ਮੁਹਾਲੀ ਪੁਲੀਸ ਨੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ, ਦੋ ਮੁਲਜ਼ਮ ਗ੍ਰਿਫ਼ਤਾਰ

ਲੁੱਟ-ਖੋਹ ਕਰਦੇ ਸਮੇਂ ਹਾਈ ਕੋਰਟ ਦੇ ਮੁਲਾਜ਼ਮ ਦਾ ਚਾਕੂ ਮਾਰ ਕੇ ਕੀਤਾ ਸੀ ਕਤਲ

ਨਬਜ਼-ਏ-ਪੰਜਾਬ, ਮੁਹਾਲੀ, 1 ਫਰਵਰੀ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਹਾਈ ਕੋਰਟ ਦੇ ਇੱਕ ਮੁਲਾਜ਼ਮ ਯਮ ਪ੍ਰਸਾਦ ਦੇ ਅੰਨੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਵਿੱਚ ਇੱਕ ਨਾਬਾਲਗ ਹੈ। ਮੁਲਜ਼ਮ ਦੀ ਪਛਾਣ ਹਰਿੰਦਰ ਸਿੰਘ ਵਾਸੀ ਪਿੰਡ ਖੁੱਡਾ ਅਲੀਸ਼ੇਰ (ਚੰਡੀਗੜ੍ਹ) ਵਜੋਂ ਹੋਈ ਹੈ। ਅੱਜ ਇੱਥੇ ਮੁਹਾਲੀ ਦੀ ਐਸਪੀ (ਡੀ) ਡਾ. ਜਯੋਤੀ ਯਾਦਵ ਅਤੇ ਐਸਪੀ ਸਿਟੀ ਹਰਵੀਰ ਸਿੰਘ ਅਟਵਾਲ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਸ ਵਾਰਦਾਤ ਨੂੰ ਪਿੰਡ ਕਾਂਸਲ ਵਿੱਚ ਅੰਜਾਮ ਦਿੱਤਾ ਸੀ। ਮੁਲਜ਼ਮਾਂ ਕੋਲੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਹੈ। ਇਸ ਸਬੰਧੀ ਮ੍ਰਿਤਕ ਦੇ ਬੇਟੇ ਗੋਬਿੰਦ ਵਾਸੀ ਨੇਪਾਲ ਹਾਲ ਵਾਸੀ ਨਵਾਂ ਗਰਾਓਂ ਦੀ ਸ਼ਿਕਾਇਤ ’ਤੇ ਕਤਲ ਦਾ ਪਰਚਾ ਦਰਜ ਕੀਤਾ ਗਿਆ ਸੀ।
ਜਾਣਕਾਰੀ ਅਨੁਸਾਰ ਯਮ ਪ੍ਰਸ਼ਾਦ ਪਿਛਲੇ 24 ਸਾਲਾਂ ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੇਵਾਦਾਰ ਵਜੋਂ ਨੌਕਰੀ ਕਰਦਾ ਸੀ। 26 ਦਸੰਬਰ 2024 ਨੂੰ ਉਹ ਰੋਜ਼ਾਨਾ ਵਾਂਗ ਹਾਈਕੋਰਟ ਵਿੱਚ ਡਿਊਟੀ ’ਤੇ ਗਿਆ ਸੀ ਪ੍ਰੰਤੂ ਸ਼ਾਮ ਨੂੰ ਵਾਪਸ ਘਰ ਨਹੀਂ ਆਇਆ। ਪਰਿਵਾਰ ਨੇ ਆਪਣੇ ਪੱਧਰ ’ਤੇ ਕਾਫ਼ੀ ਭਾਲ ਕੀਤੀ ਪਰ ਕੋਈ ਉੱਗ ਸੁੱਗ ਨਹੀਂ ਮਿਲੀ। ਤਿੰਨ ਦਿਨਾਂ ਬਾਅਦ 29 ਦਸੰਬਰ ਨੂੰ ਪਿੰਡ ਕਾਂਸਲ ਦੇ ਖੇਤਾਂ ’ਚੋਂ ਪੁਲੀਸ ਨੇ ਇੱਕ ਲਾਵਾਰਿਸ ਲਾਸ਼ ਬਰਾਮਦ ਕੀਤੀ ਸੀ। ਜਦੋਂ ਪੀੜਤ ਪਰਿਵਾਰ ਸਰਕਾਰੀ ਹਸਪਤਾਲ ਖਰੜ ਵਿੱਚ ਪਹੁੰਚੇ ਤਾਂ ਬੇਟੇ ਗੋਬਿੰਦ ਨੇ ਆਪਣੇ ਪਿਤਾ ਦੀ ਲਾਸ਼ ਦੀ ਸ਼ਨਾਖ਼ਤ ਕੀਤੀ। ਉਸ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਹੋਏ ਸਨ।
ਐਸਪੀ ਜਯੋਤੀ ਯਾਦਵ ਨੇ ਦੱਸਿਆ ਕਿ ਇਸ ਅੰਨੇ ਕਤਲ ਦੀ ਗੁੱਥੀ ਸੁਲਝਾਉਣ ਲਈ ਐਸਐਸਪੀ ਦੀਪਕ ਪਾਰਿਕ ਦੇ ਹੁਕਮਾਂ ’ਤੇ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਬਣਾਈ ਗਈ। ਪੁਲੀਸ ਨੇ ਮੁਲਜ਼ਮ ਹਰਿੰਦਰ ਸਿੰਘ ਅਤੇ ਉਸ ਦੇ ਇਕ ਨਾਬਾਲਗ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ। ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਲੁੱਟ-ਖੋਹ ਕਰਦੇ ਹਨ ਅਤੇ 26-27 ਦਸੰਬਰ ਦੀ ਦਰਮਿਆਨੀ ਰਾਤ ਨੂੰ ਉਹ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਨਵਾਂ ਗਰਾਓਂ ਖੇਤਰ ਵਿੱਚ ਘੁੰਮ ਰਹੇ ਸਨ। ਇਸ ਦੌਰਾਨ ਉਹ ਜਦੋਂ ਪਿੰਡ ਕਾਂਸਲ ਕੋਲ ਪੁੱਜੇ ਤਾਂ ਉਨ੍ਹਾਂ ਨੇ ਪੈਦਲ ਆ ਰਹੇ ਯਮ ਪ੍ਰਸਾਦ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਆਪਸ ਵਿੱਚ ਝੜਪ ਹੋ ਗਈ। ਮੁਲਜ਼ਮਾਂ ਨੇ ਯਮ ਪ੍ਰਸ਼ਾਦ ਨੂੰ ਜ਼ਮੀਨ ’ਤੇ ਸੁੱਟ ਲਿਆ ਅਤੇ ਉਸ ’ਤੇ ਚਾਕੂ ਨਾਲ ਕਈ ਵਾਰ ਕੀਤੇ ਗਏ। ਜਿਸ ਕਾਰਨ ਯਮ ਪ੍ਰਸ਼ਾਦ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਸ ਮੌਕੇ ਐਸਪੀ ਜਯੋਤੀ ਯਾਦਵ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਪੁਲੀਸ ਨੇ ਇਕ ਹੋਰ ਮਾਮਲਾ ਵੀ ਸੁਲਝਾ ਲਿਆ ਹੈ। ਇਨ੍ਹਾਂ ਮੁਲਜ਼ਮਾਂ ਨੇ ਹੀ 26 ਦਸੰਬਰ ਦੀ ਰਾਤ ਨੂੰ ਨੇਮਰਾਜ ਵਾਸੀ ਨੇਪਾਲ ਹਾਲ ਵਾਸੀ ਪਿੰਡ ਕਾਂਸਲ ਜੋ ਸੈਕਟਰ-7 ਵਿੱਚ ਨੌਕਰੀ ਕਰਦਾ ਹੈ, ਨੂੰ ਵੀ ਲੁੱਟ ਦਾ ਸ਼ਿਕਾਰ ਬਣਾਉਂਦਿਆਂ ਉਸ ਕੋਲੋਂ ਮੋਬਾਈਲ ਫੋਨ ਅਤੇ ਉਸ ਦਾ ਪਰਸ ਖੋਹਿਆ ਸੀ। ਇਸ ਸਬੰਧੀ ਵੱਖਰਾ ਪਰਚਾ ਦਰਜ ਕੀਤਾ ਗਿਆ ਹੈ

Load More Related Articles
Load More By Nabaz-e-Punjab
Load More In General News

Check Also

ਕੇਂਦਰੀ ਬਜ਼ਟ: ਪੰਜਾਬ ਦਾ ਨਾਂ ਤੱਕ ਨਾ ਲੈਣਾ ਭਾਜਪਾ ਦੀ ਪੰਜਾਬ ਵਿਰੋਧੀ ਸੋਚ ਦਾ ਪ੍ਰਗਟਾਵਾ: ਕੁਲਜੀਤ ਬੇਦੀ

ਕੇਂਦਰੀ ਬਜ਼ਟ: ਪੰਜਾਬ ਦਾ ਨਾਂ ਤੱਕ ਨਾ ਲੈਣਾ ਭਾਜਪਾ ਦੀ ਪੰਜਾਬ ਵਿਰੋਧੀ ਸੋਚ ਦਾ ਪ੍ਰਗਟਾਵਾ: ਕੁਲਜੀਤ ਬੇਦੀ ਕੀ…