
ਪੱਤਰਕਾਰ ਕਤਲ ਕਾਂਡ: ਮੁਹਾਲੀ ਪੁਲੀਸ ਵੱਲੋਂ ਮੁਲਜ਼ਮ ਗੌਰਵ ਕੁਮਾਰ ਦੇ ਨੇੜਲਿਆਂ ਤੋਂ ਵੀ ਕੀਤੀ ਜਾ ਰਹੀ ਹੈ ਪੁੱਛਗਿੱਛ
ਮੁਹਾਲੀ ਪੁਲੀਸ ਨੇ ਮੁਲਜ਼ਮ ਗੌਰਵ ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਅਦਾਲਤ ਨੇ ਪੰਜ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਕਤੂਬਰ:
ਸਥਾਨਕ ਫੇਜ਼-3ਬੀ2 ਵਿੱਚ ਬੀਤੀ 22 ਅਤੇ 23 ਸਤੰਬਰ ਦੀ ਰਾਤ ਨੂੰ ਪੱਤਰਕਾਰ ਕੇ.ਜੇ. ਸਿੰਘ ਅਤੇ ਉਸ ਦੀ ਬਿਰਧ ਮਾਤਾ ਗੁਰਚਰਨ ਕੌਰ ਦੇ ਕਤਲ ਦੇ ਮਾਮਲੇ ਵਿੱਚ ਭਾਵੇਂ ਮੁਹਾਲੀ ਪੁਲੀਸ ਵੱਲੋਂ ਬੀਤੇ ਕੱਲ ਹੱਲ ਕਰਨ ਦਾ ਦਾਅਵਾ ਕਰਦਿਆਂ ਯੂਪੀ ਦੇ ਇੱਕ ਨੌਜਵਾਨ ਗੌਰਵ ਕੁਮਾਰ (ਜੋ ਇਸ ਵੇਲੇ ਪਿੰਡ ਕਜਹੇੜੀ ਦਾ ਵਸਨੀਕ ਹੈ) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪ੍ਰੰਤੂ ਅੱਜ ਇਸ ਮਾਮਲੇ ਵਿੱਚ ਪੁਲੀਸ ਵੱਲੋਂ ਸ਼ੱਕ ਦੇ ਆਧਾਰ ’ਤੇ ਕਜਹੇੜੀ ਦੇ ਇੱਕ ਹੋਰ ਨੌਜਵਾਨ ਸੁਰਿੰਦਰ ਕੁਮਾਰ ਨੂੰ ਵੀ ਪੁੱਛਗਿੱਛ ਲਈ ਥਾਣੇ ਲਿਆਂਦਾ ਗਿਆ। ਪੁਲੀਸ ਵੱਲੋਂ ਗੌਰਵ ਕੁਮਾਰ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਮੁਲਜ਼ਮ ਨੂੰ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਉਧਰ, ਮਟੌਰ ਥਾਣੇ ਦੇ ਬਾਹਰ ਸੁਰਿੰਦਰ ਕੁਮਾਰ ਦੇ ਭਰਾ ਧਰਮਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਦਾ ਛੋਟਾ ਭਰਾ ਸੁਰਿੰਦਰ ਜੋ ਦਿਹਾੜੀਦਾਰ ਮਜਦੂਰ ਦਾ ਕੰਮ ਕਰਦਾ ਹੈ ਕਜਹੇੜੀ ਵਿੱਚ ਹੀ ਕਮਰਾ ਲੈ ਕੇ ਰਹਿੰਦਾ ਹੈ। ਉਹਨਾਂ ਦੱਸਿਆ ਕਿ ਕਤਲਕਾਂਡ ਦੇ ਮਾਮਲੇ ਵਿੱਚ ਫੜਿਆ ਗਿਆ ਨੌਜਵਾਨ ਵੀ ਉੱਥੇ ਨੇੜੇ ਹੀ ਰਹਿੰਦਾ ਹੈ ਪਰ ਉਹ ਉਹਨਾਂ ਦਾ ਵਾਕਫਕਾਰ ਨਹੀਂ ਹੈ। ਉਹਨਾਂ ਕਿਹਾ ਕਿ ਬੀਤੀ ਰਾਤ ਪਰਿਵਾਰ ਨੇ ਇਕੱਠੇ ਖਾਣਾ ਖਾਧਾ ਸੀ ਅਤੇ ਫਿਰ ਮੁਹਿੰਦਰ ਆਪਣੇ ਕਮਰੇ ਵਿੱਚ ਸੌਣ ਚਲਾ ਗਿਆ ਸੀ ਪਰੰਤੂ ਸਵੇਰੇ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਭਰਾ ਨੂੰ ਪੁਲੀਸ ਫੜ ਕੇ ਲੈ ਗਈ ਹੈ। ਉਹਨਾਂ ਦੱਸਿਆ ਕਿ ਉਹ ਚੰਡੀਗੜ੍ਹ ਦੇ ਸੈਕਟਰ 61 ਵਿੱਚ ਪੈਂਦੀ ਪੁਲੀਸ ਚੌਂਕੀ ਗਏ ਜਿਥੇ ਪੁਲੀਸ ਨੇ ਉਹਨਾ ਨੂੰ ਥਾਣਾ ਮਟੌਰ ਭੇਜ ਦਿੱਤਾ ਅਤੇ ਇੱਥੇ ਥਾਣੇ ਵਾਲੇ ਕਹਿ ਰਹੇ ਹਨ ਕਿ ਉਹਨਾਂ ਦਾ ਭਰਾ ਇਥੇ ਨਹੀਂ ਹੈ ਅਤੇ ਉਹ ਸੀਆਈਏ ਸਟਾਫ ਜਾ ਕੇ ਪਤਾ ਕਰਨ। ਉਹਨਾਂ ਕਿਹਾ ਕਿ ਮਟੌਰ ਪੁਲੀਸ ਵੱਲੋਂ ਉਹਨਾਂ ਨੂੰ ਉਹਨਾਂ ਦੇ ਭਰਾ ਦੇ ਗੌਰਵ ਨਾਲ ਸਬੰਧਾਂ ਬਾਰੇ ਪੁੱਛਿਆ ਗਿਆ ਸੀ ਅਤੇ ਉਹਨਾਂ ਕਹਿ ਦਿੱਤਾ ਕਿ ਉਹ ਉਸਨੂੰ ਜਾਣਦੇ ਤਕ ਨਹੀਂ ਹਨ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਇਸ ਮਾਸਲੇ ਵਿੱਚ ਪੁਲੀਸ ਨੇ ਹੁਣ ਤੱਕ ਕਿਸੇ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ ਪ੍ਰੰਤੂ ਕਜਹੇੜੀ ਦੇ ਇੱਕ ਨੌਜਵਾਨ ਨੂੰ ਪੁੱਛਗਿੱਛ ਲਈ ਲਿਆਂਦਾ ਗਿਆ ਹੈ ਅਤੇ ਪੁਲੀਸ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਉਕਤ ਨੌਜਵਾਨ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਦਫ਼ਤਰ ਵਿੱਚ ਸੀ ਅਤੇ ਪੁੱਛਗਿੱਛ ਚਲ ਰਹੀ ਸੀ।