
ਮੁਹਾਲੀ ਪੁਲੀਸ ਵੱਲੋਂ ਲਾਰੈਂਸ ਬਿਸ਼ਨੋਈ ਗਰੁੱਪ ਦੇ ਸੂਟਰ ਦੀਪਕ ਟੀਨੂੰ ਤੇ ਸੰਪਤ ਨਹਿਰਾ ਦੇ ਚਾਰ ਸਾਥੀ ਅਸਲੇ ਸਣੇ ਗ੍ਰਿਫ਼ਤਾਰ
ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਕੁਰਾਲੀ, 20 ਜਨਵਰੀ:
ਮੁਹਾਲੀ ਪੁਲੀਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਐਸਪੀ ਦਿਹਾਤੀ ਡਾ. ਰਵਜੋਤ ਕੌਰ ਗਰੇਵਾਲ ਅਤੇ ਮੁੱਲਾਂਪੁਰ ਗਰੀਬਦਾਸ ਦੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਜ਼ਿਲ੍ਹਾ ਪੁਲੀਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਗੈਗਸਟਰਾ ਵਿਰੁੱਧ ਵਿੱਢੀ ਗਈ ਮੁਹਿੰਮ ਦੌਰਾਨ ਕੁਰਾਲੀ ਸਿਟੀ ਥਾਣਾ ਦੇ ਐਸਐਚਓ ਨੇ ਪੰਜਾਬ, ਹਰਿਆਣਾ ਰਾਜਸਥਾਨ ਸਟੇਟਾਂ ਅਤੇ ਚੰਡੀਗੜ੍ਹ ਵਿੱਚ ਕਤਲਾਂ ਅਤੇ ਡਕੈਤੀਆਂ ਲਈ ਜ਼ਿੰਮੇਵਾਰ ਲਾਰੇਂਸ ਬਿਸਨੋਈ ਗੈਂਗ ਦੇ ਜੇਲ੍ਹ ਵਿੱਚ ਬੰਦ ਸ਼ਾਰਪ ਸ਼ੂਟਰ ਸੰਪਤ ਨਹਿਰਾ ਤੇ ਦੀਪਕ ਉਰਫ਼ ਟੀਨੂੰ ਦੇ ਅਤਿ ਨੇੜਲੇ ਚਾਰ ਸਾਥੀਆਂ ਨੂੰ ਹਥਿਆਰਾਂ ਸਮੇਤ ਕਾਬੂ ਕਰਕੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਇਹ ਜਾਣਕਾਰੀ ਅੱਜ ਇੱਥੇ ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਦਿੱਤੀ।
ਐਸਐਸਪੀ ਨੇ ਦੱਸਿਆ ਕਿ ਮਿਤੀ 18/19-1-2021 ਦੀ ਰਾਤ ਨੂੰ ਐਸਐਚਓ ਸਿਟੀ ਕੁਰਾਲੀ ਨੇ ਭਰੋਸੇਯੋਗ ਇਤਲਾਹ ਮਿਲੀ ਕਿ ਸੰਪਤ ਨਹਿਰਾ ਅਤੇ ਦੀਪਕ ਟੀਨੂੰ ਦੇ ਨਜ਼ਦੀਕੀ ਸਾਥੀ ਕੁਰਾਲੀ ਏਰੀਆ ਵਿਚ ਐਕਟਿਵ ਹਨ ਅਤੇ ਕਿਸੇ ਵੱਡੀ ਵਾਰਦਾਤ ਦੀ ਤਿਆਰੀ ਵਿੱਚ ਹਨ। ਜਿਸ ਪਰ ਮੁਕੱਦਮਾ ਨੰਬਰ 4 ਮਿਤੀ 19-1-2021 ਅ/ਧ 399,402 ਆਈਪੀਸੀ ਅਤੇ 25-54-59 ਅਸਲਾ ਐਕਟ ਥਾਣਾ ਸਿਟੀ ਕੁਰਾਲੀ ਦਰਜ ਕੀਤਾ ਗਿਆ ਅਤੇ ਹੇਠ ਲਿਖੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਅਸਲਾ ਐਮੋਨੀਸਨ ਬਰਾਮਦ ਕੀਤਾ ਗਿਆ।
ਮੁਲਜ਼ਮ ਦਰਸ਼ਨ ਸਿੰਘ ਵਾਸੀ ਪਿੰਡ ਅਮਲਾਲਾ, ਡੇਰਾਬੱਸੀ, ਕੋਲੋਂ 7.65 ਐਮ.ਐਮ ਪਿਸਟਲ ਸਮੇਤ 6 ਜਿੰਦਾ ਕਾਰਤੂਸ, ਮਨੀਸ਼ ਕੁਮਾਰ ਵਾਸੀ ਪਿੰਡ ਬੀਬੀਪੁਰ, ਜ਼ਿਲ੍ਹਾ ਪਟਿਆਲਾ ਕੋਲੋਂ 12 ਬੋਰ ਸਿੰਗਲ ਬੈਰਲ ਦੇਸੀ ਬੰਦੂਕ ਸਮੇਤ ਦੋ ਜਿੰਦਾ ਕਾਰਤੂਸ, ਸੂਰਜ ਵਾਸੀ ਕੁਰਾਲੀ ਕੋਲੋਂ ਪਿਸਤੌਲ 7.65 ਐਮ.ਐਮ ਸਮੇਤ 5 ਜਿੰਦਾ ਕਾਰਤੂਸ, ਭਗਤ ਸਿੰਘ ਉਰਫ ਹਨੀ ਵਾਸੀ ਕੁਰਾਲੀ ਕੋਲੋਂ ਪਿਸਤੌਲ 315 ਬੋਰ ਸਮੇਤ 4 ਜਿੰਦਾ ਕਾਰਤੂਸ ਹਥਿਆਰ ਬਰਾਮਦ ਕੀਤੇ ਗਏ ਹਨ।
ਜ਼ਿਲ੍ਹਾ ਪੁਲੀਸ ਮੁਖੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਗ੍ਰਿਫ਼ਤਾਰ ਮੁਲਜ਼ਮਾਂ ਦਾ ਅਪਰਾਧਿਕ ਪਿਛੋਕੜ ਹੈ ਅਤੇ ਮੁਲਜ਼ਮ ਦਰਸ਼ਨ ਸਿੰਘ ਵਾਸੀ ਅਮਲਾਲਾ, ਥਾਣਾ ਸਿਵਲ ਲਾਈਨ ਭਿਵਾਨੀ ਦੇ ਸਾਲ 2017 ਦੇ ਕਤਲ ਦੇ ਮੁਕੱਦਮੇ ਵਿੱਚ ਭਗੌੜਾ ਸੀ ਅਤੇ ਮਨੀਸ਼ ਕੁਮਾਰ ਵਿਰੁੱਧ ਥਾਣਾ ਜੁਲਕਾ ਜ਼ਿਲ੍ਹਾ ਪਟਿਆਲਾ ਵਿਖੇ ਕਤਲ ਦਾ ਪਰਚਾ ਦਰਜ ਹੈ। ਮੁਲਜ਼ਮਾਂ ਦੀ ਪੁੱਛਗਿੱਛ ਅਤੇ ਮੁੱਢਲੀ ਤਫ਼ਤੀਸ ਤੋਂ ਸਾਹਮਣੇ ਆਇਆ ਹੈ ਕਿ ਇਹ ਸਾਰੇ ਜਣੇ ਅਤੇ ਇਨ੍ਹਾਂ ਦੇ ਹੋਰ ਭਗੌੜੇ ਸਾਥੀ ਲਾਰੈਂਸ ਬਿਸ਼ਨੋਈ ਗੈਗਸਟਰ ਗਰੁੱਪ ਦੇ ਜੇਲ੍ਹ ਵਿੱਚ ਬੰਦ ਸ਼ਾਰਪ ਸ਼ੂਟਰ ਸੰਪਤ ਨਹਿਰਾ ਤੇ ਦੀਪਕ ਟੀਨੂੰ ਦੇ ਨੇੜਲੇ ਸਾਥੀ ਹਨ। ਮੁਲਜ਼ਮ ਦਰਸ਼ਨ ਸਿੰਘ ਨੇ ਸਾਲ 2017 ਵਿਚ ਗੈਗਸਟਰ ਦੀਪਕ ਟੀਨੂੰ ਉਸ ਸਮੇ ਹੁਬਲੀ ਕਰਨਾਟਕਾ ਵਿਖੇ ਪਨਾਹ ਦਿੱਤੀ ਹੋਈ ਸੀ ਜਦੋਂ ਉਸਦੀ ਤਲਾਸ਼ ਕਈ ਸਟੇਟਾ ਦੀ ਪੁਲਿਸ ਕਰ ਰਹੀ ਸੀ। ਜਿੱਥੇ ਦੀਪਕ ਟੀਨੂੰ ਨੂੰ ਹਰਿਆਣਾ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਦਰਸਨ ਸਿੰਘ ਜਿਹੜਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਭਗੌੜਾ ਚੱਲਿਆਂ ਆ ਰਿਹਾ ਸੀ ਜਿਸ ਨੇ ਆਪਣੇ ਸੰਪਰਕ ਕੁਰਾਲੀ ਦੇ ਸੂਰਜ ਅਤੇ ਹਨੀ ਨਾਲ ਬਣਾ ਲਏ ਸਨ ਅਤੇ ਇਨ੍ਹਾਂ ਨਾਲ ਰਲ ਕੇ ਫਿਰ ਅਪਰਾਧਿਕ ਕਾਰਵਾਈਆਂ ਕਰਨ ਲੱਗ ਪਿਆ ਸੀ। ਇਨ੍ਹਾਂ ਨੇ ਕੁਝ ਸਮਾ ਪਹਿਲਾਂ ਮਲੇਰਕੋਟਲਾ ਵਿਖੇ ਆਪਣੇ ਵਿਰੋਧੀ ਗੁੱਟ ਅਤੇ ਸ਼ਰੇਆਮ ਫਾਇਰਿੰਗ ਕੀਤੀ ਸੀ ਤੇ ਫਰਾਰ ਹੋ ਗਏ ਸੀ। ਹੁਣ ਇਹ ਇਕਠੇ ਹੋ ਕੇ ਆਪਣਾ ਨਵਾਂ ਗਰੋਹ ਬਣਾ ਕੇ ਅਪਰਾਧਿਕ ਕਾਰਵਾਈਆਂ ਸ਼ੁਰੂ ਕਰਨ ਲਈ ਵਿਉਂਤਬੰਦੀ ਕਰ ਰਹੇ ਸਨ ਅਤੇ ਇਹ ਗਰੁੱਪ ਆਪਣੇ ਗਰੋਹ ਲਈ ਹਥਿਆਰਾਂ ਦਾ ਪ੍ਰਬੰਧ ਕਰਕੇ ਡਕੈਤੀਆ ਦੀ ਯੋਜਨਾ ਬਣਾਉਣ ਵਿੱਚ ਲੱਗਾ ਹੋਇਆ ਸੀ ਇਸ ਗਰੁੱਪ ਵਿੱਚ ਸ਼ਾਮਲ ਹੋਰ ਅਪਰਾਧੀਆ ਬਾਰੇ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਸੁਰਾਗ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਜਲਦੀ ਹੀ ਹੋਰ ਅਪਰਾਧੀਆਂ ਦੀ ਗ੍ਰਿਫ਼ਤਾਰੀ ਹੋਣ ਦੀ ਸੰਭਾਵਨਾ ਹੈ।