Nabaz-e-punjab.com

ਮੁਹਾਲੀ ਪੁਲੀਸ ਵੱਲੋਂ ਅੰਤਰਰਾਜ਼ੀ ਵਾਹਨ ਚੋਰ ਗਰੋਹ ਦੀ ਨਿਸ਼ਾਨਦੇਹੀ ’ਤੇ ਚੋਰੀ ਦੀਆਂ 12 ਹੋਰ ਕਾਰਾਂ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਪਰੈਲ:
ਮੁਹਾਲੀ ਪੁਲੀਸ ਵੱਲੋਂ ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤੇ ਅੰਤਰਰਾਜ਼ੀ ਵਾਹਨ ਚੋਰ ਗਰੋਹ ਦੇ ਤਿੰਨ ਮੈਂਬਰਾਂ ਦੀ ਮੁੱਢਲੀ ਪੁੱਛ-ਪੜਤਾਲ ਤੋਂ ਬਾਅਦ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਦੀਆਂ 12 ਹੋਰ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਮੁਹਾਲੀ ਦੇ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਮੁਹਾਲੀ ਸ਼ਹਿਰ ਵਿੱਚ ਪਿਛਲੇ ਕਈ ਮਹੀਨਿਆਂ ਦੌਰਾਨ ਇੱਕ ਕਾਰ ਚੋਰ ਗਰੋਹ ਕਾਫੀ ਸਰਗਰਮ ਸੀ।
ਸ੍ਰੀ ਭੁੱਲਰ ਨੇ ਦੱਸਿਆ ਕਿ ਜ਼ਿਲ੍ਹਾ ਮੁਹਾਲੀ ਵਿੱਚ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਹੱਲ ਕਰਨ ਲਈ ਮੁਹਾਲੀ ਦੇ ਐਸਪੀ (ਡੀ) ਵਰੁਣ ਸ਼ਰਮਾ, ਡੀਐਸਪੀ (ਡੀ) ਗੁਰਦੇਵ ਸਿੰਘ ਧਾਲੀਵਾਲ ਅਤੇ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਨੂੰ ਜਾਂਚ ਸੌਂਪੀ ਗਈ ਸੀ। ਉਨ੍ਹਾਂ ਦੱਸਿਆ ਕਿ ਉਕਤ ਜਾਂਚ ਟੀਮ ਨੇ ਗੁਪਤ ਸੂਚਨਾ ’ਤੇ ਬੀਤੀ 4 ਅਪਰੈਲ ਨੂੰ ਵਰਨਾ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਸੁਰਜੀਤ ਸਿੰਘ ਵਾਸੀ ਸਰੂਪ ਨਗਰ ਦਿੱਲੀ, ਗੁਰਸੇਵਕ ਸਿੰਘ ਉਰਫ਼ ਸੇਵਕ ਵਾਸੀ ਮਾਡਲ ਟਾਊਨ ਹੁਸ਼ਿਆਰਪੁਰ ਅਤੇ ਬਲਜਿੰਦਰ ਸਿੰਘ ਉਰਫ਼ ਬਿੰਦਾ ਵਾਸੀ ਪਿੰਡ ਭੂਰਾ ਕੋਨਾ, ਜ਼ਿਲ੍ਹਾ ਤਰਨ ਤਾਰਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਮੁਲਜ਼ਮਾਂ ਕੋਲੋਂ ਕਾਰਾਂ ਦੇ ਤਾਲੇ ਖੋਲ੍ਹਣ ਲਈ ਵਰਤੇ ਜਾਂਦੇ ਅੌਜ਼ਾਰ ਵੀ ਬਰਾਮਦ ਕੀਤੇ ਗਏ ਸਨ। ਇਸ ਸਬੰਧੀ ਬੀਤੀ 18 ਮਾਰਚ ਨੂੰ ਸੋਹਾਣਾ ਥਾਣੇ ਵਿੱਚ ਧਾਰਾ 379 ਤਹਿਤ ਕੇਸ ਦਰਜ ਕੀਤਾ ਗਿਆ ਸੀ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛ-ਪੜਤਾਲ ਮਗਰੋਂ ਵੱਖ ਵੱਖ ਕਿਸਮ ਦੀਆਂ 8 ਗੱਡੀਆਂ ਅਤੇ 1 ਸਕੂਟਰੀ, ਗੱਡੀਆਂ ਚੋਰੀਆਂ ਕਰਨ ਸਮੇਂ ਵਰਤੇ ਜਾਂਦੇ 28 ਕਿਸਮ ਦੇ ਅੌਜ਼ਾਰ ਅਤੇ 9 ਗੱਡੀਆਂ ਦੀਆਂ ਆਰ.ਸੀਜ਼ ਬਰਾਮਦ ਕਰਵਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ ਗਈ। ਪੁੱਛ-ਪੜਤਾਲ ਦੌਰਾਨ ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਵੱਖ ਵੱਖ ਕਿਸਮ ਦੀਆਂ 12 ਹੋਰ ਕਾਰਾਂ (5 ਆਲਟੋ, 3 ਸਵਿੱਫਟ, 1 ਇੰਡੀਗੋ, 1 ਸ਼ੈਵਰਲੇ ਓਪਟਰਾ, 1 ਇਟੀਓਸ ਲੀਵਾ ਅਤੇ 1 ਜ਼ੈੱਨ) ਵੱਖ ਵੱਖ ਥਾਵਾਂ ਤੋਂ ਬਰਾਮਦ ਕੀਤੀਆਂ ਗਈਆਂ ਸਨ। ਹੁਣ ਬਰਾਮਦ ਕੀਤੀਆਂ ਦਰਜਨ ਕਾਰਾਂ ’ਚੋਂ 10 ਕਾਰਾਂ ਮੁਹਾਲੀ ਵਿੱਚ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੀਆਂ ਗਈਆਂ ਸਨ। ਇਨ੍ਹਾਂ ਕਾਰਾਂ ਉੱਤੇ ਮੁਲਜ਼ਮਾਂ ਨੇ ਸੜਕ ਹਾਦਸਿਆਂ ਵਿੱਚ ਪੂਰੀ ਤਰ੍ਹਾਂ ਨੁਕਸਾਨੀਆਂ ਗੱਡੀਆਂ ਦਾ ਚੈਸੀ ਅਤੇ ਇੰਜਣ ਨੰਬਰ ਲਗਾ ਕੇ ਅੱਗੇ ਵੇਚਣ ਲਈ ਵੱਖ ਵੱਖ ਥਾਵਾਂ ’ਤੇ ਖੜ੍ਹੀਆਂ ਕੀਤੀਆਂ ਗਈਆਂ ਸਨ।
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮ ਨੂੰ ਪਹਿਲਾਂ ਦਿੱਤਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਵੀਰਵਾਰ ਨੂੰ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਕਤ ਸਾਰੇ ਮੁਲਜ਼ਮਾਂ ਨੂੰ ਮੁੜ 12 ਅਪਰੈਲ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਪੁਲੀਸ ਨੂੰ ਮੁਲਜ਼ਮਾਂ ਤੋੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।
(ਬਾਕਸ ਆਈਟਮ)
ਮੁਹਾਲੀ ’ਚੋਂ ਚੋਰੀ ਹੋਈ ਮਰਸੀਡੀਜ਼ ਕਾਰ ਫੇਜ਼-7 ਦੀ ਮਾਰਕੀਟ ’ਚੋਂ ਦੇਰ ਰਾਤ ਬਰਾਮਦ
ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਸਥਾਨਕ ਫੇਜ਼-5 ਦੀ ਮਾਰਕੀਟ ’ਚੋਂ ਦਿਨ ਦਿਹਾੜੇ ਚੋਰੀ ਹੋਈ ਮਰਸੀਡੀਜ਼ ਕਾਰ ਲੰਘੀ ਦੇਰ ਰਾਤ ਇੱਥੋਂ ਦੇ ਫੇਜ਼-7 ਦੀ ਮਾਰਕੀਟ ’ਚੋਂ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਕਰਨਵੀਰ ਸਿੰਘ ਵਾਸੀ ਸੈਕਟਰ-70 ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਆਪਣੀ ਚਿੱਟੇ ਰੰਗ ਦੀ ਕਾਲੀ ਛੱਤ ਵਾਲੀ ਮਰਸੀਡੀਜ਼ ਕਾਰ ਫੇਜ਼-5 ਦੀ ਮਾਰਕੀਟ ਦੀ ਪਾਰਕਿੰਗ ਵਿੱਚ ਖੜ੍ਹੀ ਕੀਤੀ ਸੀ, ਜੋ ਚੋਰੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਉਕਤ ਕਾਰ ਨੂੰ ਰਾਤੀ ਕਰੀਬ 9.30 ਵਜੇ ਫੇਜ਼-7 ਦੀ ਮਾਰਕੀਟ ਦੀ ਪਾਰਕਿੰਗ ’ਚੋਂ ਬਰਾਮਦ ਕਰ ਲਿਆ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…