ਮੁਹਾਲੀ ਪੁਲੀਸ ਨੇ ਸਫ਼ਾਈ ਮਜ਼ਦੂਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 2 ਮੁਲਜ਼ਮ ਕਾਬੂ

ਮੁਲਜ਼ਮਾਂ ਨੇ ਕੁਲਹਾੜੀ ਨਾਲ ਹਮਲਾ ਕਰਕੇ ਸਿਰ ਧੜ ਤੋਂ ਕਰ ਦਿੱਤਾ ਸੀ ਅਲੱਗ

ਲੁੱਟ-ਖੋਹ ਦਾ ਮਾਮਲਾ: ਮੁਹਾਲੀ ਪੁਲੀਸ ਵੱਲੋਂ ਦੋ ਸਕੇ ਭਰਾ ਗ੍ਰਿਫ਼ਤਾਰ, ਇਕ ਫ਼ਰਾਰ

ਨਬਜ਼-ਏ-ਪੰਜਾਬ, ਮੁਹਾਲੀ, 23 ਅਕਤੂਬਰ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਕੂੜਾ ਚੁੱਕਣ ਵਾਲੇ ਮਜ਼ਦੂਰ ਫਰਾਸਤ ਉਰਫ਼ ਚੰਨੂ ਦੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਬਲਕਾਰ ਸਿੰਘ ਅਤੇ ਗੁਰਤੇਜ ਸਿੰਘ ਉਰਫ਼ ਤੇਜ਼ੀ ਦੋਵੇਂ ਵਾਸੀ ਪਿੰਡ ਚਡਿਆਲਾ ਸੂਦਾਂ (ਮੁਹਾਲੀ) ਵਜੋਂ ਹੋਈ ਹੈ। ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਮੁਹਾਲੀ ਦੇ ਐਸਪੀ (ਦਿਹਾਤੀ) ਮਨਪ੍ਰੀਤ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ। ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਚੱਪੜਚਿੜੀ ਜੰਗੀ ਯਾਦਗਾਰ (ਫਤਿਹ ਬੁਰਜ) ਨੇੜੇ ਸੜਕ ਕਿਨਾਰੇ ਕੂੜਾ ਚੁੱਕਣ ਵਾਲੀ ਰੇਹੜੀ ਦੇਖੀ ਤਾਂ ਮੁਲਜ਼ਮਾਂ ਨੇ ਨਸ਼ੇ ਦੀ ਲਤ ਪੂਰੀ ਕਰਨ ਲਈ ਸਫ਼ਾਈ ਮਜ਼ਦੂਰ ਫਰਾਸਤ ਉਰਫ਼ ਚੰਨੂ ਕੋਲੋਂ ਪੈਸੇ ਲੁੱਟ-ਖੋਹ ਕਰਨ ਦੀ ਕੋਸ਼ਿਸ਼ ਕੀਤੀ।
ਹਾਲਾਂਕਿ ਇਸ ਦੌਰਾਨ ਸਫ਼ਾਈ ਮਜ਼ਦੂਰ ਨੇ ਹਿੰਮਤ ਕਰਕੇ ਉਨ੍ਹਾਂ ਦਾ ਮੁਕਾਬਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਪ੍ਰੰਤੂ ਮੁਲਜ਼ਮ ਬਲਕਾਰ ਸਿੰਘ ਅਤੇ ਗੁਰਤੇਜ ਸਿੰਘ ਤੇਜ਼ੀ ਨੇ ਕੁਲਹਾੜੀ ਨਾਲ ਹਮਲਾ ਕਰਕੇ ਉਸ (ਫਰਾਸਤ ਉਰਫ਼ ਚੰਨੂ) ਦਾ ਕਤਲ ਕਰ ਦਿੱਤਾ ਅਤੇ ਉਸ ਦਾ ਸਿਰ ਧੜ ਨਾਲੋਂ ਅਲੱਗ ਕਰਕੇ ਲਾਸ਼ ਨੂੰ ਸੈਕਟਰ-91 ਵਾਲੀ ਸੜਕ ਕਿਨਾਰੇ ਸੁੱਟ ਦਿੱਤਾ।
ਐਸਪੀ ਦਿਹਾਤੀ ਨੇ ਦੱਸਿਆ ਕਿ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕਰਕੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਟੀਮ ਨੇ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਬਲਕਾਰ ਸਿੰਘ ਵਿਰੁੱਧ ਪਹਿਲਾਂ ਵੀ ਸੋਹਾਣਾ ਥਾਣੇ ਵਿੱਚ ਲੜਾਈ ਝਗੜੇ ਦਾ ਪਰਚਾ ਦਰਜ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਕੁਲਹਾੜੀ ਵੀ ਬਰਾਮਦ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਇਸੇ ਤਰ੍ਹਾਂ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਇੱਥੋਂ ਦੇ ਫੇਜ਼-3 ਅਤੇ ਫੇਜ਼-7 ਦੀਆਂ ਟਰੈਫ਼ਿਕ ਲਾਈਟ ਪੁਆਇੰਟ ਨੇੜੇ ਸਾਈਕਲ ਚਾਲਕ ਕੋਲੋਂ ਕਰੀਬ ਸਾਢੇ 5 ਲੱਖ ਰੁਪਏ ਖੋਹਣ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਅਰਜਨ ਕੁਮਾਰ ਉਰਫ਼ ਛਾਂਗਾ ਅਤੇ ਉਸ ਦੇ ਭਰਾ ਰੋਹਿਤ ਕੁਮਾਰ ਦੋਵੇਂ ਵਾਸੀ ਪਿੰਡ ਖੂਨੀਮਾਜਰਾ (ਖਰੜ) ਵਜੋਂ ਹੋਈ ਹੈ, ਜੋ ਸੈਕਟਰ-52 ਚੰਡੀਗੜ੍ਹ ਵਿਖੇ ਰਹਿੰਦੇ ਹਨ। ਜਦੋਂਕਿ ਇਨ੍ਹਾਂ ਦਾ ਤੀਜਾ ਸਾਥੀ ਫਿਲਹਾਲ ਫਰਾਰ ਹੈ।
ਮੁਹਾਲੀ ਦੇ ਐਸਪੀ ਦਿਹਾਤੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਲੁੱਟ-ਖੋਹ ਕੀਤੇ ਪੈਸਿਆਂ ’ਚੋਂ 1 ਲੱਖ 65 ਹਜ਼ਾਰ ਰੁਪਏ, ਮੋਬਾਈਲ ਫੋਨ ਅਤੇ ਬੈਗ ਬਰਾਮਦ ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਅਸ਼ਵਨੀ ਸੋਨੀ ਨੇ ਆਪਣੀ ਪਤਨੀ ਰੇਨੂੰ ਦੇ ਨਾਮ ’ਤੇ ਵਾਈਟ ਲੇਵਲ ਏਟੀਐਮ ਵਿਕਹੰਗੀ ਲਿਮਟਿਡ ਦੀ ਫਰੈਂਚਾਇਜੀ ਲਈ ਹੋਈ ਹੈ। ਫਰੈਂਚਾਇਜੀ ਮੁਤਾਬਕ ਉਨ੍ਹਾਂ ਨੇ ਏਟੀਐਮ ਵਿੱਚ ਪੈਸੇ ਪਾਉਣੇ ਹੁੰਦੇ ਹਨ। ਜਿਸ ਵਿੱਚ 7 ਏਟੀਐਮ ਅਲਾਊਡ ਹਨ। ਅਸ਼ਵਨੀ ਬੀਤੀ 8 ਅਗਸਤ ਨੂੰ ਆਪਣੀ ਕਾਰ ਖਰਾਬ ਹੋਣ ਕਾਰਨ ਸਾਈਕਲ ’ਤੇ ਸਵਾਰ ਹੋ ਕੇ ਕਰੀਬ ਸਾਢੇ 5 ਲੱਖ ਰੁਪਏ ਲੈ ਕੇ ਜਾ ਰਿਹਾ ਸੀ। ਜਦੋਂ ਉਹ ਫੇਜ਼-3 ਅਤੇ ਫੇਜ਼-7 ਦੀਆਂ ਲਾਈਟਾਂ ਨੇੜੇ ਪੁੱਜਾ ਤਾਂ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਉਸ ਨੂੰ ਰਸਤੇ ਵਿੱਚ ਘੇਰ ਕੇ ਉਸ ਕੋਲੋਂ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ ਸੀ। ਇਹ ਕੇਸ ਵੀ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਟੀਮ ਨੇ ਸੁਲਝਾਇਆ ਹੈ। ਮੁਲਜ਼ਮ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਹਨ।

Load More Related Articles
Load More By Nabaz-e-Punjab
Load More In General News

Check Also

ਪਨਬੱਸ-ਪੀਆਰਟੀਸੀ ਠੇਕਾ ਮੁਲਾਜ਼ਮਾਂ ਵੱਲੋਂ ਦੋ ਘੰਟੇ ਬੱਸਾਂ ਦਾ ਪਹੀਆ ਜਾਮ, ਯਾਤਰੀ ਪ੍ਰੇਸ਼ਾਨ

ਪਨਬੱਸ-ਪੀਆਰਟੀਸੀ ਠੇਕਾ ਮੁਲਾਜ਼ਮਾਂ ਵੱਲੋਂ ਦੋ ਘੰਟੇ ਬੱਸਾਂ ਦਾ ਪਹੀਆ ਜਾਮ, ਯਾਤਰੀ ਪ੍ਰੇਸ਼ਾਨ ਠੇਕਾ ਮੁਲਾਜ਼ਮਾਂ …