ ਮਟੋਲ ਕਰ ਰਹੀ ਹੈ। ਪੂਜਾ ਦੇ ਇਕ ਸਾਲ ਤੋਂ ਮੁਹੰਮਦ ਸ਼ਾਹਨਵਾਜ ਵਾਸੀ ਧਾਮਪੁਰ ਜ਼ਿਲ੍ਹਾ ਬਿਜਨੌਰ, ਉੱਤਰ ਪ੍ਰਦੇਸ਼, ਹਾਲ ਵਾਸੀ ਮੋਰੀ ਗੇਟ ਮਨੀਮਾਜਰਾ ਨਾਲ ਨਾਜਾਇਜ਼ ਸਬੰਧ ਸਨ।
ਐਸਐਸਪੀ ਨੇ ਦੱਸਿਆ ਕਿ ਪੂਜਾ ਤੇ ਮੁਹੰਮਦ ਸ਼ਾਹਨਵਾਜ ਨੇ ਆਪਣੇ ਪ੍ਰੇਮ ਸਬੰਧਾਂ ਵਿੱਚ ਰੋੜਾ ਬਣ ਰਹੇ ਅਨਿਲ ਟਾਂਕ ਨੂੰ ਮਾਰ ਦੇਣ ਦੀ ਸਾਜ਼ਿਸ਼ ਘੜੀ, ਜਿਸ ਤਹਿਤ ਸ਼ਾਹਨਵਾਜ ਨੇ ਅਨਿਲ ਨੂੰ ਕਿਹਾ ਕਿ ਆਪਾ ਸੋਨੀਪਤ ਵਿੱਚ ਉਸ ਦੇ ਦੋਸਤ ਪਾਸੋਂ ਪੈਸੇ ਲੈ ਕੇ ਆਉਣੇ ਹਨ। ਇਸ ਸਕੀਮ ਤਹਿਤ 10 ਅਪ੍ਰੈਲ ਨੂੰ ਰਾਤੀ ਕਰੀਬ 12.30 ਵਜੇ ਅਨਿਲ, ਪੁੂਜਾ ਅਤੇ ਮੁਹੰਮਦ ਸ਼ਾਹਨਵਾਜ ਤਿੰਨੇ ਜਣੇ ਸ਼ਾਹਨਵਾਜ ਦੇ ਮੋਟਰ ਸਾਈਕਲ (ਐਚਆਰ-03ਟੀ-1507) ਉੱਤੇ ਅੰਬਾਲਾ ਵੱਲ ਨੂੰ ਰਵਾਨਾ ਹੋਏ ਅਤੇ ਰਸਤੇ ਵਿੱਚ ਪਿੰਡ ਤੋਫਾਂਪੁਰ ਨੇੜੇ ਜਾ ਕੇ ਉਨ੍ਹਾਂ ਅਨਿਲ ਨੂੰ ਕਿਹਾ ਕਿ ਇੱਥੇ ਦਰਗਾਹ ਉੱਤੇ ਮੱਥਾ ਟੇਕ ਕੇ ਅੱਗੇ ਜਾਵਾਂਗੇ। ਉਨ੍ਹਾਂ ਬਹਾਨੇ ਨਾਲ ਦਰਗਾਹ ਨੇੜੇ ਖੇਤਾਂ ਵਿੱਚ ਜਾ ਕੇ ਅਨਿਲ ਦੇ ਸਿਰ ਵਿੱਚ ਇੱਟਾਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਪਛਾਣ ਛੁਪਾਉਣ ਲਈ ਉਸ ਦਾ ਸ਼ਨਾਖਤੀ ਕਾਰਡ ਅਤੇ ਆਧਾਰ ਕਾਰਡ ਆਦਿ ਲੈ ਕੇ ਫਰਾਰ ਹੋ ਗਏ।
ਸ੍ਰੀ ਭੁੱਲਰ ਨੇ ਅੱਗੇ ਦੱਸਿਆ ਕਿ ਇਸ ਅੰਨ੍ਹੇ ਕਤਲ ਕੇਸ ਨੂੰ ਹੱਲ ਕਰਨਾ ਜ਼ਿਲ੍ਹਾ ਪੁਲੀਸ ਲਈ ਚੁਣੌਤੀ ਭਰਿਆ ਕੰਮ ਸੀ। ਵਿਸ਼ੇਸ਼ ਜਾਂਚ ਟੀਮ ਨੇ ਦਿਨ-ਰਾਤ ਮਿਹਨਤ ਕਰ ਕੇ ਪਹਿਲਾਂ ਲਾਸ਼ ਦੀ ਸ਼ਨਾਖ਼ਤ ਕੀਤੀ ਅਤੇ ਫਿਰ ਦੋਵਾਂ ਮੁਲਜ਼ਮਾਂ ਦੀ ਪੈੜ ਨੱਪਣ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …