ਮੁਹਾਲੀ ਪੁਲੀਸ ਨੇ ਇੱਕ ਹੋਰ ਨਸ਼ਾ ਤਸਕਰ ਦਾ ਆਲੀਸ਼ਾਨ ਘਰ ਤੇ ਇਨੋਵਾ ਕਾਰ ਕੀਤੀ ਸੀਲ

ਮੁਲਜ਼ਮ ਭਾਗੀਰਥ ਖ਼ਿਲਾਫ਼ ਦਰਜ ਨੇ ਨਸ਼ਾ ਤਸਕਰੀ ਅਤੇ ਅਸਲਾ ਐਕਟ ਦੇ ਕਈ ਪਰਚੇ

ਨਬਜ਼-ਏ-ਪੰਜਾਬ, ਮੁਹਾਲੀ, 27 ਨਵੰਬਰ:
ਮੁਹਾਲੀ ਪੁਲੀਸ ਵੱਲੋਂ ਅੱਜ ਇੱਕ ਹੋਰ ਨਸ਼ਾ ਤਸਕਰ ਭਾਗੀਰਥ ਉਰਫ਼ ਬਿੱਟੀ ਦੀ ਜਾਇਦਾਦ ਸੀਲ ਕੀਤੀ ਗਈ। ਉਸ ਦੇ ਖ਼ਿਲਾਫ਼ ਫੇਜ਼-11 ਥਾਣੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਅੱਜ ਇੱਥੇ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮ ਭਾਗੀਰਥ ਨੂੰ ਪਹਿਲਾਂ 5 ਜੂਨ 2021 ਨੂੰ 150 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਕਰੀਬ ਡੇਢ ਸਾਲ ਬਾਅਦ 17 ਸਤੰਬਰ 2022 ਨੂੰ 27 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਜੇਲ੍ਹ ’ਚੋਂ ਜ਼ਮਾਨਤ ’ਤੇ ਬਾਹਰ ਆ ਕੇ ਉਹ ਦੁਬਾਰਾ ਨਸ਼ੇ ਵੇਚਣ ਲੱਗ ਗਿਆ। ਇਸ ਤਰ੍ਹਾਂ 16 ਨਵੰਬਰ ਨੂੰ ਉਸ ਨੂੰ ਮੁੜ 20 ਗਰਾਮ ਚਿੱਟੇ ਸਣੇ ਗ੍ਰਿਫ਼ਤਾਰ ਕੀਤਾ ਗਿਆ। ਇਸ ਸਬੰਧੀ ਉਸ ਦੇ ਖ਼ਿਲਾਫ਼ ਫੇਜ਼-11 ਥਾਣੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਪਰਚੇ ਦਰਜ ਕੀਤੇ ਗਏ ਸਨ।
ਡੀਐਸਪੀ ਬੱਲ ਨੇ ਦੱਸਿਆ ਕਿ ਮੁਹਾਲੀ ਪੁਲੀਸ ਵੱਲੋਂ ਅੱਜ ਸਮਰੱਥ ਅਥਾਰਟੀ ਦਿੱਲੀ ਦੇ ਹੁਕਮਾਂ ਰਾਹੀਂ ਮੁਲਜ਼ਮ ਭਾਗੀਰਥ ਦਾ ਇੱਥੋਂ ਦੇ ਸੈਕਟਰ-66 ਵਿਚਲਾ ਆਲੀਸ਼ਾਨ ਘਰ ਸੀਲ ਕੀਤਾ ਗਿਆ। ਇਸ ਤੋਂ ਇਲਾਵਾ ਪੁਲੀਸ ਨੇ ਉਸ ਦੀ ਇਨੋਵਾ ਕਾਰ ਵੀ ਜ਼ਬਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਡਰੱਗ ਮਨੀ ਨਾਲ ਆਪਣੇ ਪਿਤਾ ਦੇ ਨਾਂ ’ਤੇ ਮਕਾਨ ਖ਼ਰੀਦਿਆਂ ਸੀ ਜਦੋਂਕਿ ਇਨੋਵਾ ਕਾਰ ਉਸ ਦੀ ਮਾਂ ਦੇ ਨਾਂ ’ਤੇ ਰਜਿਸਟਰਡ ਹੈ। ਇਸ ਤੋਂ ਪਹਿਲਾਂ ਮੁਹਾਲੀ ਪੁਲੀਸ ਵੱਲੋਂ ਨਸ਼ਾ ਤਸਕਰ ਹਰਦੀਪ ਧੀਮਾਨ ਦੀ ਕੋਈ ਸੀਲ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨਸ਼ਿਆਂ ਦੇ ਖ਼ਾਤਮੇ ਲਈ ਯਤਨਸ਼ੀਲ ਹੈ ਅਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆਂ ਨਹੀਂ ਜਾਵੇਗਾ।
ਥਾਣਾ ਮੁਖੀ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਭਾਗੀਰਥ ਖ਼ਿਲਾਫ਼ ਮੁਹਾਲੀ ਵਿੱਚ ਤਿੰਨ ਐਨਡੀਪੀਐਸ ਐਕਟ ਤੋਂ ਇਲਾਵਾ ਹੋਰਨਾਂ ਅਪਰਾਧਾਂ ਦੇ ਪਰਚੇ ਵੀ ਦਰਜ ਹਨ। ਸਾਲ 2021 ਵਿੱਚ ਛਾਪੇਮਾਰੀ ਦੌਰਾਨ ਉਸ ਦੇ ਟਿਕਾਣੇ ਤੋਂ .32 ਬੋਰ ਦੇ 4 ਕਾਰਤੂਸ, .9 ਐਮਐਮ ਦਾ ਪਿਸਤੌਲ, 1 ਲੱਖ 48 ਹਜ਼ਾਰ ਰੁਪਏ ਡਰੱਗ ਮਨੀ ਅਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ ਸਨ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…