ਮੁਹਾਲੀ ਪੁਲੀਸ ਦੇ ਮੁਲਾਜ਼ਮਾਂ ਨੇ ਕਲੋਨੀਆਂ ਵਿੱਚ ਘਰ-ਘਰ ਲੋੜਵੰਦਾਂ ਨੂੰ ਖਾਣਾ ਪਰੋਸਿਆ

ਜ਼ਿਲ੍ਹਾ ਪ੍ਰਸ਼ਾਸਨ ਨੇ 3 ਦਿਨਾਂ ਵਿੱਚ 2200 ਕੁਇੰਟਲ ਕਣਕ ਵੰਡੀ: ਗਿਰੀਸ਼ ਦਿਆਲਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਾਰਚ:
ਕਰੋਨਾਵਾਇਰਸ ਕਾਰਨ ਕਰਫਿਊ ਦੇ ਚੱਲਦਿਆਂ ਜਿੱਥੇ ਪੰਜਾਬ ਸਰਕਾਰ ਅਤੇ ਗੁਰੂ ਨਾਨਕ ਲੇਵਾ ਸਾਧ ਸੰਗਤ ਮਜ਼ਦੂਰਾਂ ਨੂੰ ਭੁੱਖ ਮਰੀ ਤੋਂ ਬਚਾਉਣ ਲਈ ਘਰ-ਘਰ ਜਾ ਕੇ ਲੰਗਰ ਤੇ ਹੋਰ ਜ਼ਰੂਰੀ ਸਮਾਨ ਪਹੁੰਚਾ ਰਹੀ ਹੈ। ਉੱਥੇ ਪੰਜਾਬ ਪੁਲੀਸ ਵੀ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ 24 ਘੰਟੇ ਡਿਊਟੀ ਨਿਭਾਉਣ ਦੇ ਨਾਲ-ਨਾਲ ਲੋੜਵੰਦਾਂ ਪਰਿਵਾਰਾਂ ਨੂੰ ਦੋ ਵਕਤ ਦੀ ਰੋਟੀ ਵੀ ਮੁਹੱਈਆ ਕਰਵਾ ਰਹੇ ਹਨ। ਜਿਸ ਦੀ ਚੁਫੇਰਿਓਂ ਸ਼ਲਾਘਾ ਕੀਤੀ ਜਾ ਰਹੀ ਹੈ। ਮੁਹਾਲੀ ਦੀ ਏਐਸਪੀ ਅਸ਼ਵਨੀ ਗੋਟਿਆਲ ਦੇ ਨਾਲ ਥਾਣਾ ਫੇਜ਼-1 ਦੇ ਐਸਐਚਓ ਮਨਫੂਲ ਸਿੰਘ ਅਤੇ ਸਨਅਤੀ ਏਰੀਆ ਪੁਲੀਸ ਚੌਕੀ ਦੇ ਇੰਚਾਰਜ ਬਲਜਿੰਦਰ ਸਿੰਘ ਮੰਡ ਨੇ ਅੱਜ ਇੱਥੋਂ ਦੇ ਫੇਜ਼-6 ਸਥਿਤ ਬਾਲਮੀਕ ਕਲੋਨੀ, ਸ਼ਹੀਦ ਊਧਮ ਸਿੰਘ ਕਲੋਨੀ ਸਮੇਤ ਹੋਰਨਾਂ ਪ੍ਰਵਾਸੀ ਮਜ਼ਦੂਰਾਂ ਦੀਆਂ ਕਲੋਨੀਆਂ ਵਿੱਚ ਜਾ ਕੇ ਘਰਘਰ ਲੋੜਵੰਦ ਵਿਅਕਤੀਆਂ ਨੂੰ ਸੁੱਕਾ ਰਾਸ਼ਨ ਅਤੇ ਪਕਾਇਆ ਖਾਣਾ ਪਰੋਸਿਆ ਗਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਖਾਣਾ ਅਤੇ ਰਾਸ਼ਨ ਵੰਡਣ ਦਾ ਸਿਲਸਿਲਾ ਜਾਰੀ ਰਹੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਕੰਮ ਕਰਨ ਵਾਲੇ ਦਿਹਾੜੀਦਾਰ ਕਰਮਚਾਰੀ ਯੂਨੀਅਨ ਵੱਲੋਂ ਲੰਗਰ ਤਿਆਰ ਕਰਕੇ ਅੱਜ ਬੜਮਾਜਰਾ ਕਲੋਨੀ ਵਿੱਚ ਲੋੜਵੰਦਾਂ ਨੂੰ ਘਰ-ਘਰ ਮੁਹੱਈਆ ਕਰਵਾਇਆ। ਇੰਜ ਹੀ ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਤੇ ਹੋਰ ਵਾਸੀਆਂ ਨੇ ਧਰਮਸ਼ਾਲਾ ਵਿੱਚ ਲੰਗਰ ਤਿਆਰ ਕਰਕੇ ਪੀਜੀ ਨੌਜਵਾਨਾਂ ਅਤੇ ਕਿਰਾਏ ਦੇ ਮਕਾਨਾਂ ਵਿੱਚ ਰਹਿੰਦੇ ਵਿਅਕਤੀਆਂ ਨੂੰ ਵੰਡਿਆਂ ਗਿਆ। ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ, ਇਤਿਹਾਸਕ ਗੁਰਦੁਆਰਾ ਅੰਬ ਸਾਹਿਬ, ਗੁਰਦੁਆਰਾ ਸਿੰਘ ਸਭਾ ਸੈਕਟਰ-70, ਗੁਰਦੁਆਰਾ ਕਲਗੀਧਰ ਸਾਹਿਬ ਫੇਜ਼-4 ਦੇ ਪ੍ਰਬੰਧਕਾਂ ਵੱਲੋਂ ਵੀ ਖਾਣਾ ਤਿਆਰ ਕਰਕੇ ਲੋੜਵੰਦਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ।
(ਬਾਕਸ ਆਈਟਮ)
ਜ਼ਿਲ੍ਹਾ ਪ੍ਰਸ਼ਾਸਨ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਰਾਸ਼ਟਰੀ ਖ਼ੁਰਾਕ ਸੁਰੱਖਿਆ ਐਕਟ-2013 ਅਧੀਨ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਸਮਾਰਟ ਰਾਸ਼ਨ ਕਾਰਡ ਸਕੀਮ ਦੇ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਵਿੱਚ ਸਰਗਰਮੀ ਨਾਲ ਜੁੜਿਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਪਿਛਲੇ 3 ਦਿਨਾਂ ਦੌਰਾਨ ਮੁਹਾਲੀ ਸਮੇਤ ਖਰੜ, ਬਨੂੜ, ਡੇਰਾਬੱਸੀ, ਭਬਾਤ, ਮਾਜਰੀ, ਮੁੱਲਾਂਪੁਰ ਗਰੀਬਦਾਸ, ਭਾਗੋਮਾਜਰਾ, ਲਾਲੜੂ ਅਤੇ ਕੁਰਾਲੀ ਵਿੱਚ ਸਥਿਤ ਵੰਡ ਕੇਂਦਰਾਂ ਰਾਹੀਂ 2200 ਕੁਇੰਟਲ ਕਣਕ ਵੰਡੀ ਗਈ ਹੈ। ਡੀਸੀ ਨੇ ਦੱਸਿਆ ਕਿ ਅੰਤੋਦਿਆ ਅੰਨ ਯੋਜਨਾ ਅਧੀਨ ਆਉਣ ਵਾਲੇ ਪਰਿਵਾਰਾਂ ਨੂੰ ਪ੍ਰਤੀ ਕਾਰਡ ਪ੍ਰਤੀ ਮਹੀਨਾ 35 ਕਿੱਲੋਗਰਾਮ ਕਣਕ ਮੁਹੱਈਆ ਕਰਵਾਈ ਜਾ ਰਹੀ ਹੈ ਜਦਕਿ ਪਹਿਲ ਦੇ ਖੇਤਰਾਂ ਵਿੱਚ ਪ੍ਰਤੀ ਵਿਅਕਤੀ 5 ਕਿੱਲੋ ਕਣਕ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਇਕੱਠੀ ਛੇ ਮਹੀਨਿਆਂ ਲਈ ਮੁਹੱਈਆ ਕਰਵਾਈ ਜਾ ਰਹੀ ਹੈ। ਡੀਸੀ ਨੇ ਕਿਹਾ ਕਿ ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲਰ (ਡੀਐਫਐਸਸੀ) ਨੂੰ ਵੰਡ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ ਅਤੇ ਛੇਤੀ ਹੀ ਸਾਰੇ ਲਾਭਪਾਤਰੀਆਂ ਨੂੰ ਕਵਰ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …