Nabaz-e-punjab.com

ਮੁਹਾਲੀ ਪੁਲੀਸ ਨੇ ਕੈਬ ਚਾਲਕ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 3 ਸਾਥੀ ਮੁਲਜ਼ਮ ਗ੍ਰਿਫ਼ਤਾਰ

ਲੁੱਟਾਂ ਖੋਹਾਂ ਦੀਆਂ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਹਨ ਗ੍ਰਿਫ਼ਤਾਰ ਕੀਤੇ ਮੁਲਜ਼ਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ:
ਮੁਹਾਲੀ ਪੁਲੀਸ ਨੇ ਕੈਬ ਚਾਲਕ ਜਸਪ੍ਰੀਤ ਸਿੰਘ ਉਰਫ਼ ਬਿੱਲਾ (31) ਵਾਸੀ ਇੰਦਰਾ ਕਲੋਨੀ, ਮਨੀਮਾਜਰਾ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਤਿੰਨ ਮੁਲਜ਼ਮਾਂ ਬਲਜੀਤ ਸਿੰਘ ਉਰਫ਼ ਬੱਲੀ ਅਤੇ ਬਲਵਿੰਦਰ ਸਿੰਘ ਉਰਫ਼ ਬਿੱਲਾ ਦੋਵੇਂ ਵਾਸੀ ਪਿੰਡ ਕੁਹਾੜੀਆ (ਫਾਜ਼ਿਲਕਾ) ਅਤੇ ਪ੍ਰੀਤਇੰਦਰ ਸਿੰਘ ਉਰਫ਼ ਸ਼ੇਰੂ ਵਾਸੀ ਧੋਬੀਆ ਵਾਲੀ ਗਲੀ (ਬੁੱਢਲਾਡਾ) ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਬਲਜੀਤ ਸਿੰਘ ਇੱਕ ਐਨੀਮੇਸ਼ਨ ਬਣਾਉਣ ਵਾਲੀ ਕੰਪਨੀ ਵਿੱਚ ਨੌਕਰੀ ਕਰਦਾ ਸੀ।
ਬੀਤੀ 9 ਦਸੰਬਰ ਦੀ ਸ਼ਾਮ ਨੂੰ ਪੁਲੀਸ ਨੇ ਸੈਕਟਰ-86 ਸਥਿਤ ਪਿੰਡ ਨਾਨੂਮਾਜਰਾ-ਸੰਭਾਲਕੀ ਨੇੜਿਓ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਸੀ। ਉਸ ਦੇ ਸਿਰ ਵਿੱਚ ਦੋ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਮ੍ਰਿਤਕ ਨੌਜਵਾਨ ਜਸਪ੍ਰੀਤ ਸਿੰਘ ਬੀਤੇ ਦਿਨੀਂ ਚੰਡੀਗੜ੍ਹ ਵਿੱਚ ਹਥਿਆਰ ਦੀ ਨੋਕ ’ਤੇ ਸਰਾਫ਼ ਨੂੰ ਲੁੱਟਣ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਹੈ।
ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਬੀਤੀ 9 ਦਸੰਬਰ ਨੂੰ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਸੈਕਟਰ-23 ਦੀ ਮਾਰਕੀਟ ਵਿੱਚ ਸੁਨਿਆਰੇ ਦੀ ਦੁਕਾਨ ’ਤੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਦੌਰਾਨ ਸੁਨਿਆਰੇ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ ਸੀ। ਉਸੇ ਸ਼ਾਮ ਨੂੰ ਲੁਟੇਰਿਆਂ ਦੇ ਇਕ ਸਾਥੀ ਦੀ ਲਾਸ਼ ਸੈਕਟਰ-86 ਵਿੱਚ ਲਾਵਾਰਿਸ ਖੜੀ ਟਾਟਾ ਟਿਗੋਰ ਕਾਰ ਵਿੱਚ ਮਿਲੀ ਸੀ। ਜਿਸ ਦੇ ਸਿਰ ਦੇ ਪਿੱਛੇ ਦੋ ਫਾਇਰ ਕੀਤੇ ਹੋਏ ਸਨ। ਇਸ ਸਬੰਧੀ ਮ੍ਰਿਤਕ ਦੀ ਪਛਾਣ ਹੋਣ ਤੋਂ ਬਾਅਦ ਸੋਹਾਣਾ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਤਹਿਤ ਪਰਚਾ ਦਰਜ ਕਰਕੇ ਮੁਲਜ਼ਮਾਂ ਦੀ ਪੈੜ ਨੱਪਣ ਲਈ ਡੀਐਸਪੀ (ਡੀ) ਗੁਰਚਰਨ ਸਿੰਘ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਗਿਆ ਸੀ।
ਐਸਐਸਪੀ ਨੇ ਦੱਸਿਆ ਕਿ ਜਾਂਚ ਟੀਮ ਨੇ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਮ੍ਰਿਤਕ ਜਸਪ੍ਰੀਤ ਸਿੰਘ ਦੇ ਸਾਥੀਆਂ ਨੂੰ ਸ਼ੱਕ ਹੋ ਗਿਆ ਸੀ ਕਿ ਉਸ ਬਾਰੇ ਪੁਲੀਸ ਨੂੰ ਪਤਾ ਲੱਗ ਗਿਆ ਹੈ। ਇਹ ਸਾਰੇ ਮੁਲਜ਼ਮ ਐਵਰੀ ਟਾਵਰ ਸੈਕਟਰ-70 ਮੁਹਾਲੀ ਰਹਿੰਦੇ ਸੀ ਅਤੇ ਲਵਪ੍ਰੀਤ ਸਿੰਘ ਅਤੇ ਪ੍ਰਗਟ ਸਿੰਘ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਦੇ ਸੀ ਅਤੇ ਲੋੜ ਪੈਣ ’ਤੇ ਉਨ੍ਹਾਂ ਨੂੰ ਛੁਪਣ ਲਈ ਪਨਾਹ ਵੀ ਦਿੰਦੇ ਸਨ। ਮੁਲਜ਼ਮ ਆਪਸ ਵਿੱਚ ਮਿਲ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਅਤੇ ਲੁੱਟ ਦੀ ਰਾਸ਼ੀ ਨੂੰ ਵਰਤੋਂ ਵਿੱਚ ਲਿਆਉਣ ਲਈ ਆਪਣੇ ਬੈਂਕ ਖਾਤੇ ਅਪਰੇਟ ਕਰਨ ਲਈ ਲਵਪ੍ਰੀਤ ਅਤੇ ਪ੍ਰਗਟ ਨੂੰ ਇਜਾਜ਼ਤ ਦਿੰਦੇ ਸੀ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੇ ਦੱਸਿਆ ਕਿ ਉਹ ਤੁਰ ਫਿਰ ਕੇ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਹਨ। ਮੁਲਜ਼ਮਾਂ ਦੱਸਿਆ ਕਿ ਲਵਪ੍ਰੀਤ ਅਤੇ ਪ੍ਰਗਟ ਸਿੰਘ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਅਤੇ ਆਪਣਾ ਹਿੱਸਾ ਲੈਂਦੇ ਸੀ।
ਇਸੇ ਦੌਰਾਨ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਬੀਤੀ 11 ਨਵੰਬਰ ਨੂੰ ਸੈਕਟਰ-82 ਦੀ ਮਾਰਕੀਟ ਵਿੱਚ ਇਕ ਕਾਰੋਬਾਰੀ ਜਸਦੀਪ ਸਿੰਘ ਕੋਲੋਂ ਪਿਸਟਲ ਦੀ ਨੋਕ ’ਤੇ ਉਸ ਦੀ ਫੋਰਡ ਇੰਡੈਵਰ ਕਾਰ ਖੋਹੀ ਸੀ। ਇਸ ਸਬੰਧੀ ਥਾਣਾ ਸੋਹਾਣਾ ਵਿੱਚ ਵੱਖਰਾ ਕੇਸ ਦਰਜ ਕੀਤਾ ਗਿਆ ਸੀ। ਇਸ ਵਾਰਦਾਤ ਨੂੰ ਮੁਲਜ਼ਮ ਲਵਪ੍ਰੀਤ ਸਿੰਘ ਅਤੇ ਪ੍ਰਗਟ ਸਿੰਘ ਨੇ ਅੰਜਾਮ ਦਿੱਤਾ ਸੀ ਅਤੇ ਉਸ ਗੱਡੀ ਨੂੰ ਸੈਕਟਰ-79 ਵਾਲੇ ਮਕਾਨ ਵਿੱਚ ਖੋਲ੍ਹ ਕੇ ਉਸ ਦੀ ਬਣਤਰ ਨੂੰ ਬਦਲ ਦਿੱਤਾ ਗਿਆ। ਮੁਲਜ਼ਮਾਂ ਕੋਲੋਂ ਕਾਰੋਬਾਰੀ ਦੀ ਖੋਹੀ ਗੱਡੀ ਦੀ ਇੱਕ ਸਟੱਪਣੀ ਅਤੇ ਪੀੜਤ ਦਾ ਇਲੈਕਟ੍ਰੋਨਿਕ ਡੀਵਾਇਜ ਆਦਿ ਸਮਾਨ ਵੀ ਬਰਾਮਦ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …