ਮੁਹਾਲੀ ਪੁਲੀਸ ਨੇ ਰਾਜ ਮਿਸਤਰੀ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 3 ਮੁਲਜ਼ਮ ਗ੍ਰਿਫ਼ਤਾਰ

ਜੂਏ ਵਿੱਚ ਜਿੱਤੇ 60 ਹਜ਼ਾਰ ਰੁਪਏ ਲੁੱਟ ਕੇ ਮਿਸਤਰੀ ਦਾ ਕਤਲ ਕਰਕੇ ਝਾੜੀਆਂ ’ਚ ਸੁੱਟੀ ਸੀ ਲਾਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੁਲਾਈ:
ਪੰਜਾਬ ਪੁਲੀਸ ਵੱਲੋਂ ਅੰਨ੍ਹੇ ਕਤਲ ਕੇਸਾਂ ਨੂੰ ਸੁਲਝਾਉਣ ਲਈ ਸਥਾਪਿਤ ਪੰਜਾਬ ਬਿਊਰੋ ਆਫ਼ ਇੰਨਵੈਸਟੀਗੇਸ਼ਨ (ਪੀਬੀਆਈ) ਨੇ ਰਾਜ ਮਿਸਤਰੀ ਸਿਆਮ ਸਿੰਘ ਵਾਸੀ ਅੰਬ ਸਾਹਿਬ ਕਲੋਨੀ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਮ੍ਰਿਤਕ ਦੇ ਭਤੀਜੇ ਮੁਕੇਸ਼ ਕੁਮਾਰ ਦੇ ਬਿਆਨਾਂ ’ਤੇ 29 ਅਕਤੂਬਰ 2019 ਨੂੰ ਥਾਣਾ ਫੇਜ਼-11 ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਮਾਮਲੇ ਦੀ ਜਾਂਚ ਬਿਊਰੋ ਨੂੰ ਸੌਂਪੀ ਗਈ।
ਇਸ ਸਬੰਧੀ ਰੂਪਨਗਰ ਰੇਂਜ ਦੇ ਆਈਜੀ ਅਮਿਤ ਪ੍ਰਸ਼ਾਦ ਅਤੇ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਬਿਊਰੋ ਆਫ਼ ਇੰਨਵੈਸਟੀਗੇਸ਼ਨ ਦੇ ਐਸਪੀ ਹਰਬੀਰ ਸਿੰਘ ਅਟਵਾਲ ਦੀ ਨਿਗਰਾਨੀ ਹੇਠ ਪੀਬੀਆਈ ਦੇ ਜ਼ਿਲ੍ਹਾ ਮੁਹਾਲੀ ਦੇ ਇੰਚਾਰਜ ਸਬ ਇੰਸਪੈਕਟਰ ਕੁਲਵੰਤ ਸਿੰਘ ਅਤੇ ਥਾਣਾ ਫੇਜ਼-11 ਦੇ ਐਸਐਚਓ ਜਗਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬਿਊਰੋ ਦੀ ਟੀਮ ਨੇ ਇਸ ਅੰਨ੍ਹੇ ਕਤਲ ਕੇਸ ਨੂੰ ਹੱਲ ਕਰਕੇ ਤਿੰਨ ਮੁਲਜ਼ਮਾਂ ਗਜ਼ਾ ਰਾਮ ਵਾਸੀ ਖੰਜੀਪੁਰਾ (ਯੂਪੀ) ਹਾਲ ਵਾਸੀ ਪਿੰਡ ਮਜਾਤੜੀ (ਮੁਹਾਲੀ), ਸਤਵੀਰ ਸੱਤਾ ਵਾਸੀ ਮਿਲਕ ਮਲਿਆਰੋਵਾਲੀ (ਯੂਪੀ) ਹਾਲ ਵਾਸੀ ਬਘੋਰਾ (ਹੁਸ਼ਿਆਰਪੁਰ) ਅਤੇ ਮਹਾਵੀਰ ਸਿੰਘ ਵਾਸੀ ਚੰਦੋਈ ਨਾਗਰਾ (ਯੂਪੀ) ਹਾਲ ਵਾਸੀ ਕਿਰਾਏਦਾਰ ਅੰਬ ਸਾਹਿਬ ਕਲੋਨੀ (ਮੁਹਾਲੀ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਐਸਪੀ ਹਰਬੀਰ ਸਿੰਘ ਅਟਵਾਲ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਮ੍ਰਿਤਕ ਦਾ ਮੋਬਾਈਲ ਫੋਨ ਅਤੇ ਪਰਸ ਵੀ ਬਰਾਮਦ ਕਰ ਲਿਆ ਹੈ ਅਤੇ ਵਾਰਦਾਤ ਵੇਲੇ ਰਾਜ ਮਿਸਤਰੀ ਤੋਂ ਲੁੱਟੇ 60 ਹਜ਼ਾਰ ਰੁਪਏ ਬਰਾਮਦ ਕਰਨੇ ਬਾਕੀ ਹਨ। ਸ਼ਿਆਮ ਸਿੰਘ ਇੱਥੋਂ ਦੇ ਫੇਜ਼-10 ਵਿੱਚ ਇਕ ਠੇਕੇਦਾਰ ਕੋਲ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਰਾਤ ਨੂੰ ਉਸਾਰੀ ਅਧੀਨ ਇਮਾਰਤ ਦੀ ਦੇਖਭਾਲ ਲਈ ਚੌਕੀਦਾਰੀ ਵੀ ਕਰਦਾ ਸੀ। ਪਿਛਲੇ ਸਾਲ ਦੀਵਾਲੀ ਤੋਂ ਇਕ ਦਿਨ ਬਾਅਦ 28 ਅਕਤੂਬਰ ਦੀ ਸ਼ਾਮ ਨੂੰ ਉਕਤ ਤਿੰਨੇ ਮੁਲਜ਼ਮਾਂ ਨੇ ਮ੍ਰਿਤਕ ਸ਼ਿਆਮ ਸਿੰਘ ਨਾਲ ਫੇਜ਼-11 ਵਿੱਚ ਜੂਆ ਖੇਡਿਆ ਸੀ ਪ੍ਰੰਤੂ ਜੂਏ ਦੇ ਸਾਰੇ ਪੈਸੇ (60 ਹਜ਼ਾਰ) ਸ਼ਿਆਮ ਸਿੰਘ ਨੇ ਜਿੱਤ ਲਏ ਸੀ। ਜੂਆ ਖੇਡਣ ਤੋਂ ਬਾਅਦ ਸ਼ਿਆਮ ਸਿੰਘ ਵਾਪਸ ਘਰ ਜਾ ਰਿਹਾ ਸੀ ਕਿ ਰਸਤੇ ਵਿੱਚ ਉਕਤ ਮੁਲਜ਼ਮਾਂ ਨੇ ਉਸ ਨੂੰ ਘੇਰ ਕੇ ਸਿਰ ਵਿੱਚ ਪੱਥਰ ਮਾਰ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਅਤੇ ਉਸ ਕੋਲੋਂ ਜੂਏ ’ਚ ਜਿੱਤੇ ਸਾਰੇ ਪੈਸੇ ਅਤੇ ਪਰਸ ਅਤੇ ਮੋਬਾਈਲ ਖੋਹ ਲਿਆ ਅਤੇ ਖੂਨ ਨਾਲ ਲੱਥਪੱਥ ਸ਼ਿਆਮ ਸਿੰਘ ਨੂੰ ਅੰਬ ਸਾਹਿਬ ਕਲੋਨੀ ਨੇੜਿਓਂ ਲੰਘਦੀ ਰੇਲਵੇ ਟਰੈਕ ਨੇੜੇ ਝਾੜੀਆਂ ਦੇ ਪਿੱਛੇ ਸੁੱਟ ਦਿੱਤਾ। ਰਾਹਗੀਰ ਦੀ ਸੂਚਨਾ ’ਤੇ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਉਸ ਨੂੰ ਤੁਰੰਤ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ।
ਐਸਪੀ ਅਟਵਾਲ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਸੋਹਾਣਾ ਅਤੇ ਥਾਣਾ ਫੇਜ਼-11 ਵਿੱਚ ਚੋਰੀ ਦੇ ਦੋ ਦੋ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਸਾਰੇ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਅਤੇ ਕਰੋਨਾ ਟੈੱਸਟ ਕਰਵਾਇਆ ਗਿਆ। ਇਸ ਤੋਂ ਪਹਿਲਾਂ ਬਿਊਰੋ ਦੀ ਟੀਮ ਨੇ ਬਲੌਂਗੀ ਦੀ ਬਜ਼ੁਰਗ ਅੌਰਤ ਨੂੰ ਕਤਲ ਕਰਕੇ ਲੁੱਟਖੋਹ ਕਰਨ ਦਾ ਮਾਮਲਾ ਹੱਲ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

Load More Related Articles

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …