nabaz-e-punjab.com

ਮੁਹਾਲੀ ਪੁਲੀਸ ਵੱਲੋਂ ਨਾਮੀ ਕੰਪਨੀਆਂ ਨੂੰ ਘੱਟ ਸਟਾਫ਼ ਨਾਲ ਬੁੱਤਾ ਸਾਰਨ ਲਈ ਨੋਟਿਸ ਜਾਰੀ

ਕਈ ਛੋਟੀ ਆਈਟੀ ਕੰਪਨੀਆਂ ਨੇ ਕੀਤੀ ਛੁੱਟੀਆਂ, ਮੁਲਾਜ਼ਮਾਂ ਤੋਂ ਲੈਪਟਾਪ ’ਤੇ ਘਰੋਂ ਕਰਵਾਇਆ ਜਾ ਰਿਹਾ ਹੈ ਕੰਮ

ਪੀਜੀਆਈ ਤੋਂ ਫਰਾਰ ਹੋਈ ਮਰੀਜ਼ ਮੁਹਾਲੀ ਪੁਲੀਸ ਨੇ ਲੱਭੀ, ਮੁਹਾਲੀ ’ਚ ਕੇਸ ਦਰਜ, ਕਾਲ ਸੈਂਟਰ ’ਚ ਛੁਪੀ ਸੀ ਮਰੀਜ਼

ਸ਼ਨਾਖ਼ਤ ਲਈ ਕੰਪਨੀ ਦੇ ਦਫ਼ਤਰੀ ਮੁਲਾਜ਼ਮਾਂ ਦੀਆਂ ਬਾਂਹਾਂ ਉੱਤੇ ਲਾਈਆਂ ਪੱਕੀਆਂ ਮੋਹਰਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਾਰਚ:
ਮੁਹਾਲੀ ਪੁਲੀਸ ਨੇ ਕਰੋਨਾਵਾਇਰਸ ਦੇ ਲਗਾਤਾਰ ਵਧ ਰਹੇ ਪ੍ਰਕੋਪ ਦੇ ਚੱਲਦਿਆਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲਦੀਆਂ ਨਾਮੀ ਪ੍ਰਾਈਵੇਟ ਕੰਪਨੀਆਂ ਅਤੇ ਫਰਮਾਂ ਨੂੰ ਘੱਟ ਸਟਾਫ਼ ਨਾਲ ਬੁੱਤਾ ਸਾਰਨ ਦੀ ਸਲਾਹ ਦਿੱਤੀ ਹੈ। ਸਨਅਤੀ ਏਰੀਆ ਪੁਲੀਸ ਚੌਕੀ ਦੇ ਇੰਚਾਰਜ ਬਲਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਗੋਦਰੇਜ, ਡੈੱਲ, ਕੁਆਰਕ ਸਿਟੀ, ਟੈਲੀ ਫਾਰਮਾਂ, ਹੰਡਾਈ, ਹਾਂਡਾ ਮੋਟਰ, ਜੀਓ, ਕੁਨੈਕਟ, ਕੌਪੀਟੈਂਟ ਸਮੇਤ ਹੋਰ ਕੰਪਨੀਆਂ ਨੂੰ ਨੋਟਿਸ ਜਾਰੀ ਕਰਕੇ ਪੰਜਾਬ ਸਰਕਾਰ ਦੀਆਂ ਤਾਜ਼ਾ ਹਦਾਇਤਾਂ ਤੋਂ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਸਰਕਾਰ ਨੇ 50 ਜਾਂ ਇਸ ਤੋਂ ਵੱਧ ਕਰਮਚਾਰੀਆਂ\ਵਿਅਕਤੀਆਂ ਦੇ ਇਕੱਠੇ ਹੋਣ ’ਤੇ ਰੋਕ ਲਗਾਈ ਗਈ ਸੀ ਲੇਕਿਨ ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦਾ ਤਾਜ਼ਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ 20 ਵਿਅਕਤੀਆਂ ਨੂੰ ਇਕ ਇਕੱਠਾ ਹੋਣ ਤੋਂ ਵਰਜ਼ਿਆ ਜਾ ਰਿਹਾ ਹੈ। ਐਸਡੀਐਮ ਜਗਦੀਪ ਸਹਿਗਲ ਦੀਆਂ ਹਦਾਇਤਾਂ ’ਤੇ ਚੌਕੀ ਇੰਚਾਰਜ ਮੰਡ ਵੱਲੋਂ ਕਰੋਨਾਵਾਇਰਸ ਤੋਂ ਪੀੜਤ ਲੜਕੀ ਦੇ ਪਿਤਾ ਦੀ ਕੰਪਨੀ ਦੇ 46 ਮੁਲਾਜ਼ਮਾਂ ਦੀ ਸ਼ਨਾਖ਼ਤ ਕਰਨ ਲਈ ਉਨ੍ਹਾਂ ਦੀਆਂ ਬਾਂਹਾਂ ’ਤੇ ਪੱਕੀ ਸਿਆਹੀ ਵਾਲੀਆਂ ਮੋਹਰਾਂ ਲਗਾਈਆਂ ਗਈਆਂ ਤਾਂ ਜੋ ਉਹ ਸ਼ਹਿਰ ’ਚੋਂ ਬਾਹਰ ਨਾ ਭੱਜ ਸਕਣ।
ਉਧਰ, ਸ਼ਹਿਰ ਦੀਆਂ ਕਈ ਛੋਟੀ ਆਈਟੀ ਕੰਪਨੀਆਂ ਨੇ ਸਰਕਾਰ ਦੀਆਂ ਹਦਾਇਤਾਂ ’ਤੇ ਅਮਲ ਕਰਦਿਆਂ ਖ਼ੁਦ ਹੀ ਆਪਣੇ ਦਫ਼ਤਰੀ ਮੁਲਾਜ਼ਮਾਂ ਨੂੰ ਛੁੱਟੀਆਂ ਦੇ ਦਿੱਤੀਆਂ ਗਈਆਂ ਹਨ। ਇਕ ਆਈਟੀ ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਦਫ਼ਤਰ ਆਉਣ ਤੋਂ ਰੋਕ ਕੇ ਉਨ੍ਹਾਂ ਨੂੰ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਲੈਪਟਾਪ ਰਾਹੀਂ ਸਬੰਧਤ ਪ੍ਰਾਜੈਕਟ ’ਤੇ ਕੰਮ ਕਰਨ ਨੂੰ ਕਿਹਾ ਗਿਆ ਹੈ।
(ਬਾਕਸ ਆਈਟਮ)
ਪੀਜੀਆਈ ਤੋਂ ਬੀਤੇ ਕੱਲ੍ਹ ਮੈਡੀਕਲ ਸਟਾਫ਼ ਨੂੰ ਝਕਾਨੀ ਦੇ ਕੇ ਫਰਾਰ ਹੋਏ ਕਰੋਨਾਵਾਇਰਸ ਦੇ ਇਕ ਸ਼ੱਕੀ ਮਹਿਲਾ ਮਰੀਜ਼ ਨੂੰ ਮੁਹਾਲੀ ਪ੍ਰਸ਼ਾਸਨ ਨੇ ਪੁਲੀਸ ਦੀ ਮਦਦ ਨਾਲ ਲੱਭ ਲਿਆ ਹੈ। ਸਬੰਧਤ ਮਰੀਜ਼ ਦੇ ਖ਼ਿਲਾਫ਼ ਸੈਂਟਰਲ ਥਾਣਾ ਫੇਜ਼-8 ਧਾਰਾ 269\188 ਤਹਿਤ ਪੁਲੀਸ ਕੇਸ ਦਰਜ ਕੀਤਾ ਗਿਆ ਹੈ। ਮੁਹਾਲੀ ਵਿੱਚ ਇਸ ਤਰ੍ਹਾਂ ਦਾ ਇਹ ਪਹਿਲਾਂ ਮਾਮਲਾ ਹੈ। ਇਸ ਗੱਲ ਦਾ ਖੁਲਾਸਾ ਅੱਜ ਦੇਰ ਸ਼ਾਮ ਮੁਹਾਲੀ ਦੇ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਜਗਦੀਪ ਸਹਿਗਲ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਮਰੀਜ਼ ਕੁਝ ਦਿਨ ਪਹਿਲਾਂ ਅਮਰੀਕਾ ਗਿਆ ਸੀ। ਜਿਸ ਨੂੰ ਵਾਪਸ ਆਉਣ ’ਤੇ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਐਸਡੀਐਮ ਨੇ ਦੱਸਿਆ ਕਿ ਅੱਜ ਸਵੇਰੇ ਹੀ ਮਰੀਜ਼ ਦੇ ਪੀਜੀਆਈ ’ਚੋਂ ਫਰਾਰ ਹੋਣ ਵਾਲੇ ਮੁਹਾਲੀ ਪ੍ਰਸ਼ਾਸਨ ਨੂੰ ਇਤਲਾਹ ਮਿਲੀ ਸੀ ਅਤੇ ਕੁਝ ਸਮੇਂ ਬਾਅਦ ਹੀ ਉਕਤ ਮਰੀਜ਼ ਨੂੰ ਲੱਭ ਲਿਆ ਗਿਆ। ਐਸਡੀਐਮ ਨੇ ਦੱਸਿਆ ਕਿ ਮੁਹਾਲੀ ਪ੍ਰਸ਼ਾਸਨ ਨੇ ਇੱਥੋਂ ਦੇ ਸਨਅਤੀ ਏਰੀਆ ਵਿੱਚ ਫੀਅਟ ਜੀਪ ਦੇ ਦਫ਼ਤਰ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਵਾ ਦਿੱਤਾ ਗਿਆ ਹੈ। ਲੇਕਿਨ ਨਿਗਰਾਨੀ ਲਈ ਗੇਟ ’ਤੇ ਸ਼ਿਫ਼ਟਾਂ ਵਿੱਚ ਸੁਰੱਖਿਆ ਗਾਰਡ ਡਿਊਟੀ ’ਤੇ ਤਾਇਨਾਤ ਰੱਖਣ ਦੀ ਮੋਹਲਤ ਦਿੱਤੀ ਗਈ ਹੈ।
ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰਜਨੀਸ਼ ਚੌਧਰੀ ਨੇ ਦੱਸਿਆ ਕਿ ਮਰੀਜ਼ ਨੂੰ ਇੱਥੋਂ ਦੇ ਸੈਕਟਰ-68 ’ਚੋਂ ਟਰੇਸ ਕੀਤਾ ਗਿਆ ਹੈ। ਉਹ ਇੱਥੇ ਇਕ ਕਾਲ ਸੈਂਟਰ ਵਿੱਚ ਛੁਪੀ ਹੋਈ ਸੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹੇ ਕਿਸੇ ਮਰੀਜ਼ ਨੂੰ ਪਨਾਹ ਦੇਣ ਵਾਲੇ ਵਿਅਕਤੀ ਦੇ ਖ਼ਿਲਾਫ਼ ਵੀ ਧਾਰਾ 120ਬੀ 112 ਅਤੇ 116 ਤਹਿਤ ਕੇਸ ਕੇਸ ਦਰਜ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…