ਮੁਹਾਲੀ ਪੁਲੀਸ ਨੇ ਕਾਰੋਬਾਰੀ ਨੂੰ ਲੁੱਟਣ ਦਾ ਮਾਮਲਾ ਸੁਲਝਾਇਆ, 3 ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜਨਵਰੀ:
ਮੁਹਾਲੀ ਪੁਲੀਸ ਨੇ ਲਗਪਗ 24 ਘੰਟਿਆਂ ਦੇ ਅੰਦਰ-ਅੰਦਰ ਇੱਥੋਂ ਦੇ ਫੇਜ਼-9 ਵਿੱਚ ਦਵਾਈਆਂ ਦੇ ਕਾਰੋਬਾਰੀ ਪੁਨੀਤ ਗੋਇਲ ਨੂੰ ਲੁੱਟਣ ਦਾ ਮਾਮਲਾ ਸੁਲਝਾਉਂਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਚੇਤਨ ਸ਼ਰਮਾ ਵਾਸੀ ਧੋਬੀਆਂ ਵਾਲਾ ਮੁਹੱਲਾ ਖਰੜ, ਸੁਮੇਸ਼ ਬਾਂਸਲ ਵਾਸੀ ਇਮਲੀ ਵਾਲਾ ਮੰਦਰ ਖਰੜ ਹਾਲ ਵਾਸੀ ਰੰਧਾਵਾ ਰੋਡ ਬਾਂਸਲ ਕਰਿਆਣਾ ਸਟੋਰ ਅਤੇ ਵਿਕਰਮਜੀਤ ਸਿੰਘ ਵਾਸੀ ਨੇੜੇ ਵਿੰਗੀ ਮਸਜਿਦ ਖਰੜ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੇ ਗਏ ਸਪਲੈਂਡਰ ਮੋਟਰ ਸਾਈਕਲ ਅਤੇ ਮਾਰੂ ਹਥਿਆਰ (ਲੋਹੇ ਦੀ ਰਾਡ ਅਤੇ ਇੱਕ ਹਥੌੜਾ) ਵੀ ਬਰਾਮਦ ਕੀਤਾ ਗਿਆ ਹੈ।
ਐਸਐਸਪੀ ਨੇ ਦੱਸਿਆ ਕਿ ਇਸ ਸਬੰਧੀ ਪੀੜਤ ਦੁਕਾਨਦਾਰ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸੈਂਟਰਲ ਥਾਣਾ ਫੇਜ਼-8 ਵਿੱਚ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਪੈੜ ਨੱਪਣ ਲਈ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ, ਡੀਐਸਪੀ (ਡੀ) ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਅਤੇ ਥਾਣੇਦਾਰ ਪਵਨ ਕੁਮਾਰ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਬਣਾਈ ਗਈ। ਇਸ ਦੌਰਾਨ ਪੁਲੀਸ ਨੇ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੀੜਤ ਦੁਕਾਨਦਾਰ ਪੁਨੀਤ ਗੋਇਲ ਸੈਕਟਰ-71 ਦੀ ਮਾਰਕੀਟ ਵਿੱਚ ਦਵਾਈਆਂ ਦੀ ਦੁਕਾਨ ਕਰਦਾ ਹੈ ਅਤੇ ਫੇਜ਼-9 ਦੇ ਐਚਆਈਜੀ ਫਲੈਟਾਂ ਵਿੱਚ ਰਹਿੰਦਾ ਹੈ। ਬੀਤੀ 30 ਦਸੰਬਰ ਦੀ ਦੇਰ ਰਾਤ ਕਰੀਬ 10:30 ਵਜੇ ਪੁਨੀਤ ਗੋਇਲ ਦੁਕਾਨ ਬੰਦ ਕਰਕੇ ਵਾਪਸ ਆਪਣੇ ਘਰ ਪਰਤ ਰਿਹਾ ਸੀ ਕਿ ਇਸ ਦੌਰਾਨ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ’ਤੇ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਸੀ ਅਤੇ ਉਸ ਤੋਂ ਨਗਦੀ ਵਾਲਾ ਬੈਗ (ਢਾਈ ਲੱਖ ਰੁਪਏ) ਲੁੱਟ ਕੇ ਫਰਾਰ ਹੋ ਗਏ ਸੀ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਚੇਤਨ ਸ਼ਰਮਾ ਅਤੇ ਵਿਕਰਮਜੀਤ ਸਿੰਘ ਪਹਿਲਾਂ ਪੀੜਤ ਕਾਰੋਬਾਰੀ ਪੁਨੀਤ ਗੋਇਲ ਦੀ ਦਵਾਈਆਂ ਦੀ ਦੁਕਾਨ ’ਤੇ ਨੌਕਰੀ ਕਰਦੇ ਸਨ, ਪ੍ਰੰਤੂ ਇਨ੍ਹਾਂ ਦਾ ਕੰਮ ਠੀਕ ਨਾ ਹੋਣ ਕਰਕੇ ਗੋਇਲ ਨੇ ਇਨ੍ਹਾਂ ਦੋਵਾਂ ਨੂੰ ਕੁਝ ਦਿਨ ਪਹਿਲਾਂ ਹੀ ਨੌਕਰੀ ਤੋਂ ਹਟਾ ਦਿੱਤਾ ਸੀ। ਇਨ੍ਹਾਂ ਦੋਵਾਂ ਨੂੰ ਪੁਨੀਤ ਗੋਇਲ ਦੇ ਕਾਰੋਬਾਰ ਬਾਰੇ ਪੂਰੀ ਜਾਣਕਾਰੀ ਸੀ ਅਤੇ ਉਹ ਇਹ ਵੀ ਭਲੀਭਾਂਤ ਜਾਣਦੇ ਸਨ ਸੀ ਕਿ ਉਹ (ਗੋਇਲ) ਰੋਜ਼ਾਨਾ ਦੇਰ ਸ਼ਾਮ ਦੁਕਾਨ ਤੋਂ ਨਗਦੀ ਲੈ ਕੇ ਘਰ ਨੂੰ ਜਾਂਦਾ ਹੈ। ਇਨ੍ਹਾਂ ਨੇ ਆਪਣੇ ਤੀਜੇ ਸਾਥੀ ਸੁਮੇਸ਼ ਬਾਂਸਲ ਜੋ ਕਿ ਖਰੜ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਹੈ, ਨਾਲ ਮਿਲ ਕੇ ਲੁੱਟ ਦੀ ਯੋਜਨਾ ਬਣਾਈ ਗਈ ਅਤੇ ਸਾਜ਼ਿਸ਼ ਤਹਿਤ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…