ਪੱਤਰਕਾਰ ਕੇਜੇ ਸਿੰਘ ਕਤਲ ਕਾਂਡ ਸਬੰਧੀ ਮੁਹਾਲੀ ਪੁਲੀਸ ਵੱਲੋਂ 5 ਸ਼ੱਕੀ ਨੌਜਵਾਨਾਂ ਦੀਆਂ ਤਸਵੀਰਾਂ ਜਾਰੀ

ਸੀਸੀਟੀਵੀ ਕੈਮਰੇ ਮੁਤਾਬਕ ਵਾਰਦਾਤ ਵਾਲੇ ਦਿਨ ਸ਼ੱਕੀ ਹਾਲਤ ਵਿੱਚ ਫੇਜ਼ 3ਬੀ-2 ਵਿੱਚ ਘੁੰਮਦੇ ਦਿਖਾਈ ਰਹੇ ਨੇ ਸ਼ੱਕੀ ਨੌਜਵਾਨ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਕਤੂਬਰ:
ਸਥਾਨਕ ਫੇਜ਼ 3ਬੀ2 ਦੀ ਇੱਕ ਕੋਠੀ ਵਿੱਚ ਬੀਤੀ 22 ਤੇ 23 ਸਤੰਬਰ ਦੀ ਦਰਮਿਆਨੀ ਰਾਤ ਨੂੰ ਪੱਤਰਕਾਰ ਕੇ ਜੇ ਸਿੰਘ ਅਤੇ ਉਹਨਾਂ ਦੀ ਬਿਰਧ ਮਾਤਾ ਦਾ ਬੇਦਰਦੀ ਨਾਲ ਕਤਲ ਕੀਤੇ ਜਾਣ ਦੀ ਵਾਰਦਾਤ ਲਈ ਜ਼ਿੰਮੇਵਾਰ ਵਿਅਕਤੀ ਹੁਣੇ ਵੀ ਪੁਲੀਸ ਦੀ ਪਕੜ ਤੋਂ ਬਾਹਰ ਹਨ। ਇਸ ਸਬੰਧੀ ਅੱਜ ਪੁਲੀਸ ਵੱਲੋਂ ਇਸ ਕਤਲ ਦੇ ਮਾਮਲੇ ਵਿੱਚ ਸ਼ਾਮਿਲ ਕੁੱਝ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ ਜਿਹੜੇ ਘਟਨਾ ਵਾਲੇ ਦਿਨ ਵਾਰਦਾਤ ਵਾਲੀ ਥਾਂ ਦੇ ਆਸਪਾਸ ਸ਼ੱਕੀ ਹਾਲਤ ਵਿੱਚ ਘੁੰਮਦੇ ਰਹੇ ਸਨ।
ਜ਼ਿਲ੍ਹਾ ਮੁਹਾਲੀ ਦੇ ਐਸਪੀ (ਡੀ) ਹਰਬੀਰ ਸਿੰਘ ਅਟਵਾਲ ਨੇ ਅੱਜ ਇੱਥੇ ਸੱਦੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਪੁਲੀਸ ਵੱਲੋਂ ਇਸ ਮਾਮਲੇ ਦੀਆਂ ਇੱਕ ਨਾਲ ਇੱਕ ਕੜੀ ਜੋੜ ਕੇ ਕਾਤਲਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪੁਲੀਸ ਵੱਲੋਂ ਵਾਰਦਾਤ ਵਾਲੀ ਥਾਂ ਦੇ ਆਸ ਪਾਸ ਲੱਗੇ ਵੱਖ ਵੱਖ ਸੀਸੀਟੀਵੀ ਕੈਮਰਿਆਂ ਦੀਆਂ ਰਿਕਾਰਡਿੰਗਾਂ ਦੀ ਗਹਿਰਾਈ ਨਾਲ ਜਾਂਚ ਕਰਨ ਤੇ ਅਜਿਹੇ ਪੰਜ ਸ਼ੱਕੀ ਨੌਜਵਾਨਾਂ ਦੀਆਂ ਗਤੀਵਿਧੀਆਂ ਸਾਹਮਣੇ ਆਈਆਂ ਹਨ ਜਿਹੜੀਆਂ ਇਹ ਜਾਹਿਰ ਕਰਦੀਆਂ ਹਨ ਕਿ ਇਹ ਨੌਜਵਾਨ ਕਿਸੇ ਖਾਸ ਮਕਸਦ ਨਾਲ ਘੁੰਮ ਰਹੇ ਸਨ। ਇਹ ਸਾਰੇ ਨੌਜਵਾਨ ਫੇਜ਼ 3ਬੀ2 ਦੀ ਮਾਰਕੀਟ, ਪੱਤਰਕਾਰ ਕੇ ਜੇ ਸਿੰਘ ਦੀ ਕੋਠੀ ਅਤੇ ਕੋਠੀ ਦੇ ਪਿੱਛੇ ਪੈਂਦੇ ਪਾਰਕ ਵਿੱਚ ਘੁੰਮਦੇ ਨਜਰ ਆ ਰਹੇ ਹਨ ਅਤੇ ਇਸ ਦੌਰਾਨ ਇਹਨਾਂ ਵੱਲੋੱ ਆਪਣੇ ਮੋਬਾਈਲ ਫੋਨ ਤੇ ਇਸ ਖੇਤਰ ਦੀ ਵੀਡੀਓ ਵੀ ਬਣਾਈ ਗਈ ਸੀ।
ਸ੍ਰੀ ਅਟਵਾਲ ਨੇ ਦੱਸਿਆ ਕਿ ਇਹ ਨੌਜਵਾਨ ਉੱਝ ਤਾਂ ਇਕੱਲੇ ਇਕੱਲੇ ਫਿਰਦੇ ਦਿਖਦੇ ਹਨ ਪ੍ਰੰਤੂ ਇਹ ਬਾਅਦ ਵਿੱਚ ਇਕੱਠੇ ਵੀ ਹੋ ਜਾਂਦੇ ਹਨ। ਉਹਨਾਂ ਦੱਸਿਆ ਕਿ ਇਹ ਨੌਜਵਾਨ ਮ੍ਰਿਤਕ ਕੇ ਜੇ ਸਿੰਘ ਦੀ ਕੋਠੀ ਦੇ ਬਾਹਰ ਵੀ ਜਾਂਦੇ ਦਿਸਦੇ ਹਨ ਅਤੇ ਕੁੱਝ ਸਮਾਂ ਰੁੱਕ ਕੇ ਫਿਰ ਉੱਥੋੱ ਕਿਸੇ ਪਾਸੇ ਤੁਰ ਜਾਂਦੇ ਹਨ। ਤਸਵੀਰਾਂ ਵਿੱਚ ਨਜਰ ਆ ਰਹੇ ਇਹ ਸਾਰੇ ਨੌਜਵਾਨ 20 ਤੋਂ 30 ਸਾਲ ਦੀ ਉਮਰ ਵਰਗ ਦੇ ਹਨ। ਜਿਨ੍ਹਾਂ ਨੇ ਤੰਗ ਪੈਂਟਾਂ ਪਾਈਆਂ ਹੋਈਆਂ ਹਨ। ਪੁਲੀਸ ਇਹ ਮੰਨ ਕੇ ਚਲ ਰਹੀ ਹੈ ਕਿ ਇਹ ਸਾਰੇ ਨੌਜਵਾਨ ਇੱਥੋਂ ਦੇ ਵਸਨੀਕ ਨਾ ਹੋ ਕੇ ਕਿਤੇ ਬਾਹਰੋੱ ਆਏ ਹੋ ਲਗਦੇ ਹਨ। ਇਹਨਾਂ ਸ਼ੱਕੀ ਨੌਜਵਾਨਾਂ ਦੀ ਪਹਿਚਾਣ ਕਰਨ ਲਈ ਪੁਲੀਸ ਵੱਲੋਂ ਮ੍ਰਿਤਕ ਕੇਜੇ ਸਿੰਘ ਦੇ ਨਜਦੀਕੀ ਰਿਸ਼ਤੇਦਾਰਾਂ ਸਮੇਤ ਹੋਰਨਾਂ ਵਿਅਕਤੀਆਂ ਨੂੰ ਵੀ ਇਹ ਤਸਵੀਰਾਂ ਵਿਖਾਈਆਂ ਜਾ ਚੁੱਕੀਆਂ ਹਨ ਪਰ ਕੋਈ ਵੀ ਇਹਨਾਂ ਦੀ ਪਛਾਣ ਨਹੀਂ ਕਰ ਪਾਇਆ।
ਇਹ ਪੁੱਛਣ ਤੇ ਕਿ ਕੀ ਇਹਨਾਂ ਸ਼ੱਕੀ ਨੌਜਵਾਨਾਂ ਦੀਆਂ ਗਤੀਵਿਧੀਆਂ ਨਾਲ ਇਹ ਜਾਹਿਰ ਨਹੀਂ ਹੁੰਦਾ ਕਿ ਪੱਤਰਕਾਰ ਕੇ ਜੇ ਸਿੰਘ ਦੇ ਕਤਲ ਦੀ ਵਾਰਦਾਤ ਨੂੰ ਪੂਰੀ ਤਰ੍ਹਾਂ ਸੋਚ ਵਿਚਾਰ ਕੇ ਅਤੇ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਸੀ। ਸ੍ਰੀ ਅਟਵਾਲ ਨੇ ਕਿਹਾ ਕਿ ਉਹ ਸਿਰਫ ਇਹ ਕਹਿ ਸਕਦੇ ਹਨ ਕਿ ਇਹਨਾਂ ਨੌਜਵਾਨਾਂ ਦੀਆਂ ਗਤੀਵਿਧੀਆਂ ਸ਼ੱਕੀ ਹਨ ਅਤੇ ਇਹਨਾਂ ਵੱਲੋੱ ਘਟਨਾ ਵਾਲੇ ਦਿਨ ਜਿਸ ਤਰੀਕੇ ਨਾਲ ਮ੍ਰਿਤਕ ਦੀ ਕੋਠੀ ਅਤੇ ਆਸਪਾਸ ਦੇ ਖੇਤਰ ਵਿੱਚ ਸਰਗਰਮੀਆਂ ਕੀਤੀਆਂ ਗਈਆਂ ਹਨ ਉਸ ਨਾਲ ਇਹਨਾਂ ਦੇ ਇਸ ਮਾਮਲੇ ਵਿੱਚ ਸ਼ਾਮਿਲ ਹੋਣ ਦੀ ਗੱਲ ਆਖੀ ਜਾ ਸਕਦੀ ਹੈ।
ਪੁਲੀਸ ਵੱਲੋਂ ਅੱਜ ਜਾਰੀ ਕੀਤੀਆਂ ਗਈਆਂ ਸ਼ੱਕੀ ਨੌਜਵਾਨਾਂ ਦੀਆਂ ਤਸਵੀਰਾਂ ਵਿੱਚ ਇੱਕ ਵਿੱਚ ਇੱਕ ਸਿੱਖ ਨੌਜਵਾਨ ਜਿਸਨੇ ਸੰਤਰੀ ਪੱਗ ਬੰਨੀ ਹੈ ਅਤੇ ਚਿੱਟੀ ਕਮੀਜ ਅਤੇ ਕਾਲੀ ਪੈਂਟ ਪਾਈ ਹੈ, ਫੋਨ ਤੇ ਗੱਲ ਕਰਦਾ ਦਿਖ ਰਿਹਾ ਹੈ। ਇਸ ਵਿਅਕਤੀ ਦਾ ਚਿਹਰਾ ਕਾਫੀ ਹੱਦ ਤੱਕ ਪਹਿਚਾਣਯੋਗ ਹੈ। ਇਸਦੇ ਅੱਗੇ ਪੀਲੀ ਟੀ ਸ਼ਰਟ ਅਤੇ ਕਾਲੀ ਪੈਂਟ ਵਿੱਚ ਇੱਕ ਹੋਰ ਨੌਜਵਾਨ ਜਾ ਰਿਹਾ ਹੈ। ਜਿਸਦੇ ਸਿਰ ਤੇ ਕਾਲਾ ਕੱਪੜਾ ਬੰਨਿਆ ਹੋਇਆ ਹੈ। ਦੂਜੀ ਤਸਵੀਰ ਵਿੱਚ ਕਾਲੀਆਂ ਟੀ ਸ਼ਰਟਾਂ ਅਤੇ ਨੀਲੀਆਂ ਜੀਨਾਂ ਵਿੱਚ ਦੋ ਮੋਨੇ ਨੌਜਵਾਨ ਦਿਖ ਰਹੇ ਹਨ। ਜਿਹਨਾਂ ਨੇ ਦਾਹੜੀ ਰੱਖੀ ਹੋਈ ਹੈ। ਤੀਜੀ ਤਸਵੀਰ ਵਿੱਚ ਤਿੰਨ ਨੌਜਵਾਨ ਦਿਖਦੇ ਹਨ ਜਿਹਨਾਂ ਵਿੱਚੋੱ ਇੱਕ ਮੋਨਾ ਨੌਜਵਾਨ ਅਤੇ ਇੱਕ ਪੀਲੀ ਟੀ ਸ਼ਰਟ ਵਾਲਾ ਨੌਜਵਾਨ ਹੈ ਜੋ ਪਹਿਲੀਆਂ ਤਸਵੀਰਾਂ ਵਿੱਚ ਹੀ ਹਨ ਅਤੇ ਇਹਨਾਂ ਦੇ ਨਾਲ ਹਰੀ ਪੱਗ, ਚੈਕ ਵਾਲੀ ਸ਼ਰਟ ਅਤੇ ਕਾਲੀ ਪੈਂਟ ਵਾਲਾ ਇੱਕ ਸਿੱਖ ਨੌਜਵਾਨ ਹੈ ਜਿਸਦੀ ਦਾਹੜੀ ਨਜਰ ਨਹੀਂ ਆਉਂਦੀ। ਇਹਨਾਂ ਸਾਰਿਆਂ ਨੇ ਸਪੋਰਟਸ ਸ਼ੂਜ ਪਾਏ ਹੋਏ ਹਨ।
ਐਸਪੀ ਹਰਬੀਰ ਸਿੰਘ ਅਟਵਾਲ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਦਾ ਪਹਿਰਾਵਾ ਵੇਖ ਕੇ ਲੱਗਦਾ ਹੈ ਕਿ ਇਹ ਸੰਗਰੂਰ, ਬਰਨਾਲਾ, ਮੋਗਾ ਵੱਲ ਦੇ ਹੋ ਸਕਦੇ ਹਨ ਅਤੇ ਪੁਲੀਸ ਵੱਲੋਂ ਇਹਨਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਸੀ ਸੀ ਟੀ ਵੀ ਕੈਮਰਿਆਂ ਵਿੱਚ ਇਹਨਾਂ ਨੌਜਵਾਨਾਂ ਦੀ ਆਖਰੀ ਲੋਕੇਸ਼ਨ ਸ਼ੀਤਲ ਡਿਪਾਰਟਮੈਂਟਲ ਸਟੋਰ ਦੇ ਨੇੜੇ ਦੀ ਆਈ ਹੈ। ਉਹਨਾਂ ਕਿਹਾ ਕਿ ਇਹ ਨੌਜਵਾਨ ਇਸ ਪੱਖੋੱ ਵੀ ਚੇਤੰਨ ਦਿਖਦੇ ਹਨ ਕਿ ਉਹਨਾਂ ਦਾ ਚਿਹਰਾ ਸੀਸੀਟੀਵੀ ਕੈਮਰੇ ਵਿਚ ਨਾ ਆਏ ਅਤੇ ਜਿੱਥੇ ਕਿਤੇ ਵੀ ਉਹਨਾਂ ਦਾ ਚਿਹਰਾ ਦਿਖਿਆ ਹੈ ਉਹ ਕੈਮਰੇ ਸ਼ਾਇਦ ਇਨ੍ਹਾਂ ਨੂੰ ਨਜਰ ਨਹੀਂ ਆਏ ਹੋਣ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …