Nabaz-e-punjab.com

ਮੁਹਾਲੀ ਪੁਲੀਸ ਨੇ 48 ਘੰਟਿਆਂ ਵਿੱਚ ਸੁਲਝਾਈ ਲੁੱਟ ਦੀ ਵਾਰਦਾਤ, ਦੋ ਮੁਲਜ਼ਮ ਗ੍ਰਿਫ਼ਤਾਰ

ਕੰਪਨੀ ਦੇ ਡਰਾਈਵਰ ਹੀ ਨਿਕਲਿਆ ਮੁਲਜ਼ਮ, ਮੁਲਜ਼ਮਾਂ ਕੋਲੋਂ ਲੁੱਟ ਦੀ ਇਕ ਲੱਖ ਰੁਪਏ ਦੀ ਰਾਸ਼ੀ ਵੀ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਫਰਵਰੀ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਲੁੱਟ-ਖੋਹ ਦੀ ਵਾਰਦਾਤ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਸੁਲਝਾ ਕੇ ਦੋ ਵਿਅਕਤੀਆਂ ਨੂੰ ਲੁੱਟ ਦੀ ਰਾਸ਼ੀ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਗੁਰਪ੍ਰੀਤ ਸਿੰਘ (30) ਵਾਸੀ ਪਿੰਡ ਜਵਾਹਰਪੁਰ (ਡੇਰਾਬੱਸੀ) (ਜੋ ਜਵਾਹਰਪੁਰ ਵਿਖੇ ਮਹਿੰਦਰਾ ਪਿੱਕ-ਅੱਪ ਗੱਡੀ ਦੇ ਡਰਾਈਵਰ ਦੀ ਨੌਕਰੀ ਕਰਦਾ ਹੈ) ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ 17 ਫਰਵਰੀ ਨੂੰ ਉਹ ਪਿੰਡ ਘਟੌਰ ਸਥਿਤ ਜੀਬੀ ਇੰਟਰਪ੍ਰਾਈਜਿਜ ਵਿੱਚ ਮਾਲ ਲਾਹ ਕੇ ਅਤੇ ਇਕ ਲੱਖ ਰੁਪਏ ਲੈ ਕੇ ਵਾਪਸ ਲਾਂਡਰਾਂ-ਬਨੂੜ ਸੜਕ ਰਾਹੀਂ ਡੇਰਾਬੱਸੀ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਦੈੜੀ ਤੋਂ ਅੱਗੇ ਪੁੱਜਾ ਤਾਂ ਇੱਕ ਸਵਿਫ਼ਟ ਕਾਰ ਵਿੱਚ ਸਵਾਰ 3 ਅਣਪਛਾਤੇ ਵਿਅਕਤੀਆਂ ਨੇ ਉਸ ਦੀ ਗੱਡੀ ਦੇ ਅੱਗੇ ਕਾਰ ਲਗਾ ਕੇ ਗੱਡੀ ਰੁਕਵਾ ਲਈ ਅਤੇ ਲੋਹੇ ਦੀ ਰਾਡ ਮਾਰ ਕੇ ਤਾਕੀ ਦਾ ਸ਼ੀਸ਼ਾ ਤੋੜ ਕੇ ਉਸ ਨੂੰ ਬਾਹਰ ਕੱਢ ਲਿਆ। ਮੁਲਜ਼ਮਾਂ ਨੇ ਹਥਿਆਰ ਨਾਲ ਡਰਾ-ਧਮਕਾ ਕੇ ਉਸ ਦੀ ਮਹਿੰਦਰਾ ਪਿੱਕਅੱਪ ਦੇ ਡੈਸ਼ ਬੋਰਡ ਵਿੱਚ ਪਏ ਇਕ ਲੱਖ ਰੁਪਏ, ਮੋਬਾਈਲ ਫੋਨ ਅਤੇ ਗੱਡੀ ਦੀ ਚਾਬੀ ਖੋਹ ਫਰਾਰ ਹੋ ਗਏ ਸਨ।
ਐਸਐਸਪੀ ਨੇ ਦੱਸਿਆ ਕਿ ਇਸ ਸਬੰਧੀ ਸੋਹਾਣਾ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਐਸਪੀ ਹਰਮਨਦੀਪ ਸਿੰਘ ਹਾਂਸ, ਡੀਐਸਪੀ ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਨੂੰ ਮਾਮਲੇ ਦੀ ਜਾਂਚ ਸੌਪੀ ਗਈ। ਜਾਂਚ ਟੀਮ ਨੇ ਮੁਲਜ਼ਮਾਂ ਦੀ ਪੈੜ ਨੱਪਦਿਆਂ 2 ਦਿਨਾਂ ਦੇ ਅੰਦਰ ਅੰਦਰ ਇਸ ਵਾਰਦਾਤ ਨੂੰ ਹੱਲ ਕਰਕੇ 2 ਮੁਲਜ਼ਮਾਂ ਗੁਰਪ੍ਰੀਤ ਸਿੰਘ ਅਤੇ ਮਨਿੰਦਰ ਸਿੰਘ ਉਰਫ਼ ਗੱਭਰੂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮੁਲਜ਼ਮਾਂ ਕੋਲੋਂ ਲੁੱਟ ਦੀ ਰਾਸ਼ੀ ਇਕ ਲੱਖ ਰੁਪਏ ਵੀ ਬਰਾਮਦ ਕਰ ਲਏ।
ਐਸਐਸਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਿਕਾਇਤ ਕਰਤਾ ਗੱਡੀ ਦਾ ਚਾਲਕ ਖ਼ੁਦ ਹੀ ਮੁਲਜ਼ਮ ਨਿਕਲਿਆ ਹੈ। ਜਿਸ ਨੇ ਆਪਣੇ ਸਾਥੀ ਮਨਿੰਦਰ ਸਿੰਘ ਉਰਫ਼ ਗੱਭਰੂ ਵਾਸੀ ਪਿੰਡ ਜਵਾਹਰਪੁਰ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਘੜੀ ਸੀ। ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਕਿ ਗੁਰਪ੍ਰੀਤ ਨੇ ਇੱਕ ਸਾਲ ਪਹਿਲਾਂ ਨਵੀਂ ਆਈ-20 ਕਾਰ ਖਰੀਦੀ ਸੀ ਅਤੇ ਉਹ ਘੁੰਮਣ-ਫਿਰਨ ਦਾ ਸ਼ੌਕੀਨ ਹੈ। ਕੰਪਨੀ ਵਿੱਚ ਬਤੌਰ ਡਰਾਈਵਰ ਹੋਣ ਕਾਰਨ ਉਸ ਦੀ ਤਨਖ਼ਾਹ ਘੱਟ ਸੀ। ਉਸਨੇ ਮਨਿੰਦਰ ਸਿੰਘ ਨਾਲ ਯੋਜਨਾ ਬਣਾਈ ਕਿ ਉਹ 17 ਫਰਵਰੀ ਨੂੰ ਪਿੰਡ ਘਟੌਰ ਵਿਖੇ ਮਾਲ ਉਤਾਰਨ ਜਾਵੇਗਾ ਅਤੇ ਪੇਮੈਂਟ ਲੈ ਕੇ ਵਾਪਸ ਆਵੇਗਾ। ਯੋਜਨਾ ਤਹਿਤ ਗੁਰਪ੍ਰੀਤ ਸਿੰਘ ਨੇ ਘਟੌਰ ਤੋਂ ਵਾਪਸ ਆਉਂਦੇ ਸਮੇਂ ਫੋਨ ਕਰਕੇ ਮਨਿੰਦਰ ਸਿੰਘ ਨੂੰ ਦੈੜੀ ਕੋਲ ਸੱਦ ਲਿਆ ਅਤੇ ਉਸ ਨੂੰ ਮਾਲ ਦੀ ਪੇਮੈਂਟ ਇੱਕ ਲੱਖ ਰੁਪਏ ਦੇ ਕੇ ਭੇਜ ਦਿੱਤਾ ਅਤੇ ਬਾਅਦ ਵਿੱਚ ਪਾਨੇ ਨਾਲ ਗੱਡੀ ਦੀ ਤਾਕੀ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਪੈਸੇ ਖੋਹਣ ਦਾ ਬਹਾਨਾ ਬਣਾ ਕੇ ਮਾਲਕ ਨੂੰ ਫੋਨ ਕਰਕੇ ਮੌਕੇ ’ਤੇ ਸੱਦ ਲਿਆ। ਡਰਾਈਵਰ ਦੇ ਕਾਨੂੰਨੀ ਕਾਰਵਾਈ ਤੋਂ ਬਚਨ ਅਤੇ ਪੁਲੀਸ ਨੂੰ ਗੁੰਮਰਾਹ ਕਰਨ ਲਈ ਖ਼ੁਦ ਹੀ ਝੂਠੀ ਸ਼ਿਕਾਇਤ ਦਰਜ ਕਰਵਾਈ ਗਈ ਪ੍ਰੰਤੂ ਪੁਲੀਸ ਨੇ ਮੁਲਜ਼ਮਾਂ ਦਾ ਸਾਰਾ ਭੇਤ ਖੋਲ੍ਹ ਕੇ ਰੱਖ ਦਿੱਤਾ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…