Share on Facebook Share on Twitter Share on Google+ Share on Pinterest Share on Linkedin ਸਰਕਾਰ ਦੇ ਕਹਿਣ ’ਤੇ ਮੁਹਾਲੀ ਪੁਲੀਸ ਨੇ ਜਬਰੀ ਖ਼ਤਮ ਕਰਵਾਇਆ ਕਿਸਾਨ ਯੂਨੀਅਨ ਦਾ ਲੜੀਵਾਰ ਧਰਨਾ ਆਲੂਆਂ ਦੀ ਘੱਟ ਕੀਮਤ ’ਤੇ ਰੋਸ ਪ੍ਰਗਟਾਉਣ ਲਈ ਕਿਸਾਨਾਂ ਨੇ ਸੜਕ ’ਤੇ ਲਾਏ ਆਲੂਆਂ ਦੇ ਢੇਰ, ਆਵਾਜਾਈ ਹੋਈ ਪ੍ਰਭਾਵਿਤ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਸਤੰਬਰ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਗੰਨੇ ਦੇ 100 ਕਰੋੜ ਰੁਪਏ ਦੇ ਬਕਾਏ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਮੁਹਾਲੀ ਚੰਡੀਗੜ੍ਹ ਦੀ ਸਾਂਝੀ ਹੱਦ ਬੀਤੇ ਕੱਲ੍ਹ ਤੋਂ ਆਰੰਭ ਕੀਤਾ ਗਿਆ ਲੜੀਵਾਰ ਧਰਨਾ ਅੱਜ ਬਾਅਦ ਦੁਪਹਿਰ ਸਰਕਾਰ ਦੇ ਕਹਿਣ ’ਤੇ ਮੁਹਾਲੀ ਪੁਲੀਸ ਵੱਲੋਂ ਜਬਰੀ ਖਤਮ ਕਰਵਾ ਦਿੱਤਾ ਗਿਆ। ਪੰਜਾਬ ਦੇ ਏਡੀਜੀਸੀ ਹਰਦੀਪ ਸਿੰਘ ਢਿੱਲੋਂ ਅਤੇ ਡੀਆਈਜੀ ਬਾਬੂ ਲਾਲ ਮੀਨਾ ਦੀ ਅਗਵਾਈ ਵਿੱਚ ਕੀਤੀ ਗਈ ਇਸ ਕਾਰਵਾਈ ਦੌਰਾਨ ਪੁਲੀਸ ਵੱਲੋਂ ਧਰਨੇ ਤੇ ਬੈਠੇ ਕਿਸਾਨਾਂ ਨੂੰ ਧਰਨੇ ਤੋਂ ਉਠਾ ਕੇ ਅਤੇ ਬੱਸਾਂ ਵਿੱਚ ਭਰ ਕੇ ਅਣਦੱਸੀ ਥਾਂ ਭੇਜ ਦਿੱਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਡੀਆਈਜੀ ਸ੍ਰੀ ਮੀਨਾ ਨੇ ਕਿਹਾ ਕਿ ਪੁਲੀਸ ਵੱਲੋਂ ਧਰਨਾਕਾਰੀ ਕਿਸਾਨਾਂ ਨੂੰ ਆਪਣਾ ਧਰਨਾ ਖਤਮ ਕਰਨ ਦੀ ਅਪੀਲ ਕੀਤੀ ਗਈ ਸੀ ਅਤੇ ਕਿਸਾਨਾਂ ਵੱਲੋਂ ਪੁਲੀਸ ਦੀ ਅਪੀਲ ਨਾ ਮੰਨਣ ’ਤੇ ਉਹਨਾਂ ਨੂੰ ਸ਼ਾਂਤੀ ਪੂਰਵਕ ਤਰੀਕੇ ਨਾਲ ਇੱਥੋਂ ਹਟਾ ਦਿੱਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਹਿਲ ਸਮੇਤ ਵੱਡੀ ਗਿਣਤੀ ਪੁਲੀਸ ਅਧਿਕਾਰੀ ਹਾਜ਼ਿਰ ਸਨ। ਕਿਸਾਨਾਂ ਦਾ ਧਰਨਾ ਖਤਮ ਕਰਵਾਉਣ ਤੋਂ ਬਾਅਦ ਪੁਲੀਸ ਨੇ ਕਿਸਾਨਾਂ ਦਾ ਟੈਂਟ ਵੀ ਉੱਥੋਂ ਹਟਵਾ ਦਿੱਤਾ ਗਿਆ। ਇਸ ਤੋਂ ਪਹਿਲਾਂ ਅੱਜ ਸਾਰਾ ਦਿਨ ਕਿਸਾਨ ਵਾਈਪੀਐਸ ਚੌਂਕ ਤੋਂ ਅੱਗੇ ਚੰਡੀਗ੍ਹੜ੍ਹ ਦੇ ਬੈਰੀਅਰ ’ਤੇ ਧਰਨਾ ਦੇ ਕੇ ਬੈਠੇ ਰਹੇ। ਬੀਤੇ ਕੱਲ੍ਹ ਜਦੋਂ ਕਿਸਾਨ ਪੰਜਾਬ ਦੇ ਮੁੱਖ ਮੰਤਰੀ ਦੇ ਨਿਵਾਸ ’ਤੇ ਜਾਣ ਲਈ ਮਾਰਚ ਕਰ ਰਹੇ ਸਨ ਤਾਂ ਚੰਡੀਗੜ੍ਹ ਪੁਲੀਸ ਵੱਲੋਂ ਉਹਨਾਂ ਨੂੰ ਬੈਰੀਅਰ ’ਤੇ ਹੀ ਰੋਕ ਲਿਆ ਗਿਆ ਸੀ ਅਤੇ ਕਿਸਾਨਾਂ ਨੇ ਬੈਰੀਅਰ ਤੇ ਹੀ ਧਰਨਾ ਲਗਾ ਦਿੱਤਾ ਸੀ। ਧਰਨੇ ਵਾਲੀ ਥਾਂ ’ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਸਾਨ ਯੂਨੀਅਨ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਅਤੇ ਨਛੱਤਰ ਸਿੰਘ ਬੈਦਵਾਨ ਨੇ ਕਿਹਾ ਕਿ ਬੀਤੀ ਰਾਤ ਕਿਸਾਨਾਂ ਦੀ ਮੁੱਖ ਮੰਤਰੀ ਤੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕਮਾਰ ਨਾਲ ਮੀਟਿੰਗ ਹੋਈ ਸੀ। ਜਿਸ ਵਿੱਚ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਗੰਨੇ ਦੀ ਰੁਕੀ ਹੋਈ ਰਕਮ ਦੀ ਅਦਾਇਗੀ ਪੰਜ ਕਿਸ਼ਤਾਂ ਵਿੱਚ ਕੀਤੀ ਜਾਵੇਗੀ ਅਤੇ ਇਸ ਵਿੱਚੋਂ 20 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਤੁਰੰਤ ਦੇਣ ਦਾ ਭਰੋਸਾ ਵੀ ਦਿੱਤਾ ਗਿਆ ਸੀ ਪ੍ਰੰਤੂ ਕੁੱਝ ਵੀ ਨਹੀਂ ਹੋਇਆ। ਉਹਨਾਂ ਕਿਹਾ ਕਿ ਕਿਸਾਨ ਹੁਣ ਫੋਕੇ ਲਾਰਿਆਂ ਤੇ ਭਰੋਸਾ ਨਹੀਂ ਕਰਨਗੇ ਅਤੇ ਗੰਨੇ ਦੀ ਰੁਕੀ ਹੋਈ ਅਦਾਇਗੀ ਲੈ ਕੇ ਹੀ ਮੁੜਣਗੇ। ਉਹਨਾਂ ਕਿਹਾ ਕਿ ਜਦੋਂ ਤੱਕ ਸਰਕਾਰ ਵੱਲੋਂ ਉਹਨਾਂ ਦੀ ਰਕਮ ਦੀ ਅਦਾਇਗੀ ਨਹੀਂ ਕੀਤੀ ਜਾਵੇਗੀ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ। ਇਸ ਦੌਰਾਨ ਅੱਜ ਕਿਸਾਨਾਂ ਵੱਲੋਂ ਆਪਣੇ ਗਲੇ ਵਿੱਚ ਆਲੂਆਂ ਦੀ ਮਾਲਾ ਬਣਾ ਕੇ ਆਲੂਆਂ ਦੀ ਘੱਟ ਕੀਮਤ ਕਾਰਣ ਕਿਸਾਨਾਂ ਨੂੰ ਹੋਰ ਰਹੇ ਨਕਸਾਨ ਵਿਰੁੱਧ ਰੋਸ ਜਾਹਿਰ ਕੀਤਾ ਗਿਆ। ਇਸ ਮੌਕੇ ਕਿਸਾਨਾਂ ਵੱਲੋਂ ਟਰਾਲੀਆਂ ਵਿੱਚ ਭਰ ਕੇ ਲਿਆਂਦੇ ਆਲੂਆਂ ਦੀ ਸੜਕ ’ਤੇ ਢੇਰੀਆਂ ਵੀ ਲਗਾ ਦਿੱਤੀਆਂ ਗਈਆਂ। ਵਾਈਪੀਐਸ ਚੌਂਕ ’ਤੇ ਵੀ ਕਿਸਾਨਾਂ ਵੱਲੋਂ ਕਈ ਬੋਰੀ ਆਲੂ ਸੁੱਟੇ ਗਏ ਅਤੇ ਸਰਕਾਰ ਵਿਰੁੱਧ ਰੋਸ ਜਾਹਿਰ ਕੀਤਾ ਗਿਆ। ਧਰਨਾ ਚੁਕਵਾਏ ਜਾਣ ਤੋਂ ਬਾਅਦ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪੁਲੀਸ ਵਲੋੱ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੇ ਕਿਸਾਨਾਂ ਨੂੰ ਜਬਰੀ ਉਠਾਇਆ ਗਿਆ ਹੈ ਅਤੇ ਉਹਨਾਂ ਦੇ ਇੱਕ ਹਜ਼ਾਰ ਦੇ ਕਰੀਬ ਸਾਥੀਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ ਪ੍ਰੰਤੂ ਪੁਲੀਸ ਕਿਸਾਨਾਂ ਦੇ ਸੰਘਰਸ਼ ਨੂੰ ਦਬਾ ਨਹੀਂ ਸਕੇਗੀ ਅਤੇ ਭਲਕੇ 20 ਸਤੰਬਰ ਨੂੰ ਪੰਜਾਬ ਤੋਂ ਵੱਡੀ ਗਿਣਤੀ ਕਿਸਾਨ ਸਾਥੀ ਇੱਥੇ ਨਵੇਂ ਸਿਰੇ ਤੋਂ ਧਰਨਾ ਲਾਉਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ