ਮੁਹਾਲੀ ਪੁਲੀਸ ਨੇ ਪੰਜਾਬ ਨੈਸ਼ਨਲ ਬੈਂਕ ਲੁੱਟ ਦਾ ਮਾਮਲਾ ਸੁਲਝਾਇਆ, ਤਿੰਨ ਮੁਲਜ਼ਮ ਗ੍ਰਿਫ਼ਤਾਰ

ਮੁਲਜ਼ਮਾਂ ਕੋਲੋਂ ਬੈਂਕ ’ਚੋਂ ਲੁੱਟੀ 4.80 ਲੱਖ ’ਚੋਂ 3 ਲੱਖ ਤੋਂ ਵੱਧ ਰਾਸ਼ੀ ਬਰਾਮਦ, ਮੁਲਜ਼ਮਾਂ ’ਤੇ 27 ਕੇਸ ਦਰਜ

ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਰਤੀ ਨਕਲੀ ਏਅਰ ਪਿਸਤੌਲ, ਚਾਕੂ ਤੇ ਸਕੋਡਾ ਕਾਰ ਵੀ ਕੀਤੀ ਬਰਾਮਦ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੁਲਾਈ:
ਇੱਥੋਂ ਦੇ ਫੇਜ਼-3ਏ ਵਿੱਚ ਕਾਮਾ ਹੋਟਲ ਨੇੜੇ ਕਰੀਬ ਮਹੀਨਾ ਪਹਿਲਾਂ ਪੰਜਾਬ ਨੈਸ਼ਨਲ ਬੈਂਕ ਵਿੱਚ ਵਾਪਰੀ ਲੱਖਾਂ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਸੁਲਝਾਉਂਦਿਆਂ ਮੁਹਾਲੀ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਬੈਂਕ ਲੁੱਟ ਮਾਮਲੇ ਵਿੱਚ ਸੰਦੀਪ ਖੁਰਮੀ ਉਰਫ਼ ਸੰਨ੍ਹੀ ਵਾਸੀ ਪਿੰਡ ਮਹਿਤਪੁਰ (ਜਲੰਧਰ), ਸੋਨੂੰ ਵਾਸੀ ਸੈਕਟਰ-45 ਅਤੇ ਰਵੀ ਕੁਠਾਰੀ ਵਾਸੀ ਪਿੰਡ ਚੰਦਾਵਾਸ (ਹਰਿਆਣਾ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਮੁਲਜ਼ਮਾਂ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ 27 ਅਪਰਾਧਿਕ ਮਾਮਲੇ ਦਰਜ ਹਨ।
ਐਸਐਸਪੀ ਨੇ ਦੱਸਿਆ ਕਿ ਬੀਤੀ 17 ਜੂਨ ਨੂੰ ਦਿਨ ਦਿਹਾੜੇ ਮੁਲਜ਼ਮਾਂ ਨੇ ਪੀਐਨਬੀ ਬੈਂਕ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੰਦਿਆਂ 4 ਲੱਖ 79 ਹਜ਼ਾਰ 680 ਰੁਪਏ ਲੁੱਟ ਕੇ ਲੈ ਗਏ ਸੀ। ਇਸ ਸਬੰਧੀ ਅਣਪਛਾਤੇ ਲੁਟੇਰਿਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਡੀਐਸਪੀ (ਸਿਟੀ-1) ਗੁਰੇਸ਼ਰ ਸਿੰਘ ਸੰਧੂ ਅਤੇ ਜ਼ਿਲ੍ਹਾ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਅਰੋੜਾ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮਾਂ ਦੀ ਪੈੜ ਨੱਪਦਿਆਂ ਉਕਤ ਤਿੰਨਾਂ ਨੂੰ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਨੇ ਬੈਂਕ ਲੁੱਟਣ ਤੋਂ ਬਾਅਦ ਆਪੋ ਆਪਣੇ ਕੱਪੜਿਆਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਸੀ।
ਮੁਲਜ਼ਮ ਸੰਦੀਪ ਮੌਕਜੂਦਾ ਸਮੇਂ ਵਿੱਚ ਸੈਕਟਰ-52 (ਚੰਡੀਗੜ੍ਹ), ਸੋਨੂੰ ਸੈਕਟਰ-45 (ਚੰਡੀਗੜ੍ਹ) ਅਤੇ ਰਵੀ ਕੁਠਾਰੀ ਸ਼ਾਂਤੀ ਨਗਰ, ਮਨੀਮਾਜਰਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਲੁੱਟੀ ਦੀ ਰਾਸ਼ੀ ’ਚੋਂ 3,01,500 ਰੁਪਏ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਰਤੀ ਨਕਲੀ ਏਅਰ ਪਿਸਤੌਲ ਅਤੇ ਚਾਕੂ ਸਮੇਤ ਚੰਡੀਗੜ੍ਹ ਨੰਬਰ ਦੀ ਸਕੋਡਾ ਕਾਰ ਵੀ ਜ਼ਬਤ ਕੀਤੀ ਗਈ ਹੈ।
ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਲੌਕਡਾਊਨ ਤੋਂ ਪਹਿਲਾਂ ਮੁਲਜ਼ਮ ਸੰਦੀਪ ਖੁਰਮੀ ਅਤੇ ਸੋਨੂੰ ਅੰਬਾਲਾ ਜੇਲ੍ਹ ਵਿੱਚ ਵੱਖ-ਵੱਖ ਕੇਸਾਂ ਵਿੱਚ ਬੰਦ ਸਨ। ਕਰੋਨਾ ਮਹਾਮਾਰੀ ਦੇ ਖ਼ਤਰੇ ਦੇ ਮੱਦੇਨਜ਼ਰ ਮਾਰਚ ਵਿੱਚ ਮੁਲਜ਼ਮਾਂ ਦੀ ਜ਼ਮਾਨਤ ਮਨਜ਼ੂਰ ਕਰਕੇ ਰਿਹਾਅ ਕਰ ਦਿੱਤਾ ਸੀ। ਇਹ ਦੋਵੇਂ ਨਸ਼ਾ ਕਰਨ ਦੇ ਆਦੀ ਹਨ ਅਤੇ ਜੇਲ੍ਹ ’ਚੋਂ ਬਾਹਰ ਆ ਕੇ ਨਸ਼ਿਆਂ ਦੀ ਪੂਰਤੀ ਲਈ ਆਰਥਿਕ ਮੰਦੀ ਹੋਣ ਕਾਰਨ ਬੈਂਕ ਨੂੰ ਲੁੱਟਣ ਦੀ ਯੋਜਨਾ ਬਣਾਈ ਸੀ। ਬਾਅਦ ਵਿੱਚ ਰਵੀ ਵੀ ਸ਼ਾਮਲ ਹੋ ਗਿਆ। ਇਨ੍ਹਾਂ ਨੇ ਮਿਲ ਕੇ ਚੰਡੀਗੜ੍ਹ ਅਤੇ ਮੁਹਾਲੀ ਵਿੱਚ ਵੱਖ-ਵੱਖ ਬੈਂਕਾਂ ਦੀ ਰੈਕੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੁਲਜ਼ਮਾਂ ਨੇ ਦੇਖਿਆ ਕਿ ਫੇਜ਼-3ਏ ਵਿੱਚ ਪੀਐਨਬੀ ਬੈਂਕ ਵਿੱਚ ਕੋਈ ਸੁਰੱਖਿਆ ਗਾਰਡ ਨਹੀਂ ਹੈ ਅਤੇ ਆਵਾਜਾਈ ਵੀ ਬਹੁਤੀ ਨਹੀਂ ਹੁੰਦੀ ਹੈ ਅਤੇ ਬੈਂਕ ਵਿੱਚ ਅੌਰਤਾਂ ਦਾ ਹੀ ਸਟਾਫ਼ ਸੀ। ਜਿਸ ਕਾਰਨ ਉਨ੍ਹਾਂ ਨੇ ਉਕਤ ਬੈਂਕ ਨੂੰ ਨਿਸ਼ਾਨਾ ਬਣਾਇਆ। ਬੈਂਕ ਲੁੱਟ ਲਈ ਸੰਦੀਪ ਖੁਰਮੀ ਅਤੇ ਸੋਨੂੰ ਬੈਂਕ ਵਿੱਚ ਗਏ ਸੀ ਜਦੋਂਕਿ ਰਵੀ ਬੈਂਕ ਦੇ ਬਾਹਰ ਖੜਾ ਹੋ ਕੇ ਨਿਗਰਾਨੀ ਕਰ ਰਿਹਾ ਸੀ।
ਥਾਣਾ ਮਟੌਰ ਦੇ ਐਸਅੇਚਓ ਰਾਜੀਵ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਕੋਲੋਂ ਲੁੱਟਾਂ-ਖੋਹਾਂ ਦੇ ਮਾਮਲਿਆਂ ਵਿੱਚ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ। ਸੰਦੀਪ ਦੇ ਖ਼ਿਲਾਫ਼ 20, ਸੋਨੂੰ ਖ਼ਿਲਾਫ਼ 4 ਅਤੇ ਰਵੀ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕਤਲ, ਲੁੱਟਾਂ-ਖੋਹਾਂ, ਚੋਰੀਆਂ, ਸਨੈਚਿੰਗ ਦੇ ਮਾਮਲੇ ਦਰਜ ਹਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …