ਮੁਹਾਲੀ ਪੁਲੀਸ ਨੇ ਏਜੀ ਹਰਿਆਣਾ ਦੇ ਸੇਵਾਮੁਕਤ ਮੁਲਾਜ਼ਮ ਦੀ ਹੱਤਿਆ ਦਾ ਮਾਮਲਾ ਸੁਲਝਾਇਆ, ਦੋ ਮੁਲਜ਼ਮ ਗ੍ਰਿਫ਼ਤਾਰ

ਮੁਲਜ਼ਮਾਂ ਨੇ ਪੈਸਿਆਂ ਦੇ ਲਾਲਚ ਵਿੱਚ ਆ ਕੇ ਸੇਵਾਮੁਕਤ ਕਰਮਚਾਰੀ ਨੂੰ ਮੌਤ ਦੇ ਘਾਟ ਉਤਾਰਿਆ ਸੀ

ਵਾਰਦਾਤ ਦੌਰਾਨ ਖੂਨ ਨਾਲ ਲਿੱਬੜੀ ਚੱਪਲ ਦੇ ਨਿਸ਼ਾਨਾਂ ਦਾ ਪਿੱਛਾ ਕਰਦੀ ਹੋਈ ਪੁਲੀਸ ਮੁਲਜ਼ਮਾਂ ਤੱਕ ਪਹੁੰਚੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜਨਵਰੀ:
ਮੁਹਾਲੀ ਪੁਲੀਸ ਵੱਲੋਂ ਐਡਵੋਕੇਟ ਜਨਰਲ (ਏਜੀ) ਹਰਿਆਣਾ ਦੇ ਦਫ਼ਤਰ ਤੋਂ ਸੇਵਾਮੁਕਤ ਰਾਜ ਕੁਮਾਰ ਦੇ ਅੰਨੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦਿਆਂ ਦੋ ਮੁਲਜ਼ਮਾਂ ਸੁਭਮ ਗਰੋਵਰ ਵਾਸੀ ਪਿੰਡ ਬੜੌਦਾ (ਹਰਿਆਣਾ) ਅਤੇ ਇਸਤੇਕਾਰ ਖਾਨ ਉਰਫ਼ ਮੋਨੂ ਵਾਸੀ ਵਾਸੀ ਰੋਹਾਨਾ (ਯੂਪੀ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਨੇ ਪੈਸਿਆਂ ਦੇ ਲਾਲਚ ਵਿੱਚ ਆ ਕੇ ਸੇਵਾਮੁਕਤ ਕਰਮਚਾਰੀ ਨੂੰ ਮੌਤ ਦੇ ਘਾਟ ਉਤਾਰਿਆ ਸੀ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਅੰਨੇ ਕਤਲ ਤੋਂ ਬਾਅਦ ਮੁਲਜ਼ਮ ਸੁਭਮ ਗਰੋਵਰ ਵੱਲੋਂ ਆਪਣੇ ਪੈਰਾਂ ਵਿੱਚ ਪਹਿਨੀ ਹੋਈ ਚੱਪਲ ਜੋ ਕਿ ਮ੍ਰਿਤਕ ਦੇ ਖੂਨ ਵਿੱਚ ਲਿੱਬੜੀ ਹੋਈ ਸੀ। ਉਸਦੇ ਨਿਸ਼ਾਨ ਮ੍ਰਿਤਕ ਦੇ ਘਰ ਦੇ ਫਰਸ ’ਤੇ ਰਹਿ ਗਏ ਸਨ। ਲਿਹਾਜ਼ਾ ਖੂਨ ਨਾਲ ਲਿੱਬੜੀ ਚੱਪਲ ਦੇ ਨਿਸ਼ਾਨਾਂ ਦਾ ਪਿੱਛਾ ਕਰਦੀ ਹੋਈ ਪੁਲੀਸ ਮੁਲਜ਼ਮਾਂ ਤੱਕ ਪਹੁੰਚੀ ਹੈ।
ਮੁਲਜ਼ਮ ਸੁਭਮ ਗਰੋਵਰ ਪਿੰਡ ਖੁੱਡਾ ਅਲੀਸ਼ੇਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ ਜਦੋਂਕਿ ਇਸਤੇਕਾਰ ਖਾਨ ਖੁੱਡਾ ਅਲੀਸ਼ੇਰ ਵਿੱਚ ਨਾਈ ਦੀ ਦੁਕਾਨ ਕਰਦਾ ਹੈ। ਪੁਲੀਸ ਦੀ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਰਾਜ ਕੁਮਾਰ ਅਕਸਰ ਨਾਈ ਦੀ ਦੁਕਾਨ ’ਤੇ ਆਉਂਦਾ ਜਾਂਦਾ ਰਹਿੰਦਾ ਸੀ ਅਤੇ ਵਾਰਦਾਤ ਵਾਲੇ ਦਿਨ ਵੀ ਸ਼ਾਮ ਨੂੰ ਆਇਆ ਸੀ।
ਐਸਐਸਪੀ ਸ੍ਰੀ ਚਾਹਲ ਨੇ ਦੱਸਿਆ ਕਿ ਮ੍ਰਿਤਕ ਦੇ ਬੇਟੇ ਇੰਦਰਜੀਤ ਕੁਮਾਰ ਨੇ ਨਵਾਂ ਗਰਾਓਂ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਬੀਤੀ 22 ਜਨਵਰੀ ਨੂੰ ਉਹ ਦੁਪਹਿਰ 12 ਆਪਣੀ ਡਿਊਟੀ ’ਤੇ ਆਈਟੀ ਪਾਰਕ ਮਨੀ ਮਾਜਰਾ ਵਿੱਚ ਗਿਆ ਸੀ। ਜਦੋਂ ਉਹ ਦੇਰ ਰਾਤ ਕਰੀਬ ਸਾਢੇ 9 ’ਤੇ ਵਾਪਸ ਘਰ ਆਇਆ ਤਾਂ ਉਸ ਦਾ ਪਿਤਾ ਰਾਜ ਕੁਮਾਰ ਰਸੋਈ ਵਿੱਚ ਖੂਨ ਨਾਲ ਲਥਪਥ ਪਿਆ ਸੀ। ਉਸ ਦੀ ਗਰਦਨ ਅਤੇ ਪੇਟ ’ਤੇ ਡੂੰਘੇ ਜ਼ਖ਼ਮ ਸਨ। ਇਸ ਸਬੰਧੀ ਪੁਲੀਸ ਨੇ ਨਵਾਂ ਗਰਾਓਂ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ।
ਇਸ ਸਬੰਧੀ ਮੁਹਾਲੀ ਦੇ ਐਸਪੀ (ਸਿਟੀ) ਜਸਕਰਨ ਸਿੰਘ ਤੇਜਾ ਦੀ ਨਿਗਰਾਨੀ ਹੇਠ ਡੀ ਐਸਪੀ (ਸਿਟੀ-1) ਅਮਰੋਜ ਸਿੰਘ ਅਤੇ ਨਵਾਂ ਗਰਾਓਂ ਦੇ ਐਸਐਚਓ ਸੁਮਿਤ ਮੋਰ ’ਤੇ ਆਧਾਰਿਤ ਜਾਂਚ ਟੀਮ ਦਾ ਗਠਨ ਕੀਤਾ ਗਿਆ। ਜਾਂਚ ਟੀਮ ਨੇ ਮੁਲਜ਼ਮਾਂ ਦੀ ਪੈੜ ਨੱਪਣ ਲਈ ਵੱਖ ਵੱਖ ਪਹਿਲੂਆਂ ’ਤੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਪੁਲੀਸ ਨੇ ਸੁਭਮ ਗਰੋਵਰ ਅਤੇ ਇਸਤੇਕਾਰ ਖਾਨ ਉਰਫ਼ ਮੋਨੂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਅਨੁਸਾਰ ਮੁਲਜ਼ਮਾਂ ਤੋਂ ਕੀਤੀ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਰਾਜ ਕੁਮਾਰ ਨੇ ਲੋਹੜੀ ਵਾਲੇ ਦਿਨ ਮੁਲਜ਼ਮ ਸੁਭਮ ਗਰੋਵਰ ਜੋ ਕਿ ਦਵਾਈਆਂ ਦੇ ਸੈਂਪਲ ਸਪਲਾਈ ਕਰਦਾ ਹੈ ਅਤੇ ਇਸਤੇਕਾਰ ਖਾਨ ਉਰਫ਼ ਮੋਨੂ ਨੂੰ ਦੱਸਿਆ ਸੀ ਕਿ ਉਸ ਕੋਲ ਕੁਝ ਦਿਨਾਂ ਤੱਕ 3 ਲੱਖ ਰੁਪਏ ਆਉਣੇ ਹਨ।
ਸ੍ਰੀ ਚਾਹਲ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੇ ਰਾਜ ਕੁਮਾਰ ਦਾ ਕਤਲ ਕਰਕੇ ਪੈਸੇ ਚੋਰੀ ਕਰਨ ਦੀ ਸਾਜ਼ਿਸ਼ ਰਚੀ ਸੀ ਅਤੇ 22 ਜਨਵਰੀ ਨੂੰ ਦੇਰ ਸ਼ਾਮ ਕਰੀਬ ਸਾਢੇ 7 ਵਜੇ ਉਨ੍ਹਾਂ ਨੇ ਰਾਜ ਕੁਮਾਰ ਦੇ ਘਰ ਵਿੱਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ ਅਤੇ ਪੈਸਿਆਂ ਦੀ ਭਾਲ ਵਿੱਚ ਘਰ ਦੇ ਸਮਾਨ ਦੀ ਕਾਫੀ ਫਰੋਲਾ ਫਰਾਲੀ ਕੀਤੀ ਪ੍ਰੰਤੂ ਮੁਲਜ਼ਮਾਂ ਨੂੰ ਨੂੰ ਘਰ ’ਚੋਂ ਪੈਸੇ ਨਹੀਂ ਮਿਲੇ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮ੍ਰਿਤਕ ਦੇ ਘਰੋਂ ਸਿਰਫ਼ 500 ਕੁ ਰੁਪਏ ਹੀ ਮਿਲੇ ਸਨ ਕਿਉਂਕਿ ਰਾਜ ਕੁਮਾਰ ਨੂੰ ਮਿਲਣ ਵਾਲੇ ਪੈਸੇ ਉਦੋਂ ਤੱਕ ਨਹੀਂ ਮਿਲੇ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …