ਮੁਹਾਲੀ ਪੁਲੀਸ ਨੇ ਧੁੰਦ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਠੱਲ੍ਹ ਪਾਉਣ ਦਾ ਬੀੜਾ ਚੁੱਕਿਆ, ਰਿਫ਼ਲੈਕਟਰ ਵੰਡੇ

ਧੁੰਦ ਦੇ ਦਿਨਾਂ ਵਿੱਚ ਵਾਹਨ ਚਾਲਕਾਂ ਨੂੰ ਸਾਵਧਾਨੀ ਨਾਲ ਡਰਾਈਵਿੰਗ ਕਰਨ ਲਈ ਦਿੱਤੇ ਸੁਝਾਅ

ਵਾਹਨ ਚਾਲਕਾਂ ਨੂੰ ਸੰਘਣੀ ਧੁੰਦ ਦੌਰਾਨ ਵਾਹਨ ਚਲਾਉਣ ਤੋਂ ਗੁਰੇਜ਼ ਕਰਨ ਦੀ ਅਪੀਲ

ਨਬਜ਼-ਏ-ਪੰਜਾਬ, ਮੁਹਾਲੀ, 13 ਦਸੰਬਰ:
ਮੁਹਾਲੀ ਪੁਲੀਸ ਨੇ ਧੁੰਦ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਦਾ ਬੀੜਾ ਚੁੱਕਿਆ ਹੈ। ਐੱਸਐੱਸਪੀ ਸੰਦੀਪ ਗਰਗ ਨੇ ਬੁੱਧਵਾਰ ਨੂੰ ਧੁੰਦ ਦੇ ਦਿਨਾਂ ਦੌਰਾਨ ਸੁਰੱਖਿਅਤ ਡਰਾਈਵਿੰਗ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਸੰਘਣੀ ਧੁੰਦ ਦੇ ਦਿਨਾਂ ਵਿੱਚ ਵਾਹਨ ਚਲਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ। ਐੱਸਐੱਸਪੀ ਨੇ ਅੱਜ ਗੋਦਰੇਜ ਐਪਲਾਇਜ ਮੁਹਾਲੀ ਦੀ ਪਾਰਕਿੰਗ ਵਿੱਚ ਵਪਾਰਕ ਹਲਕੇ ਅਤੇ ਭਾਰੀ ਵਾਹਨਾਂ ’ਤੇ ਰਿਫ਼ਲੈਕਟਰ ਲਗਾਏ ਅਤੇ ਵਾਹਨ ਚਾਲਕਾਂ ਨੂੰ ਵੰਡੇ। ਉਨ੍ਹਾਂ ਕਿਹਾ ਕਿ ਜ਼ਿੰਦਗੀ ਬਹੁਤ ਕੀਮਤੀ ਹੈ ਕਿਉਂਕਿ ਉਹ ਆਪਣੇ ਪਰਿਵਾਰ ਦੇ ਇੱਕੋ ਇੱਕ ਰੋਜ਼ੀ ਰੋਟੀ ਕਮਾਉਣ ਵਾਲੇ ਹਨ। ਇਸ ਲਈ ਆਮ ਤੌਰ ’ਤੇ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਧੁੰਦ ਦੇ ਦਿਨਾਂ ਦੌਰਾਨ ਸੁਰੱਖਿਅਤ ਡਰਾਈਵਿੰਗ ਲਈ ਸਮੇਂ-ਸਮੇਂ ’ਤੇ ਜਾਰੀ ਸਲਾਹ ਅਤੇ ਸੁਝਾਅ ਉੱਤੇ ਲਾਜ਼ਮੀ ਧਿਆਨ ਦੇਣਾ ਚਾਹੀਦਾ ਹੈ।
ਐੱਸਐੱਸਪੀ ਗਰਗ ਨੇ ਦੱਸਿਆ ਕਿ ਆਵਾਜਾਈ ਸੁਰੱਖਿਆ ਦੇ ਉਦੇਸ਼ਾਂ ਲਈ ਡਰਾਈਵਰਾਂ ਨੂੰ ਕੁੱਲ 1000 ਰਿਫ਼ਲੈਕਟਰ ਵੰਡੇ ਜਾਣਗੇ। ਉਨ੍ਹਾਂ ਟਰੱਕਾਂ ਵਾਲਿਆਂ ਅਤੇ ਹੋਰ ਵਾਹਨ ਚਾਲਕਾਂ ਨੂੰ ਘੱਟ (ਨੀਵੇਂ) ਬੀਮ ਵਾਲੀਆਂ ਹੈੱਡਲਾਈਟਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਕਿਉਂਕਿ ਉੱਚੀਆਂ ਬੀਮ ਧੁੰਦ ਵਿੱਚ ਨਮੀ ਦੀਆਂ ਬੂੰਦਾਂ ਨੂੰ ਦਰਸਾਉਂਦੀਆਂ ਹਨ, ਜਿਸ ਨਾਲ ਦੇਖਣਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਧੁੰਦ ਬਹੁਤ ਸੰਘਣੀ ਹੈ ਤਾਂ ਕਿਸੇ ਸੁਰੱਖਿਅਤ ਪਾਰਕਿੰਗ ਏਰੀਏ ਵਿੱਚ ਸੜਕ ਤੋਂ ਵਾਹਨ ਹਟਾ ਕੇ ਇੰਤਜ਼ਾਰ ਕੀਤਾ ਜਾਵੇ। ਇਸੇ ਤਰ੍ਹਾਂ, ਵਾਹਨ ਚਾਲਕਾਂ ਨੂੰ ਸੜਕ ਦੇ ਲਗਾਤਾਰ ਆਵਾਜਾਈ ਵਾਲੇ ਹਿੱਸੇ ’ਤੇ ਰੁਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਉਹ ਵਾਹਨਾਂ ਦੀ ਲੜੀਵਾਰ ਟੱਕਰ ਵਿੱਚ ਪਹਿਲੀ ਕੜੀ ਬਣ ਸਕਦੇ ਹਨ। ਉਨ੍ਹਾਂ ਡਰਾਈਵਰਾਂ ਨੂੰ ਸਲਾਹ ਦਿੱਤੀ ਕਿ ਉਹ ਅਚਾਨਕ ਰਫ਼ਤਾਰ ਤੇਜ਼ ਕਰਨ ਅਤੇ ਸੜਕ ਤੇ ਹੌਲੀ ਚੱਲਣ ਵਾਲੇ ਵਾਹਨਾਂ ਨੂੰ ਤੇਜ਼ ਰਫ਼ਤਾਰ ਨਾਲ ਉਲੰਘਣ ਤੋਂ ਵੀ ਗੁਰੇਜ਼ ਕਰਨ।
ਡਾ. ਗਰਗ ਨੇ ਸੁਰੱਖਿਅਤ ਢੰਗ ਨਾਲ ਬਰੇਕ ਲਗਾਉਣ ਲਈ ਅੱਗੇ ਜਾ ਰਹੇ ਵਾਹਨ ਤੋਂ ਲੋੜੀਂਦੀ ਦੂਰੀ ਬਣਾਈ ਰੱਖਣ ਲਈ ਵੀ ਕਿਹਾ। ਇਸੇ ਤਰ੍ਹਾਂ, ਆਪਣੇ ਵਾਹਨ ਵਿੱਚ ਧਿਆਨ ਭਟਕਣ ਨੂੰ ਘਟਾਉਣ ਲਈ-ਆਪਣੇ ਮੋਬਾਈਲ ਫੋਨ ਅਤੇ ਵਾਹਨ ’ਤੇ ਚੱਲ ਰਹੇ ਸੰਗੀਤ ਬੰਦ ਰੱਖ ਕੇ ਆਪਣਾ ਪੂਰਾ ਧਿਆਨ ਸੜਕ ’ਤੇ ਦਿੱਤਾ ਜਾਵੇ। ਵਾਹਨ ਦੀਆਂ ਖਿੜਕੀਆਂ ਅਤੇ ਸ਼ੀਸ਼ੇ ਸਾਫ਼ ਰੱਖੇ ਜਾਣ ਅਤੇ ਸੜਕ ਤੇ ਵੱਧ ਤੋਂ ਵੱਧ ਦੇਖਣ ਲਈ ਆਪਣੇ ਡੀਫ੍ਰੋਸਟਰ ਅਤੇ ਵਾਈਪਰ ਦੀ ਰੈਗੂਲਰ ਵਰਤੋਂ ਕੀਤੀ ਜਾਵੇ।
ਉਨ੍ਹਾਂ ਗੋਦਰੇਜ ਐਪਲਾਇੰਜ਼ ਦੇ ਜਨਰਲ ਮੈਨੇਜਰ ਪ੍ਰਿਤਪਾਲ ਸਿੰਘ, ਲੋਕੇਸ਼ਨ ਇੰਚਾਰਜ ਮੁਰਗੇਸ਼ ਗਾਂਧੀ ਨੇ ਧੁੰਦ ਦੇ ਦਿਨਾਂ ਵਿੱਚ ਵਾਪਰਨ ਵਾਲੇ ਹਾਦਸਿਆਂ ਨੂੰ ਰੋਕਣ ਲਈ ਟਰੱਕਾਂ ਅਤੇ ਟੈਂਪੂਆਂ ਦੀ ਸੁਰੱਖਿਆ ਅਤੇ ਸਾਵਧਾਨੀ ਦੇ ਪ੍ਰਬੰਧਾਂ ਵਿੱਚ ਜ਼ਿਲ੍ਹਾ ਪੁਲੀਸ ਦਾ ਮਦਦ ਦੇਣ ਲਈ ਧੰਨਵਾਦ ਕੀਤਾ।
ਐਸਪੀ (ਟਰੈਫ਼ਿਕ ਤੇ ਉਦਯੋਗਿਕ ਸੁਰੱਖਿਆ) ਐਚਐਸ ਮਾਨ ਨੇ ਧੁੰਦ ਦੌਰਾਨ ਹਾਦਸਿਆਂ ਤੋਂ ਬਚਣ ਲਈ ਵਧੇਰੇ ਸਾਵਧਾਨੀ ਵਰਤਣ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਡਰਾਈਵਰਾਂ ਨੂੰ ਸੰਘਣੀ ਧੁੰਦ ਦੀ ਸਥਿਤੀ ਵਿੱਚ ਬਲਿੰਕਰ ਚਾਲੂ ਕਰਕੇ ਹੌਲੀ ਚੱਲਣ ਲਈ ਪ੍ਰੇਰਿਆ। ਉਨ੍ਹਾਂ ਵਾਹਨ ਦੇ ਖਰਾਬ ਹੋਣ ਦੀ ਸੂਰਤ ਵਿੱਚ ਸੜਕ ਹਾਦਸੇ ਤੋਂ ਬਚਣ ਲਈ ਵਾਹਨ ਨੂੰ ਸੜਕ ਤੋਂ ਪਾਸੇ ਕਰਨ ਅਤੇ ਬਲਿੰਕਰ ਚਾਲੂ ਰੱਖਣ ਦੀ ਅਪੀਲ ਕੀਤੀ।

Load More Related Articles
Load More By Nabaz-e-Punjab
Load More In General News

Check Also

ਮਾਲਵਿੰਦਰ ਮਾਲੀ ਕੇਸ: ਹਾਈ ਕੋਰਟ ਵਿੱਚ ਹੁਣ 28 ਨੂੰ ਹੋਵੇਗੀ ਸੁਣਵਾਈ, ਸਰਕਾਰ ਨੂੰ ਨੋਟਿਸ ਆਫ਼ ਮੋਸ਼ਨ ਜਾਰੀ

ਮਾਲਵਿੰਦਰ ਮਾਲੀ ਕੇਸ: ਹਾਈ ਕੋਰਟ ਵਿੱਚ ਹੁਣ 28 ਨੂੰ ਹੋਵੇਗੀ ਸੁਣਵਾਈ, ਸਰਕਾਰ ਨੂੰ ਨੋਟਿਸ ਆਫ਼ ਮੋਸ਼ਨ ਜਾਰੀ ਮਾ…