Share on Facebook Share on Twitter Share on Google+ Share on Pinterest Share on Linkedin ਮੁਹਾਲੀ ਪੁਲੀਸ ਵੱਲੋਂ ਅੰਤਰਰਾਜ਼ੀ ਵਾਹਨ ਚੋਰ ਗਰੋਹ ਪਰਦਾਫਾਸ਼, ਚੋਰੀ ਦੇ 30 ਮੋਟਰ ਸਾਈਕਲ ਬਰਾਮਦ ਗਰੋਹ ਦਾ ਮੁੱਖ ਸਰਗਨਾ ਗੁਰਪ੍ਰੀਤ ਸਿੰਘ ਉਰਫ਼ ਗੋਪੀ ਤੇ ਸਾਥੀ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ, ਛਾਪੇਮਾਰੀ ਜਾਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਗਸਤ: ਮੁਹਾਲੀ ਪੁਲੀਸ ਨੇ ਅੰਤਰਰਾਜ਼ੀ ਵਾਹਨ ਚੋਰ ਗਰੋਹ ਦਾ ਪਰਦਾਫਾਸ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਦੇ 30 ਮੋਟਰ ਸਾਈਕਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਮਟੌਰ ਥਾਣੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁਹਾਲੀ ਦੇ ਐਸਪੀ (ਡੀ) ਵਰੁਣ ਸ਼ਰਮਾ ਅਤੇ ਐਸਪੀ (ਸਿਟੀ) ਜਸਕਿਰਨਜੀਤ ਸਿੰਘ ਤੇਜ਼ਾ ਨੇ ਦੱਸਿਆ ਕਿ ਡੀਐਸਪੀ (ਸਿਟੀ-1) ਅਮਰੋਜ ਸਿੰਘ ਦੀ ਨਿਗਰਾਨੀ ਹੇਠ ਮਟੌਰ ਥਾਣਾ ਦੇ ਐਸਐਚਓ ਰਾਜੀਵ ਕੁਮਾਰ ਦੀ ਅਗਵਾਈ ਵਾਲੀ ਪੁਲੀਸ ਟੀਮ ਵੱਲੋਂ ਫੇਜ਼-7 ਵਿੱਚ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲੀਸ ਗੁਪਤ ਸੂਚਨਾ ਮਿਲੀ ਕਿ ਲੱਕੀ ਅਤੇ ਸੁਖਵਿੰਦਰ ਸਿੰਘ ਵਾਸੀ ਮਾਨਸਾ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਬਾਹਰਲੇ ਜ਼ਿਲ੍ਹਿਆਂ ’ਚੋਂ ਮੋਟਰ ਸਾਈਕਲ ਚੋਰੀ ਕਰਕੇ ਅੱਗੇ ਵੇਚ ਦਿੰਦੇ ਹਨ ਅਤੇ ਚੋਰੀ ਦੇ ਵਾਹਨਾਂ ਦੇ ਪੈਸਿਆ ਨਾਲ ਚੰਡੀਗੜ੍ਹ ਵਿੱਚ ਐਸ਼ਪ੍ਰਸਤੀ ਕਰਨ ਆਉਂਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਚੈਕਿੰਗ ਦੌਰਾਨ ਦੋ ਮੋਟਰ ਸਾਈਕਲਾਂ ’ਤੇ ਸਵਾਰ ਵਿਅਕਤੀਆਂ ਨੂੰ ਰੋਕਿਆ। ਜਿਨ੍ਹਾਂ ਦੀ ਪਛਾਣ ਲੱਕੀ ਵਾਸੀ ਜੰਡੇਕਲਾਂ, ਜ਼ਿਲ੍ਹਾ ਮਾਨਸਾ ਅਤੇ ਸੁਖਵਿੰਦਰ ਸਿੰਘ ਵਾਸੀ ਢਾਣੀ ਕਾਹਮਾਂ ਰਾਮ, ਜ਼ਿਲ੍ਹਾ ਫਿਰੋਜਪੁਰ ਵਜੋਂ ਹੋਈ ਹੈ। ਇਨ੍ਹਾਂ ਕਾਬੂ ਕਰਕੇ ਇੱਕ ਸਪਲੈਂਡਰ ਅਤੇ ਇੱਕ ਪਲਾਟੀਨਾ ਮੋਟਰ ਸਾਈਕਲ ਦੀ ਜਾਂਚ ਕਰਨ ’ਤੇ ਦੋਵੇਂ ਵਾਹਨ ਚੋਰੀ ਦੇ ਪਾਏ ਗਏ। ਮੁਲਜ਼ਮਾਂ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਇਹ ਅੰਤਰ-ਰਾਸ਼ਟਰੀ ਪੱਧਰ ਦੇ ਵਾਹਨ ਚੋਰ ਗਰੋਹ ਦੇ ਮੈਂਬਰ ਹਨ। ਉਹ ਆਪਣੇ ਸਾਥੀਆਂ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਝੰਡੇਕਲਾਂ, ਜ਼ਿਲ੍ਹਾ ਮਾਨਸਾ, ਅਮਨਦੀਪ ਸਿੰਘ ਉਰਫ਼ ਲਾਡਾ ਵਾਸੀ ਬੋਦਲਾ, ਜ਼ਿਲ੍ਹਾ ਮਾਨਸਾ, ਪ੍ਰਸ਼ੋਤਮ ਕੁਮਾਰ ਵਾਸੀ ਸਿਰਸਾ (ਹਰਿਆਣਾ) ਨਾਲ ਮਿਲ ਕੇ ਮਾਨਸਾ, ਸਿਰਸਾ (ਹਰਿਆਣਾ), ਫਾਜ਼ਿਲਕਾ, ਫਿਰੋਜ਼ਪੁਰ, ਲੁਧਿਆਣਾ, ਦਿੱਲੀ ਅਤੇ ਚੰਡੀਗੜ੍ਹ ਅਤੇ ਮੁਹਾਲੀ ਦੇ ਇਲਾਕਿਆਂ ’ਚੋਂ ਵੱਖ-ਵੱਖ ਮੋਟਰ ਸਾਈਕਲ ਚੋਰੀ ਕਰਦੇ ਸਨ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅੱਗੇ ਵੇਚ ਦਿੰਦੇ ਸਨ। ਗ੍ਰਿਫ਼ਤਾਰ ਤੋਂ ਬਾਅਦ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਮੁਹਾਲੀ ਦੀਆਂ ਵੱਖ-ਵੱਖ ਮਾਰਕੀਟਾਂ ਦੀਆਂ ਪਾਰਕਿੰਗਾਂ ’ਚੋਂ ਚੋਰੀ ਕੀਤੇ 28 ਹੋਰ ਮੋਟਰ ਸਾਈਕਲ ਜਿਨ੍ਹਾਂ ਵਿੱਚ ਸਪਲੈਂਡਰ, ਪਲਾਟਿਨਾ, ਹੀਰੋ ਹਾਂਡਾ ਆਦਿ ਬਰਾਮਦ ਕੀਤੇ ਗਏ ਹਨ। ਪੁਲੀਸ ਅਨੁਸਾਰ ਇਸ ਗਰੋਹ ਦਾ ਮੁੱਖ ਸਰਗਨਾ ਗੁਰਪ੍ਰੀਤ ਸਿੰਘ ਉਰਫ਼ ਗੋਪੀ ਹੈ। ਮੁਲਜ਼ਮਾਂ ਨੇ ਇਹ ਵੀ ਮੰਨਿਆ ਹੈ ਕਿ ਉਨ੍ਹਾਂ ਦੇ ਸਾਥੀਆਂ ਨੇ ਵੱਖ-ਵੱਖ ਸ਼ਹਿਰਾਂ ਵਿੱਚ ਵੇਚਣ ਲਈ 40 ਦੇ ਕਰੀਬ ਹੋਰ ਮੋਟਰ ਸਾਈਕਲ ਵੱਖ-ਵੱਖ ਥਾਵਾਂ ’ਤੇ ਖੜ੍ਹੇ ਕੀਤੇ ਹੋਏ ਹਨ। ਪੁਲੀਸ ਨੂੰ ਪੁੱਛਗਿੱਛ ਦੌਰਾਨ ਮੁਲਜ਼ਮਾਂ ਕੋਲੋਂ ਚੋਰੀ ਦੇ ਵਾਹਨਾਂ ਸਬੰਧੀ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ