ਜ਼ਿਲ੍ਹਾ ਪੁਲੀਸ ਨੇ ਦੁਕਾਨਦਾਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਦੋ ਮੁਲਜ਼ਮ ਗ੍ਰਿਫ਼ਤਾਰ

ਸੁਨੀਲ ਕੁਮਾਰ ਦੇ ਵਾਰਸਾਂ ਨੇ ਮਟੌਰ ਥਾਣੇ ਵਿੱਚ ਦਰਜ ਕਰਵਾਈ ਸੀ ਗੁੰਮਸ਼ੁਦਗੀ ਰਿਪੋਰਟ

ਪੁਲੀਸ ਨੇ 13 ਫਰਵਰੀ ਨੂੰ ਭਾਖੜਾ ਨਹਿਰ ਵਿੱਚ ਤੈਰਦੀ ਹੋਈ ਬਰਾਮਦ ਕੀਤੀ ਸੀ ਸੁਨੀਲ ਦੀ ਲਾਸ਼

ਮੁਲਜ਼ਮਾਂ ਨੇ ਪ੍ਰੇਮ ਸਬੰਧਾਂ ਬਾਰੇ ਬਲੈਕਮੇਲ ਤੋਂ ਤੰਗ ਆ ਕੇ ਦਿੱਤਾ ਸੀ ਕਤਲ ਦੀ ਵਾਰਦਾਤ ਨੂੰ ਅੰਜਾਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਫਰਵਰੀ:
ਮੁਹਾਲੀ ਦੀ ਮਟੌਰ ਪੁਲੀਸ ਨੇ ਇੱਥੋਂ ਦੇ ਸੈਕਟਰ-70 (ਪਿੰਡ ਮਟੌਰ) ਦੇ ਵਸਨੀਕ ਸੁਨੀਲ ਕੁਮਾਰ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋ ਮੁਲਜ਼ਮਾਂ ਪੰਕਜ ਸ਼ਰਮਾ ਵਾਸੀ ਪਿੰਡ ਬੇਲਾ (ਹਮੀਰਪੁਰ) ਅਤੇ ਉਸ ਦੀ ਪ੍ਰੇਮਿਕਾ ਦਲਜੀਤ ਕੌਰ ਵਾਸੀ ਪਿੰਡ ਮਹਿਮਦਵਾਲ (ਕਪੂਰਥਲਾ) ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੰਕਜ ਇਸ ਸਮੇਂ ਦੁੱਗਲ ਹਾਊਸ ਨੇੜੇ ਖਾਲਸਾ ਸਕੂਲ ਬੱਸੀ ਪਠਾਣਾ ਅਤੇ ਦਲਜੀਤ ਕੌਰ ਪਿੰਡ ਕੋਟਲਾ (ਰੂਪਨਗਰ) ਰਹਿੰਦੀ ਸੀ।
ਅੱਜ ਇੱਥੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ, ਡੀਐਸਪੀ (ਸਿਟੀ-1) ਗੁਰਸ਼ੇਰ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਮਟੌਰ ਥਾਣਾ ਦੇ ਐਸਐਚਓ ਇੰਸਪੈਕਟਰ ਅਸ਼ੋਕ ਕੁਮਾਰ ਦੀ ਅਗਵਾਈ ਵਾਲੀ ਟੀਮ ਉਕਤ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬੀਤੀ 12 ਫਰਵਰੀ ਨੂੰ ਸੁਨੀਲ ਕੁਮਾਰ ਦੇ ਵਾਰਸਾਂ ਨੇ ਮਟੌਰ ਥਾਣੇ ਵਿੱਚ ਗੁੰਮਸ਼ੁਦਗੀ ਰਿਪੋਰਟ ਦਰਜ ਕਰਵਾਈ ਗਈ ਸੀ ਕਿ ਸੁਨੀਲ ਦੋ ਦਿਨ ਤੋਂ ਘਰ ਨਹੀਂ ਆਇਆ ਹੈ। ਅਗਲੇ ਦਿਨ 13 ਫਰਵਰੀ ਨੂੰ ਥਾਣਾ ਮੁਖੀ ਨੇ ਭਾਖੜਾ ਨਹਿਰ ਥਾਣਾ ਪਸਿਆਣਾ ਨੇੜਿਓਂ ਸੁਨੀਲ ਦੀ ਪਾਣੀ ਵਿੱਚ ਤੈਰਦੀ ਹੋਈ ਲਾਸ਼ ਬਰਾਮਦ ਕੀਤੀ ਗਈ ਸੀ।
ਪੁਲੀਸ ਅਨੁਸਾਰ ਮ੍ਰਿਤਕ ਸੁਨੀਲ ਕੁਮਾਰ ਦੇ ਹੱਥ ਰੱਸੀ ਨਾਲ ਘੁੱਟ ਕੇ ਬੰਨੇ ਹੋਏ ਸੀ ਅਤੇ ਗਲੇ ਵਿੱਚ ਟੇਪ ਅਤੇ ਰੁਮਾਲ ਬੰਨ੍ਹਿਆ ਹੋਇਆ ਸੀ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਸੁਨੀਲ ਕਨਫੈਕਸ਼ਨਰੀ ਦੀ ਦੁਕਾਨ ਕਰਦਾ ਸੀ ਅਤੇ ਪੰਕਜ ਸ਼ਰਮਾ ਅਤੇ ਦਲਜੀਤ ਕੌਰ ਜੋ ਮਾਰਕੀਟਿੰਗ ਦਾ ਕੰਮ ਕਰਦੇ ਸੀ ਅਤੇ ਉਹ ਸੁਨੀਲ ਦੀ ਦੁਕਾਨ ਤੋਂ ਵੀ ਮਾਲ ਸਪਲਾਈ ਕਰਦੇ ਸੀ। ਪੰਕਜ ਸ਼ਰਮਾ ਅਤੇ ਦਲਜੀਤ ਕੌਰ ਦੇ ਆਪਸੀ ਪ੍ਰੇਮ ਸਬੰਧ ਸਨ। ਕਾਰੋਬਾਰ ਵਿੱਚ ਸੁਨੀਲ ਦਾ ਪੰਕਜ ਨਾਲ ਪੈਸਿਆਂ ਦਾ ਲੈਣ ਦੇਣ ਸੀ। ਜਦੋਂ ਪੰਕਜ ਸ਼ਰਮਾ, ਸੁਨੀਲ ਤੋਂ ਪੈਸਿਆਂ ਦੀ ਮੰਗ ਕਰਦਾ ਸੀ ਤਾਂ ਉਹ ਪੈਸੇ ਦੇਣ ਦੀ ਬਜਾਏ ਉਲਟਾ ਉਨ੍ਹਾਂ ਨੂੰ ਪ੍ਰੇਮ ਸਬੰਧਾਂ ਕਾਰਨ ਬਲੈਕਮੇਲ ਕਰਦਾ ਸੀ। ਜਿਸ ਤੋਂ ਤੰਗ ਆ ਕੇ ਮੁਲਜ਼ਮਾਂ ਨੇ ਬੀਤੀ 10 ਫਰਵਰੀ ਸੁਨੀਲ ਕੁਮਾਰ ਨੂੰ ਦਲਜੀਤ ਕੌਰ ਦੇ ਘਰ ਬੱਸੀ ਪਠਾਣਾ ਬੁਲਾਇਆ ਅਤੇ ਉਸ ਨੂੰ ਸ਼ਰਾਬ ਪਿਲਾ ਕੇ ਬੇਸੱੁਧ ਕਰ ਦਿੱਤਾ ਅਤੇ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਰਿਆ। ਜਿਸ ਕਰਕੇ ਮੁਲਜ਼ਮਾਂ ਨੇ ਸੁਨੀਲ ਦਾ ਮੂੰਹ ਟੇਪ ਅਤੇ ਰੁਮਾਲ ਨਾਲ ਬੰਨ੍ਹ ਕੇ ਅਤੇ ਹੱਥ ਰੱਸੀ ਨਾਲ ਬੰਨ੍ਹ ਕੇ ਆਪਣੀ ਗੱਡੀ ਵਿੱਚ ਪਾ ਕੇ ਭਾਖੜਾ ਨਹਿਰ ਮੋਰਿੰਡਾ ਲੈ ਗਏ ਅਤੇ ਨਹਿਰ ਵਿੱਚ ਸੁੱਟ ਕੇ ਕਤਲ ਕਰ ਦਿੱਤਾ।
ਐਸਐਸਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਵਾਰਦਾਤ ਵਿੱਚ ਵਰਤੀ ਆਲਟੋ ਕਾਰ ਵੀ ਪੁਲੀਸ ਨੇ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਥਾਣਾ ਮੁਖੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।

Load More Related Articles
Load More By Nabaz-e-Punjab
Load More In Crime & Police

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…