ਮੁਹਾਲੀ ਪੁਲੀਸ ਨੇ ਸ਼ਰਾਬ ਦੀਆਂ 3959 ਪੇਟੀਆਂ ਫੜੀਆਂ, ਦੋ ਮੁਲਜ਼ਮ ਗ੍ਰਿਫ਼ਤਾਰ

ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 1 ਟਰੱਕ ਤੇ ਦੋ ਕੈਂਟਰ ਜ਼ਬਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਕਤੂਬਰ:
ਤਿਉਹਾਰਾਂ ਦੇ ਮੱਦੇਨਜ਼ਰ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ, ਆਈਜੀ ਰੂਪਨਗਰ ਰੇਂਜ ਅਰੁਣ ਮਿੱਤਲ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਮੁਹਾਲੀ ਪੁਲੀਸ ਵੱਲੋਂ ਭੈੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ 2 ਮੁਲਜ਼ਮਾਂ ਕ੍ਰਿਸ਼ਨ ਕੁਮਾਰ ਅਤੇ ਵਿੱਕੀ ਖੰਨਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ 1 ਟਰੱਕ ਅਤੇ ਕੈਂਟਰ ਸਮੇਤ ਵੱਖ-ਵੱਖ ਬਰਾਂਡ ਦੀਆਂ ਸ਼ਰਾਬ ਦੀਆਂ 3959 ਪੇਟੀਆਂ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਸ਼ਰਾਬ ਤਸਕਰੀ ਮਾਮਲੇ ਵਿੱਚ ਪੰਜਾਬ ਭਰ ’ਚੋਂ ਪੁਲੀਸ ਦੀ ਇਹ ਸਭ ਤੋਂ ਵੱਡੀ ਬਰਾਮਦਗੀ ਹੈ।
ਐਸਐਸਪੀ ਮਾਹਲ ਨੇ ਦੱਸਿਆ ਹੈ ਕਿ ਐਸਪੀ (ਸ਼ਹਿਰੀ) ਅਕਾਸ਼ਦੀਪ ਸਿੰਘ ਅੌਲਖ ਅਤੇ ਡੀਐਸਪੀ (ਸਿਟੀ-1) ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਪੁਲੀਸ ਚੌਂਕੀ ਫੇਜ਼-6 ਦੇ ਇੰਚਾਰਜ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਪੁਲੀਸ ਵੱਲੋਂ ਫੇਜ਼-6 ਵਿਖੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਹਰਿਆਣਾ ਕੈਂਟਰ ਨੂੰ ਰੋਕਿਆ, ਜਿਸ ਵਿੱਚ ਸਵਾਰ ਵਿਅਕਤੀ ਨੇ ਆਪਣਾ ਨਾਮ ਕ੍ਰਿਸ਼ਨ ਕੁਮਾਰ ਵਾਸੀ ਹੈਬੋਵਾਲ, ਲੁਧਿਆਣਾ ਦੱਸਿਆ ਅਤੇ ਚੈਕਿੰਗ ਕਰਨ ’ਤੇ ਕੈਂਟਰ ’ਚੋਂ 520 ਪੇਟੀਆਂ ਸ਼ਰਾਬ ਮਾਰਕਾ ਨੈਨਾ ਵਿਸਕੀ (ਫਾਰ ਸੇਲ ਇਨ ਚੰਡੀਗੜ੍ਹ ਓਨਲੀ) ਬਰਾਮਦ ਕੀਤੀਆਂ ਗਈਆਂ।
ਪੁਲੀਸ ਅਨੁਸਾਰ ਮੁਲਜ਼ਮ ਨੇ ਸ਼ਰਾਬ ਦੀਆਂ ਪੇਟੀਆਂ ਕੈਂਟਰ ਵਿੱਚ ਫਲ-ਸਬਜ਼ੀਆਂ ਵਾਲੇ ਖਾਲੀ ਕਰੇਟਾਂ ਦੇ ਹੇਠਾਂ ਛੁਪਾ ਕੇ ਰੱਖੀਆਂ ਹੋਈਆਂ ਸਨ। ਇਸ ਸਬੰਧੀ ਕੈਂਟਰ ਚਾਲਕ ਕ੍ਰਿਸ਼ਨ ਕੁਮਾਰ ਵਾਸੀ ਹੈਬੋਵਾਲ, ਲੁਧਿਆਣਾ ਵਿਰੁੱਧ ਥਾਣਾ ਫੇਜ਼-1 ਵਿੱਚ ਪਰਚਾ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਕ੍ਰਿਸ਼ਨ ਕੁਮਾਰ ਨੇ ਮੁੱਢਲੀ ਪੁੱਛਗਿੱਛ ਦੌਰਾਨ ਪੁਲੀਸ ਨੂੰ ਦੱਸਿਆ ਕਿ ਇਹ ਸ਼ਰਾਬ ਵਿੱਕੀ ਖੰਨਾ ਵਾਸੀ ਜ਼ੀਰਕਪੁਰ ਸਪਲਾਈ ਕਰਵਾਉਂਦਾ ਹੈ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਪਿੰਡ ਮੌਹੜਾ, ਜ਼ਿਲ੍ਹਾ ਅੰਬਾਲਾ (ਹਰਿਆਣਾ) ਵਿਖੇ ਬਿਕਰਮ ਇੰਟਰਪ੍ਰਾਈਜਿਜ ਗੋਦਾਮ ਵਿੱਚ ਛਾਪੇਮਾਰੀ ਕਰਕੇ ਗੋਦਾਮ ਵਿੱਚ ਸ਼ਰਾਬ ਨਾਲ ਲੋਡਿਡ ਹਰਿਆਣਾ ਨੰਬਰੀ ਟਰੱਕ ਅਤੇ ਕੈਂਟਰ ਨੂੰ ਵੀ ਕਬਜ਼ੇ ਵਿੱਚ ਲੈ ਲਿਆ।
ਐਸਐਸਪੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਵਾਹਨਾਂ ਵਿੱਚ ਵੀ ਸ਼ਰਾਬ ਦੀਆਂ ਵੱਖ-ਵੱਖ ਬ੍ਰਾਂਡ ਦੀਆਂ 3439 ਪੇਟੀਆਂ ਲੋਡ ਸਨ। ਉਨ੍ਹਾਂ ਦੱਸਿਆ ਕਿ ਵਿੱਕੀ ਵਾਸੀ ਰੋਆਇਲ ਮੋਤੀਆਂ, ਸਿਟੀ ਜ਼ੀਰਕਪੁਰ ਨੂੰ ਉਕਤ ਮਾਮਲੇ ਵਿੱਚ ਵਿੱਚ ਨਾਮਜ਼ਦ ਕਰਕੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਦੋਵੇਂ ਮੁਲਜ਼ਮਾਂ ਵੱਲੋਂ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਨਾਜਾਇਜ਼ ਸ਼ਰਾਬ ਦਾ ਧੰਦਾ ਕੀਤਾ ਜਾ ਰਿਹਾ ਸੀ ਅਤੇ ਪੁਲੀਸ ਇਹ ਪਤਾ ਲਗਾ ਰਹੀ ਹੈ ਕਿ ਸ਼ਰਾਬ ਦੀ ਇਹ ਵੱਡੀ ਖੇਪ ਕਿੱਥੇ-ਕਿੱਥੇ ਸਪਲਾਈ ਕੀਤੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਕੋਲੋਂ ਨਾਜਾਇਜ਼ ਸ਼ਰਾਬ ਦੇ ਧੰਦੇ ਵਿੱਚ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Load More Related Articles

Check Also

ਪੰਜਾਬ ਪੁਲੀਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵੱਲੋਂ ‘ਵਰਲਡ ਅਸਥਮਾ ਡੇਅ ’ਤੇ ਸੈਮੀਨਾਰ

ਪੰਜਾਬ ਪੁਲੀਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵੱਲੋਂ ‘ਵਰਲਡ ਅਸਥਮਾ ਡੇਅ ’ਤੇ ਸੈਮੀਨਾਰ ਹਸਪਤਾਲ ਦੀ ਟੀਮ ਵੱਲੋਂ…