
ਮੁਹਾਲੀ ਪੁਲੀਸ ਨੇ ਘਰਾਂ ਵਿੱਚ ਚੋਰੀ ਕਰਨ ਵਾਲੀਆਂ ਅੌਰਤਾਂ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ
ਚੋਰੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਅੌਰਤਾਂ ਸਬੰਧੀ ਨੋਟਿਸ ਜਾਰੀ, ਫੋਟੋਆਂ ਜਨਤਕ ਕੀਤੀਆਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਪਰੈਲ:
ਜ਼ਿਲ੍ਹਾ ਪੁਲੀਸ ਨੇ ਅੱਜ ਇਕ ਨੋਟਿਸ ਜਾਰੀ ਕਰਦਿਆਂ ਦੋ ਅੌਰਤਾਂ ਦੀਆਂ ਤਸਵੀਰਾਂ ਜਾਰੀ ਕਰ ਕੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਇਨ੍ਹਾਂ ਦੋਵੇਂ ਅੌਰਤਾਂ ਦਾ ਇਕ ਗਰੋਹ ਟਰਾਈ ਸਿਟੀ ਵਿੱਚ ਖਾਸ ਕਰਕੇ ਉਸ ਏਰੀਆ ਜਿਸ ਵਿੱਚ ਸੁਸਾਇਟੀਆਂ ਜ਼ਿਆਦਾ ਹਨ, ਉੱਥੇ ਜਾ ਕੇ ਆਪਣੇ ਆਪ ਨੂੰ ਘਰਾਂ ਵਿੱਚ ਕੰਮ (ਘਰੇਲੂ ਨੌਕਰਾਣੀ) ਰੱਖਣ ਲਈ ਬੇਨਤੀ ਕਰਦੀਆਂ ਹਨ ਪ੍ਰੰਤੂ ਬਾਅਦ ਵਿੱਚ ਇਹ ਸਬੰਧਤ ਘਰਾਂ ਦੇ ਪਰਿਵਾਰਕ ਮੈਂਬਰਾਂ ਦਾ ਭਰੋਸਾ ਜਿੱਤ ਕੇ ਉਨ੍ਹਾਂ ਘਰਾਂ ’ਚੋਂ ਸੋਨਾ ਅਤੇ ਨਗਦੀ ਚੋਰੀ ਕਰ ਲੈਂਦੀਆਂ ਹਨ। ਇਹ ਅੌਰਤਾਂ ਮਕਾਨ ਮਾਲਕਾਂ ਨੂੰ ਆਪਣਾ ਮੋਬਾਈਲ ਨੰਬਰ, ਆਧਾਰ ਕਾਰਡ ਜਾਂ ਹੋਰ ਕੋਈ ਸ਼ਨਾਖ਼ਤੀ ਪਰੂਫ਼ ਆਦਿ ਵੀ ਨਹੀਂ ਦਿੰਦੀਆਂ ਹਨ ਅਤੇ ਖ਼ੁਦ ਨੂੰ ਬੰਗਾਲ, ਮੱਧ ਪ੍ਰਦੇਸ਼ ਦੀਆਂ ਰਿਹਾਇਸ਼ੀ ਦੱਸਦੀਆਂ ਹਨ।
ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਨੇ ਕਿਹਾ ਕਿ ਲੋਕਾਂ ਵੱਲੋਂ ਆਪਣੀਆਂ ਆਪਣੀਆਂ ਸੁਸਾਇਟੀਆਂ ਵਿੱਚ ਲੱਗੇ ਸਕਿਉਰਿਟੀ ਗਾਰਡਾਂ ਨੂੰ ਇਨ੍ਹਾਂ ਸਬੰਧੀ ਜਾਣੂ ਕਰਵਾਇਆ ਜਾਵੇ। ਇਸਦੇ ਨਾਲ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਜੇ ਆਪ ਦੀ ਸੁਸਾਇਟੀ ਵਿੱਚ ਕੋਈ ਵੀ ਵਿਅਕਤੀ/ਅੌਰਤ ਕਿਸੇ ਦੇ ਘਰ ਵਿੱਚ ਕੰਮ ਕਰਨ ਲਈ ਆਉਂਦੇ ਹਨ ਤਾਂ ਸੁਸਾਇਟੀ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਮੁਕੰਮਲ ਜਾਣਕਾਰੀ ਜਿਵੇਂ ਕਿ ਪੂਰਾ ਨਾਮ ਅਤੇ ਲੋਕਲ ਤੇ ਪੱਕਾ ਪਤਾ, ਫੋਟੋ, ਮੋਬਾਈਲ ਨੰਬਰ, ਅਧਾਰ ਕਾਰਡ ਲਏ ਜਾਣ ਅਤੇ ਤਸਦੀਕ ਤੋਂ ਬਾਅਦ ਹੀ ਇਨ੍ਹਾਂ ਨੂੰ ਸੁਸਾਇਟੀ ਵਿੱਚ ਦਾਖ਼ਲ ਹੋਣ ਦਿੱਤਾ ਜਾਵੇ। ਇਨ੍ਹਾਂ ਸਾਰਿਆ ਦਾ ਰਿਕਾਰਡ ਰੱਖਿਆ ਜਾਵੇ ਤਾਂ ਜੋ ਵਾਰਦਾਤਾਂ ਨੂੰ ਰੋਕਿਆ ਜਾ ਸਕੇ ਅਤੇ ਜੁਰਮ ਕਰਨ ਵਾਲਿਆਂ ਨੂੰ ਟਰੇਸ ਕਰ ਕੇ ਕਾਬੂ ਕੀਤਾ ਜਾ ਸਕੇ। ਇਸ ਸਬੰਧੀ ਸੂਚਨਾ ਮੋਬਾਈਲ ਫੋਨ ਨੰਬਰ 99887-82500 ਅਤੇ 98763-52608 ’ਤੇ ਦਿੱਤੀ ਜਾ ਸਕਦੀ ਹੈ।