Nabaz-e-punjab.com

ਮੁਹਾਲੀ ਪੁਲੀਸ ਨੇ ਕੁਰਾਲੀ ’ਚੋਂ ਅਗਵਾ ਹੋਇਆ ਬੱਚਾ 12 ਘੰਟੇ ’ਚ ਬਰਾਮਦ, ਐਸਐਸਪੀ ਨੇ ਮਾਪਿਆਂ ਨੂੰ ਸੌਂਪਿਆ ਬੱਚਾ

ਅਗਵਾਕਾਰਾਂ ਨੇ ਬੱਚਾ ਛੱਡਣ ਲਈ ਮਾਪਿਆਂ ਤੋਂ ਮੰਗੀ ਸੀ ਦੋ ਲੱਖ ਰੁਪਏ ਦੀ ਫਿਰੌਤੀ

ਅੰਬਾਲਾ ਰੇਲਵੇ ਸਟੇਸ਼ਨ ਤੋਂ ਡੀਐਸਪੀ ਡੇਰਾਬੱਸੀ ਸਿਮਰਨਜੀਤ ਸਿੰਘ ਲੰਗ ਨੇ ਬੱਚਾ ਕੀਤਾ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਪਰੈਲ:
ਮੁਹਾਲੀ ਪੁਲੀਸ ਵੱਲੋਂ ਬੀਤੀ ਰਾਮ ਕੁਰਾਲੀ ’ਚੋਂ ਅਗਵਾ ਹੋਏ ਬੱਚੇ ਨੂੰ 12 ਘੰਟੇ ਵਿੱਚ ਬਰਾਮਦ ਕਰਕੇ ਮਾਪਿਆਂ ਦੇ ਹਵਾਲੇ ਕੀਤਾ ਗਿਆ। ਪੁਲੀਸ ਨੇ ਅੰਬਾਲਾ ਰੇਲਵੇ ਸਟੇਸ਼ਨ ਤੋਂ ਬੱਚਾ ਬਰਾਮਦ ਕੀਤਾ। ਜਦੋਂਕਿ ਅਗਵਾਕਾਰ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਮੁਲਜ਼ਮਾਂ ਦੀ ਭਾਲ ਵਿੱਚ ਪੁਲੀਸ ਦੀਆਂ ਵੱਖ ਵੱਖ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਅੱਜ ਸ਼ਾਮੀ ਮੁਹਾਲੀ ਸਥਿਤ ਜ਼ਿਲ੍ਹਾ ਪੁਲੀਸ ਕਮੇਟੀ ਰੂਮ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਲੰਘੀ ਰਾਤ ਕਰੀਬ 9 ਵਜੇ ਕੁਰਾਲੀ ’ਚੋਂ ਛੇਵੀਂ ਜਮਾਤ ਵਿੱਚ ਪੜ੍ਹਦੇ ਅਸ਼ੀਸ਼ ਜੋਤ ਸਿੰਘ ਉਰਫ਼ ਆਸ਼ੂ ਨੂੰ ਇੱਕ ਵਿਅਕਤੀ ਚਾਕਲੇਟ ਦਾ ਲਾਲਚ ਦੇ ਕੇ ਚੌਧਰੀ ਹਸਪਤਾਲ ਦੇ ਸਾਹਮਣਿਓਂ ਕਾਰ ਵਿੱਚ ਅਗਵਾ ਕਰ ਕੇ ਲੈ ਗਿਆ ਸੀ। ਇਸ ਸਬੰਧੀ ਕੁਰਾਲੀ ਥਾਣੇ ਵਿੱਚ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਧਾਰਾ 363 ਅਧੀਨ ਕੇਸ ਦਰਜ ਕਰ ਕੇ ਮੁਹਾਲੀ ਦੇ ਐਸਪੀ (ਸਿਟੀ) ਹਰਵਿੰਦਰ ਸਿੰ ਵਿਰਕ, ਐਸਪੀ (ਡੀ) ਵਰੁਣ ਸ਼ਰਮਾ, ਡੀਐਸਪੀ (ਡੀ) ਗੁਰਦੇਵ ਸਿੰਘ ਧਾਲੀਵਾਲ, ਡੀਐਸਪੀ ਡੇਰਾਬੱਸੀ ਸਿਮਰਨਜੀਤ ਸਿੰਘ ਲੰਗ ਅਤੇ ਐਸਐਚਓ ਮੈਡਮ ਸੰਦੀਪ ਕੌਰ ’ਤੇ ਆਧਾਰਿਤ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ।
ਸ੍ਰੀ ਭੁੱਲਰ ਨੇ ਦੱਸਿਆ ਕਿ ਜਾਂਚ ਦੌਰਾਨ ਪੁਲੀਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਅਗਵਾਕਾਰਾਂ ਨੇ ਬੱਚੇ ਦੀ ਮਾਂ ਸਤਵਿੰਦਰ ਕੌਰ ਨੂੰ ਫੋਨ ਕਰ ਕੇ ਦੋ ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ। ਜਿਸ ਕਾਰਨ ਉਨ੍ਹਾਂ ਦਾ ਮੋਬਾਈਲ ਨੰਬਰ ਪੁਲੀਸ ਨੂੰ ਪਤਾ ਚੱਲ ਗਿਆ। ਜਦੋਂ ਪੁਲੀਸ ਟੀਮ ਨੇ ਬੱਚੇ ਦੀ ਭਾਲ ਸ਼ੁਰੂ ਕੀਤੀ ਤਾਂ ਅਗਵਾਕਾਰ ਘਬਰਾ ਗਏ ਅਤੇ ਉਹ ਬੱਚੇ ਨੂੰ ਅੰਬਾਲਾ ਰੇਲਵੇ ਸਟੇਸ਼ਨ ਉੱਤੇ ਛੱਡ ਕੇ ਫਰਾਰ ਹੋ ਗਏ। ਬੱਚੇ ਨੇ ਰੇਲਵੇ ਸਟੇਸ਼ਨ ਤੋਂ ਕਿਸੇ ਵਿਅਕਤੀ ਨੂੰ ਆਪਬੀਤੀ ਦੱਸਦਿਆਂ ਉਸ ਤੋਂ ਫੋਨ ਲੈ ਕੇ ਆਪਣੀ ਮਾਂ ਨੂੰ ਫੋਨ ਕਰ ਕੇ ਸਾਰੀ ਗੱਲ ਦੱਸੀ। ਇਸ ਦੌਰਾਨ ਡੇਰਾਬੱਸੀ ਦੇ ਡੀਐਸਪੀ ਸਿਮਰਨਜੀਤ ਸਿੰਘ ਲੰਗ ਵੀ ਮੋਬਾਈਲ ਫੋਨ ਦੀ ਲੁਕੇਸ਼ਨ ਦਾ ਪਿੱਛਾ ਕਰਦੇ ਹੋਏ ਅੰਬਾਲਾ ਰੇਲਵੇ ਸਟੇਸ਼ਨ ’ਤੇ ਪਹੁੰਚ ਗਏ ਅਤੇ ਪੀੜਤ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ। ਐਸਐਸਪੀ ਨੇ ਦੱਸਿਆ ਕਿ ਪੀੜਤ ਬੱਚੇ ਅਸ਼ੀਸ਼ ਜੋਤ ਸਿੰਘ ਦੇ ਦੱਸਣ ਅਨੁਸਾਰ ਪਹਿਲਾਂ ਅਗਵਾਕਾਰਾਂ ਉਸ ਨੂੰ ਅਗਵਾ ਕਰਕੇ ਜਿਸ ਕਾਰ ਵਿੱਚ ਲਿਜਾਇਆ ਗਿਆ ਸੀ, ਉਸ ਨੂੰ ਰਸਤੇ ਵਿੱਚ ਬਦਲ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਬੱਚੇ ਤੋਂ ਪੁੱਛਗਿੱਛ ਕਰਕੇ ਹੋਰ ਵੀ ਵੇਰਵੇ ਹਾਸਲ ਕੀਤੇ ਜਾ ਰਹੇ ਹਨ ਅਤੇ ਅਗਵਾਕਾਰਾਂ ਨੂੰ ਜਲਦੀ ਫੜ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …