
ਮੁਹਾਲੀ ਪੁਲੀਸ ਦੀ ਸੀਨੀਅਰ ਸਿਟੀਜ਼ਨ ਕੋਵਿਡ ਹੈਲਪਲਾਈਨ ਨੂੰ ਮਿਲਿਆ ਭਰਵਾਂ ਹੁੰਗਾਰਾ
5 ਦਿਨਾਂ ’ਚ 40 ਬਜ਼ੁਰਗਾਂ ਨੇ ਲਿਆ ਪੁਲੀਸ ਸੇਵਾਵਾਂ ਦਾ ਲਾਭ, ਡੀਐਸਪੀ ਗੁਰਇਕਬਾਲ ਸਿੰਘ ਨੋਡਲ ਅਫ਼ਸਰ ਨਿਯੁਕਤ
ਕੋਵਿਡ-19 ਸਬੰਧੀ ਸਹਾਇਤਾ ਲਈ 9115516010 ਜਾਂ 0172-2219356 ਡਾਇਲ ਕਰੋ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਈ:
ਮੁਹਾਲੀ ਪੁਲੀਸ ਵੱਲੋਂ ਸ਼ੁਰੂ ਕੀਤੀ ਸੀਨੀਅਰ ਸਿਟੀਜ਼ਨ ਕੋਵਿਡ ਹੈਲਪਲਾਈਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਨੇ ਕੋਵਿਡ-19 ਮਹਾਮਾਰੀ ਦੇ ਸਮੇਂ ਬਜ਼ੁਰਗ ਨਾਗਰਿਕਾਂ ਦੀ ਸੇਵਾ ਲਈ ਇੱਕ ਸਮਰਪਿਤ ਹੈਲਪਲਾਈਨ ਨੰਬਰ 9115516010 ਅਤੇ 0172-2219356 ਦੀ ਸ਼ੁਰੂਆਤ ਕੀਤੀ ਸੀ। ਪੁਲੀਸ ਦੀ ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਇਸ ਜਾਨਲੇਵਾ ਵਾਇਰਸ ਦੇ ਜੋਖ਼ਮ ਨੂੰ ਘੱਟ ਕਰਕੇ ਉਨ੍ਹਾਂ ਬਜ਼ੁਰਗ ਨਾਗਰਿਕਾਂ ਦੀ ਸਿਹਤ ਦੀ ਰਾਖੀ ਕਰਨਾ ਹੈ ਜੋ ਮੁਹਾਲੀ ਸ਼ਹਿਰ ਵਿੱਚ ਇਕੱਲੇ ਆਪਣੇ ਨਜ਼ਦੀਕੀ ਅਤੇ ਪਰਿਵਾਰਕ ਮੈਂਬਰਾਂ ਤੋਂ ਦੂਰ ਰਹਿੰਦੇ ਹਨ।
ਬੁਲਾਰੇ ਨੇ ਦੱਸਿਆ ਕਿ ਕੋਵਿਡ-19 ਦੇ ਕੇਸਾਂ ਸਬੰਧੀ ਮੁਹਾਲੀ ਸ਼ਹਿਰ ਦੇ ਬਜ਼ੁਰਗ ਨਾਗਰਿਕਾਂ ਨੂੰ 24 ਘੰਟੇ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਸਬੰਧੀ ਰੋਜ਼ਾਨਾ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਕੋਵਿਡ ਟੀਕਾਕਰਨ ਲਈ ਮੁਫ਼ਤ ਆਵਾਜਾਈ ਅਤੇ ਨਾਲ ਹੀ ਡਾਕਟਰੀ ਅਤੇ ਜ਼ਰੂਰੀ ਸੇਵਾਵਾਂ ਉਨ੍ਹਾਂ ਦੇ ਘਰ ’ਤੇ ਹੀ ਮੁਹੱਈਆ ਕਰਵਾਉਣਾ ਸ਼ਾਮਲ ਹੈ। ਇਸ ਸਬੰਧੀ ਡੀਐਸਪੀ (ਟਰੈਫ਼ਿਕ) ਗੁਰਇਕਬਾਲ ਸਿੰਘ (ਮੋਬਾਈਲ ਨੰਬਰ 9370600001) ਨੂੰ ਸੀਨੀਅਰ ਸਿਟੀਜ਼ਨ ਹੈਲਪਲਾਈਨ ਲਈ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੀ 6 ਮਈ ਤੋਂ ਇਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਹੁਣ ਤੱਕ 40 ਸੀਨੀਅਰ ਸਿਟੀਜ਼ਨਾਂ ਨੇ ਇਸ ਹੈਲਪਲਾਈਨ ਰਾਹੀਂ ਜ਼ਿਲ੍ਹਾ ਪੁਲੀਸ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਮੁਫ਼ਤ ਟੀਕਾਕਰਨ ਰਾਈਡ ਸਹੂਲਤ ਦਾ ਲਾਭ ਲਿਆ ਹੈ।