Share on Facebook Share on Twitter Share on Google+ Share on Pinterest Share on Linkedin ਪਹਿਲਕਦਮੀ: ਮੁਹਾਲੀ ਪੁਲੀਸ ਵੱਲੋਂ 50 ਤੋਂ ਵੱਧ ਟਰੈਵਲ ਏਜੰਟਾਂ ਤੇ ਇਮੀਗ੍ਰੇਸ਼ਨ ਕੰਪਨੀਆਂ ਦੇ ਦਫ਼ਤਰਾਂ ’ਚ ਛਾਪੇਮਾਰੀ ਪੁਲੀਸ ਨੇ ਟਰੈਵਲ ਏਜੰਟਾਂ ਅਤੇ ਇਮੀਗ੍ਰੇਸ਼ਨ ਕੰਪਨੀਆਂ ਦੇ ਰਿਕਾਰਡ ਦੀ ਜਾਂਚ ਪੜਤਾਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਪਰੈਲ: ਮੁਹਾਲੀ ਪੁਲੀਸ ਨੇ ਟਰੈਵਲ ਏਜੰਟਾਂ ਅਤੇ ਇਮੀਗ੍ਰੇਸ਼ਨ ਕੰਪਨੀਆਂ ’ਤੇ ਕਾਨੂੰਨੀ ਸ਼ਿਕੰਜਾ ਕਸਦਿਆਂ ਅੱਜ ਵੱਡੀ ਗਿਣਤੀ ਵਿੱਚ ਕੰਪਨੀਆਂ ਦੇ ਦਫ਼ਤਰਾਂ ਵਿੱਚ ਛਾਪੇਮਾਰੀ ਕਰਕੇ ਲਾਇਸੈਂਸ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਪੜਤਾਲ ਕੀਤੀ। ਪਤਾ ਲੱਗਾ ਹੈ ਕਿ ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟਾਂ ਦੇ ਖ਼ਿਲਾਫ਼ ਐਸਐਸਪੀ ਹਰਚਰਨ ਸਿੰਘ ਭੁੱਲਰ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਮਿਲੀ ਜਾਣਕਾਰੀ ਅਨੁਸਾਰ ਪੁਲੀਸ ਨੇ ਕਰੀਬ 50 ਟਰੈਵਲ ਏਜੰਟਾਂ ਅਤੇ ਇਮੀਗਰੇਸ਼ਨ ਕੰਪਨੀਆਂ ਦੇ ਰਿਕਾਰਡ ਦੀ ਜਾਂਚ-ਪੜਤਾਲ ਕੀਤੀ। ਅੱਜ ਸ਼ਾਮੀ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਜਾਰੀ ਬਿਆਨ ਵਿੱਚ ਦੱਸਿਆ ਕਿ ਪੁਲੀਸ ਵੱਲੋਂ ਅੱਜ 20 ਡੀਐਸਪੀਜ਼ ਦੀਆਂ ਨਿਗਰਾਨੀ ਵਾਲੀਆਂ ਵੱਖ-ਵੱਖ ਟੀਮਾਂ ਨੇ 50 ਇਮੀਗਰੇਸ਼ਨ ਕੰਪਨੀਆਂ ਦੇ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕਰਕੇ ਰਿਕਾਰਡ ਦੀ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਬਾਅਦ ਕਸੂਰਵਾਰ ਕੰਪਨੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਮੀਗਰੇਸ਼ਨ ਕੰਪਨੀਆਂ ਵੱਲੋਂ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਸੈਟਲ ਕਰਨ ਦੀ ਆੜ ਵਿੱਚ ਮੋਟੀਆਂ ਰਕਮਾਂ ਲੈ ਕੇ ਭੋਲੇ-ਭਾਲੇ ਲੋਕਾਂ ਨਾਲ ਧੋਖਾਧੜੀ ਕਰਨ ਬਾਰੇ ਰੋਜ਼ਾਨਾ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ। ਇਹ ਗੱਲ ਵੀ ਨੋਟਿਸ ਵਿੱਚ ਆਈ ਸੀ ਕਿ ਕੁਝ ਕੰਪਨੀਆਂ ਕੋਲ ਨਿਯਮਾਂ ਮੁਤਾਬਕ ਟਰੈਵਲ ਏਜੰਟ ਦਾ ਲਾਇਸੈਂਸ ਵੀ ਨਹੀਂ ਹੈ, ਜੋ ਕਿਰਾਏ ਦੀਆਂ ਇਮਾਰਤਾਂ ਵਿੱਚ ਦਫ਼ਤਰ ਖੋਲ੍ਹ ਲੈਂਦੇ ਹਨ ਅਤੇ ਲੋਕਾਂ ਨਾਲ ਠੱਗੀ ਮਾਰ ਕੇ ਫਰਾਰ ਹੋ ਜਾਂਦੇ ਹਨ। ਐਸਐਸਪੀ ਨੇ ਕਿਹਾ ਕਿ ਇਮੀਗਰੇਸ਼ਨ ਧੋਖਾਧੜੀ ਦੀ ਰੋਕਥਾਮ ਅਤੇ ਕਾਨੂੰਨ ਅਤੇ ਨਿਯਮਾਂ ਨੂੰ ਅਸਰਦਾਰ ਤਰੀਕੇ ਨਾਲ ਲਾਗੂ ਕਰਵਾਉਣ ਬਾਬਤ ਪੰਜਾਬ ਸਰਕਾਰ ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੋਈ ਹੈ। ਜਿਸ ਤਹਿਤ ਪੁਲੀਸ ਵੱਲੋਂ ਕਾਰਵਾਈ ਕਰਦਿਆਂ ਇਹ ਚੈਕਿੰਗ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਜੇਕਰ ਕੋਈ ਬਿਨਾਂ ਲਾਇਸੈਂਸ ਤੋਂ ਟਰੈਵਲ ਏਜੰਟ ਦਾ ਕਾਰੋਬਾਰ ਕਰਦਾ ਪਾਇਆ ਗਿਆ ਤਾਂ ਸਬੰਧਤ ਦੇ ਖ਼ਿਲਾਫ਼ ਕਾਨੂੰਨ ਮੁਤਾਬਕ ਕੇਸ ਦਰਜ ਕੀਤਾ ਜਾਵੇਗਾ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਈ ਟਰੈਵਲ ਏਜੰਟ ਇਮਾਰਤ ਕਿਰਾਏ ’ਤੇ ਲੈ ਕੇ ਇਹ ਕਾਰੋਬਾਰ ਸ਼ੁਰੂ ਕਰ ਦਿੰਦੇ ਹਨ ਅਤੇ ਨੌਜਵਾਨਾਂ ਪਾਸੋਂ ਵਿਦੇਸ਼ ਭੇਜਣ ਦੇ ਬਹਾਨੇ ਮੋਟੀਆਂ ਰਕਮਾਂ ਲੈ ਲੈਂਦੇ ਹਨ ਪਰ ਨਾ ਤਾਂ ਨੌਜਵਾਨਾਂ ਨੂੰ ਵਿਦੇਸ਼ ਭੇਜਿਆ ਜਾਂਦਾ ਹੈ ਅਤੇ ਨਾ ਉਨ੍ਹਾਂ ਦੇ ਪੈਸੇ ਵਾਪਸ ਕਰਦੇ ਹਨ। ਜਦੋਂ ਠੱਗੀ ਦਾ ਸ਼ਿਕਾਰ ਹੋਏ ਪੀੜਤ ਵਿਅਕਤੀ ਧੋਖੇਬਾਜ਼ਾਂ ਵਿਰੁੱਧ ਪੁਲੀਸ ਕੋਲ ਸ਼ਿਕਾਇਤ ਕਰਦੇ ਹਨ ਤਾਂ ਟਰੈਵਲ ਏਜੰਟ ਸ਼ਿਕਾਇਤ ਕਰਨ ਵਾਲੇ ਨੌਜਵਾਨਾਂ ਨੂੰ ਕੁਝ ਪੈਸੇ ਵਾਪਸ ਕਰ ਕੇ ਉੱਥੋਂ ਆਪਣਾ ਦਫ਼ਤਰ ਬੰਦ ਕਰ ਕੇ ਹੋਰ ਦੂਜੀ ਥਾਂ ਜਾਂਦੇ ਹਨ। ਜਦੋਂ ਅਜਿਹੇ ਟਰੈਵਲ ਏਜੰਟਾਂ ਨੂੰ ਲੱਭਣ ਲਈ ਉਨ੍ਹਾਂ ਦੇ ਦਫ਼ਤਰ ਦੀ ਇਮਾਰਤ ਦੇ ਮਾਲਕ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਮਾਲਕ ਵੱਲੋਂ ਨਾ ਤਾਂ ਅਜਿਹੇ ਕਿਰਾਏਦਾਰ ਸਬੰਧੀ ਸਬੰਧਤ ਥਾਣੇ ਵਿੱਚ ਸੂਚਨਾ ਦਰਜ ਕਰਵਾਈ ਹੁੰਦੀ ਹੈ ਅਤੇ ਨਾ ਮਾਲਕ ਕੋਲ ਉਨ੍ਹਾਂ ਦਾ ਮੁਕੰਮਲ ਸਿਰਨਾਵਾਂ/ਦਸਤਾਵੇਜ਼ ਰੱਖੇ ਹੁੰਦੇ ਹਨ। ਜਿਸ ਕਰ ਕੇ ਬਿਨਾਂ ਲਾਇਸੈਂਸ ਤੋਂ ਇਮੀਗਰੇਸ਼ਨ ਦਾ ਕਾਰੋਬਾਰ ਕਰਨ ਵਾਲੇ ਏਜੰਟਾਂ ਨੂੰ ਲੱਭਣਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਮਾਰਤ ਮਾਲਕਾਂ, ਜਿਨ੍ਹਾਂ ਨੇ ਇਮੀਗਰੇਸ਼ਨ ਕੰਪਨੀ ਦਾ ਦਫ਼ਤਰ ਆਪਣੀ ਬਿਲਡਿੰਗ ਵਿੱਚ ਖੁਲ੍ਹਵਾ ਕੇ ਉਸ ਸਬੰਧੀ ਥਾਣੇ ਵਿੱਚ ਸੂਚਨਾ ਨਹੀ ਦਿੱਤੀ ਹੋਵੇਗੀ ਅਤੇ ਉਸ ਦੀ ਵੈਰੀਫਿਕੇਸ਼ਨ ਨਾ ਕਰਵਾਈ ਹੋਵੇ, ਉਸ ਵਿਰੁੱਧ ਆਈਪੀਸੀ ਦੀ ਧਾਰਾ 188 ਅਧੀਨ ਕੇਸ ਦਰਜ ਕੀਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ