
ਮੁਹਾਲੀ ਪੁਲੀਸ ਨੇ ਕੈਬ ਚਾਲਕ ਦੇ ਕਤਲ ਦੀ ਗੁੱਥੀ ਸੁਲਝਾਈ, 2 ਮੁਲਜ਼ਮ ਗ੍ਰਿਫ਼ਤਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਈ:
ਮੁਹਾਲੀ ਪੁਲੀਸ ਨੇ ਕੈਬ ਚਾਲਕ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਰੇਸ਼ਮ ਸਿੰਘ ਵਾਸੀ ਪਿੰਡ ਗਿਆਨਾ, ਸਾਬੋ ਕੀ ਤਲਵੰਡੀ, ਜ਼ਿਲ੍ਹਾ ਬਠਿੰਡਾ ਅਤੇ ਪੰਜਾਬ ਦੀਪ ਸਿੰਘ ਵਾਸੀ ਪਿੰਡ ਸਾਹਨਵਾਲਾ, ਮਾਨਸਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਕਤਲ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਮੁਲਜ਼ਮ ਪਿਛਲੇ ਦਿਨੀਂ ਕੈਬ ਚਾਲਕ ਦਿਆਨੰਦ ਸ਼ਰਮਾ ਉਰਫ਼ ਸੋਨੂੰ ਵਾਸੀ ਫੇਜ਼-7, ਮੁਹਾਲੀ ਦਾ ਕਤਲ ਕਰਕੇ ਉਸ ਦੀ ਗੱਡੀ ਖੋਹ ਕੇ ਫਰਾਰ ਹੋ ਗਏ ਸੀ।
ਮੁਹਾਲੀ ਦੇ ਐਸਪੀ (ਸਿਟੀ-2) ਆਕਾਸ਼ਦੀਪ ਸਿੰਘ ਅੌਲਖ ਨੇ ਦੱਸਿਆ ਕਿ ਪਿਛਲੇ ਦਿਨੀਂ ਮੁਹਾਲੀ ਪੁਲੀਸ ਨੂੰ ਦਿਆਨੰਦ ਸ਼ਰਮਾ ਦੇ ਬਿਨਾਂ ਦੱਸੇ ਘਰ ਤੋਂ ਚਲੇ ਜਾਣ ਬਾਰੇ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਪੁਲੀਸ ਨੇ ਕੈਬ ਚਾਲਕ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਇਸ ਸਬੰਧੀ ਪੁਲੀਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਸ਼ਹਿਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ, ਮੋਬਾਈਲ ਡਾਟਾ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ। ਪੁਲੀਸ ਨੇ ਉਕਤ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਕੈਬ ਚਾਲਕ ਦੀ ਗੱਡੀ ਵੀ ਬਰਾਮਦ ਕਰ ਲਈ ਹੈ।
ਐਸਪੀ ਅੌਲਖ ਨੇ ਦੱਸਿਆ ਕਿ ਮੁਲਜ਼ਮਾਂ ਨੇ ਪਿਛਲੇ ਦਿਨੀਂ ਰਾਤ ਸਮੇਂ ਇਨ-ਡਰਾਇਵ ’ਤੇ ਕੈਬ ਬੁੱਕ ਕਰਵਾਈ ਸੀ ਅਤੇ ਕੈਬ ਵਿੱਚ ਬੈਠਦੇ ਹੀ ਮੌਕਾ ਦੇਖ ਕੇ ਉਨ੍ਹਾਂ ਨੇ ਕੈਬ ਚਾਲਕ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਬਾਅਦ ਵਿੱਚ ਮੁਲਜ਼ਮਾਂ ਨੇ ਦਿਆਨੰਦ ਸ਼ਰਮਾ ਦੀ ਲਾਸ਼ ਨੂੰ ਲੁਕਾ ਦਿੱਤਾ ਅਤੇ ਗੱਡੀ ਲੈ ਕੇ ਫ਼ਰਾਰ ਹੋ ਗਏ ਸੀ।