ਮੁਹਾਲੀ ਪੁਲੀਸ ਨੇ 24 ਘੰਟੇ ਵਿੱਚ ਸੁਲਝਾਈ ਲੁੱਟ-ਖੋਹ ਦੀ ਵਾਰਦਾਤ, ਮੁਲਜ਼ਮ ਗ੍ਰਿਫ਼ਤਾਰ

ਮੁਲਜ਼ਮ ਕੋਲੋਂ .32 ਬੋਰ ਦਾ ਦੇਸੀ ਪਿਸਤੌਲ, 2 ਮੈਗਜ਼ੀਨ, 4 ਜਿੰਦਾ ਰੌਂਦ, ਇੱਕ ਛੁਰਾ ਬਰਾਮਦ

ਪੀੜਤ ਦੀ ਖੋਹੀ 1-20 ਦੀ ਕਾਰ, 1 ਲੱਖ 87 ਹਜ਼ਾਰ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਵੀ ਕੀਤੇ ਬਰਾਮਦ

ਮੁਲਜ਼ਮਾਂ ਵੱਲੋਂ ਰੈਕੀ ਕਰਨ ਲਈ ਵਰਤਿਆ ਗਿਆ ਐਕਟਿਵਾ ਸਕੂਟਰ ਵੀ ਕੀਤਾ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਪਰੈਲ:
ਮੁਹਾਲੀ ਪੁਲੀਸ ਨੇ ਇੱਥੋਂ ਦੇ ਫੇਜ਼-5 ਦੀ ਮਾਰਕੀਟ ਵਿੱਚ ਲੰਘੀ ਦੇਰ ਰਾਤ ਵਾਪਰੀ ਲੁੱਟ-ਖੋਹ ਦੀ ਵਾਰਦਾਤ ਨੂੰ 24 ਘੰਟੇ ਵਿੱਚ ਸੁਲਝਾਉਂਦੇ ਹੋਏ ਇਕ ਮੁਲਜ਼ਮ ਨੂੰ ਅਸਲੇ ਸਣੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਛਾਣ ਰੋਹਿਤ ਕੁਮਾਰ ਵਾਸੀ ਗੁੱਸੀਆ ਕਲਾਂ (ਬਿਹਾਰ) ਵਜੋਂ ਹੋਈ ਹੈ ਜਦੋਂਕਿ ਉਸ ਦਾ ਦੂਜਾ ਸਾਥੀ ਹਰਦੇਵ ਸਿੰਘ ਵਾਸੀ ਸੈਕਟਰ-30ਡੀ ਇਸ ਸਮੇਂ ਸੈਕਟਰ-16 ਦੇ ਹਸਪਤਾਲ ਵਿੱਚ ਜੇਰੇ ਇਲਾਜ ਹੈ। ਇਸ ਗੱਲ ਦਾ ਖੁਲਾਸਾ ਅੱਜ ਸ਼ਾਮ ਮੁਹਾਲੀ ਦੇ ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਹ ਦੋਵੇਂ ਮੁਲਜ਼ਮ ਪਿੰਡ ਸ਼ਾਹੀਮਾਜਰਾ ਦੇ ਕਮਲ ਪੀਜੀ ਵਿੱਚ ਰਹਿੰਦੇ ਹਨ।
ਉਨ੍ਹਾਂ ਦੱਸਿਆ ਕਿ ਲੰਘੀ ਰਾਤ ਪੀੜਤ ਹਰਵਿੰਦਰ ਸਿੰਘ ਆਪਣੀ ਪਤਨੀ ਦਿਲਮੀਨ ਵਾਸੀ ਨੰਗਲ ਚੌਕ ਕੁਰਾਲੀ ਰੋਡ ਰੂਪਨਗਰ ਨਾਲ ਡਿਨਰ ਕਰਨ ਲਈ ਮੁਹਾਲੀ ਆਇਆ ਸੀ। ਜਦੋਂ ਉਹ ਵਾਪਸ ਜਾਣ ਲੱਗੇ ਤਾਂ ਵਿਸ਼ਾਲ ਮੈਗਾਮਾਰਟ ਫੇਜ਼-5 ਦੀ ਮਾਰਕੀਟ ਵਿੱਚ ਮੁਲਜ਼ਮਾਂ ਨੇ ਹਰਵਿੰਦਰ ਨੂੰ ਚਾਰ ਗੋਲੀਆਂ ਮਾਰ ਕੇ ਉਸ ਦੀ ਆਈ-20 ਕਾਰ ਅਤੇ ਸੋਨੇ ਦੇ ਗਹਿਣੇ ਅਤੇ ਨਗਦੀ ਖੋਹ ਕੇ ਫਰਾਰ ਹੋ ਗਏ ਸਨ। ਹਰਵਿੰਦਰ ਸਿੰਘ ਨੂੰ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਪੀੜਤ ਹਰਵਿੰਦਰ ਸਿੰਘ ਦੀ ਪਤਨੀ ਦਿਲਮੀਨ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਫੇਜ਼-1 ਵਿੱਚ ਧਾਰਾ 307,379ਬੀ 34 ਅਤੇ ਅਸਲਾ ਐਕਟ ਤਹਿਤ ਕੇਸ ਕੀਤਾ ਗਿਆ ਸੀ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪੈੜ ਨੱਪਣ ਲਈ ਐਸਪੀ (ਸਿਟੀ) ਜਗਵਿੰਦਰ ਸਿੰਘ ਚੀਮਾ, ਡੀਐਸਪੀ (ਸਿਟੀ-1) ਸੁਖਨਾਜ ਸਿੰਘ ਅਤੇ ਥਾਣਾ ਫੇਜ਼-1 ਦੇ ਐਸਐਚਓ ਸ਼ਿਵਦੀਪ ਸਿੰਘ ਬਰਾੜ ਅਤੇ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਸ਼ਿਵ ਕੁਮਾਰ ’ਤੇ ਆਧਾਰਿਤ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ। ਪੁਲੀਸ ਨੇ ਮੌਕਾ ਏ ਵਾਰਦਾਤ ਤੋਂ 4 ਖਾਲੀ ਰੋਂਦ ਵੀ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਹਰਦੇਵ ਸਿੰਘ ਖ਼ਿਲਾਫ਼ ਪਹਿਲਾ ਵੀ ਇੰਡਸਟਰੀ ਏਰੀਆ ਥਾਣਾ ਚੰਡੀਗੜ੍ਹ ਵਿੱਚ ਧਾਰਾ 307 ਦੇ ਤਹਿਤ ਪਰਚਾ ਦਰਜ ਹੈ। ਜਿਸ ਵਿੱਚ ਉਹ 2 ਸਾਲ ਤੇ 15 ਦਿਨ ਦੀ ਨਿਆਇਕ ਹਿਰਾਸਤ ਕੱਟਣ ਉਪਰੰਤ ਹੁਣ ਜ਼ਮਾਨਤ ’ਤੇ ਆਇਆ ਹੋਇਆ ਹੈ।

ਮੁਲਜ਼ਮ ਕੋਲੋਂ ਵਾਰਦਾਤ ਦੌਰਾਨ ਵਰਤਿਆ .32 ਬੋਰ ਦਾ ਦੇਸੀ ਪਿਸਤੌਲ ਸਮੇਤ 2 ਮੈਗਜ਼ੀਨ, 4 ਜਿੰਦਾ ਰੌਂਦ ਅਤੇ ਇੱਕ ਛੁਰਾ ਬਰਾਮਦ ਕੀਤਾ ਗਿਆ ਹੈ। ਪੀੜਤ ’ਤੇ ਫਾਇਰਿੰਗ ਕਰਕੇ ਖੋਹੀ ਆਈ-20 ਕਾਰ, 1 ਲੱਖ 87 ਹਜ਼ਾਰ ਰੁਪਏ ਅਤੇ 5 ਸੋਨੇ ਦੀਆਂ ਚੂੜੀਆ, 1 ਸੋਨੇ ਦੀ ਚੇਨੀ, 1 ਜੋੜੀ ਸੋਨੇ ਦੇ ਟੋਪਸ, 2 ਸੋਨੇ ਦੀਆਂ ਅੰਗੂਠੀਆਂ ਵੀ ਬਰਾਮਦ ਕੀਤੀਆਂ ਹਨ। ਇਹੀ ਨਹੀਂ ਮੁਲਜ਼ਮਾਂ ਵੱਲੋਂ ਰੈਕੀ ਕਰਨ ਲਈ ਵਰਤਿਆ ਗਿਆ ਐਕਟਿਵਾ ਸਕੂਟਰ ਵੀ ਬਰਾਮਦ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ। ਉਨ੍ਹਾਂ ਕੋਲੋਂ ਹੋਰ ਵੀ ਵਾਰਦਾਤਾ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਐਸਐਸਪੀ ਨੇ ਦੱਸਿਆ ਕਿ ਹਸਪਤਾਲ ’ਚੋਂ ਛੁੱਟੀ ਮਿਲਦੇ ਹੀ ਹਰਦੇਵ ਸਿੰਘ ਦੀ ਗ੍ਰਿਫ਼ਤਾਰੀ ਪਾਈ ਜਾਵੇਗੀ।

ਉਧਰ, ਥਾਣਾ ਫੇਜ਼-1 ਦੇ ਐਸਐਚਓ ਸ਼ਿਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਪੁਲੀਸ ਦੀਆਂ ਵੱਖ-ਵੱਖ ਟੀਮਾਂ ਨੇ ਰਾਤ ਭਰ ਸਰਕਾਰੀ ਅਤੇ ਪ੍ਰਾਈਵੇਟਾਂ ਵਿੱਚ ਦਸਤਕ ਦਿੱਤੀ। ਅੱਜ ਸਵੇਰੇ ਤੜਕੇ 5 ਵਜੇ ਮੁਲਜ਼ਮ ਹਰਦੇਵ ਸਿੰਘ ਸੈਕਟਰ-16 ਦੇ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਹੋਇਆ। ਜਿੱਥੇ ਪਹਿਲਾਂ ਹੀ ਪੁਲੀਸ ਦੀ ਇਕ ਟੁਕੜੀ ਮੌਜੂਦ ਸੀ। ਸੂਚਨਾ ਮਿਲਦੇ ਹੀ ਉਹ ਖ਼ੁਦ (ਥਾਣਾ ਮੁਖੀ) ਮੌਕੇ ’ਤੇ ਪਹੁੰਚ ਗਏ ਅਤੇ ਪੁੱਛਗਿੱਛ ਦੌਰਾਨ ਸਾਰੀ ਗੱਲ ਸਪੱਸ਼ਟ ਹੋ ਗਈ। ਇਸੇ ਤਰ੍ਹਾਂ ਪੁਲੀਸ ਨੇ ਪਿੰਡ ਸ਼ਾਹੀਮਾਜਰਾ ਵਿੱਚ ਕਮਲ ਪੀਜੀ ਨੇੜੇ ਆਈ-20 ਕਾਰ ਖੜੀ ਦੇਖੀ ਅਤੇ ਜਾਂਚ ਦੌਰਾਨ ਰੋਹਿਤ ਕੁਮਾਰ ਨੂੰ ਕਾਬੂ ਕਰ ਲਿਆ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …